ਵਿਸ਼ਵ ਸਾਹਿਤ ਪਾਠਕ ਨੂੰ ਵਿਸ਼ਵਵਿਆਪੀ ਨਾਗਰਿਕ ਬਣਾਉਂਦਾ ਹੈ- ਜੰਗ ਬਹਾਦਰ ਗੋਇਲ
ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 11 ਸਤੰਬਰ:
ਦੁਨੀਆ ਦੀ ਕੋਈ ਅਜਿਹੀ ਭਾਸ਼ਾ ਨਹੀਂ ਹੈ, ਜਿਸ ਨੂੰ ਸਾਰੀ ਦੁਨੀਆ ਪੜ੍ਹ, ਲਿਖ ਤੇ ਬੋਲ ਸਕਦਾ ਹੋਵੇ, ਪ੍ਰੰਤੂ ਦੁਨੀਆ ਭਰ ਦੀਆਂ ਸ਼ਾਹਕਾਰ ਰਚਨਾਵਾਂ ਅਨੁਵਾਦ ਜ਼ਰੀਏ ਹੀ ਸੰਸਾਰ ਦੇ ਕੋਨੇ-ਕੋਨੇ ’ਚ ਪਹੁੰਚ ਸਕਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਅਨੁਵਾਦਕ ਤੇ ਲੇਖਕ ਜੰਗ ਬਹਾਦਰ ਗੋਇਲ ਨੇ ਮੁੱਖ ਵਕਤਾ ਵਜੋਂ ਇੱਥੇ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਸਾਹਿਤ ਅਕਾਦਮੀ ਦਿੱਲੀ ਵੱਲੋਂ ‘ਵਿਸ਼ਵ ਸਾਹਿਤ ਦੀ ਪ੍ਰਸੰਗਿਕਤਾ’ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਦੌਰਾਨ ਕੀਤਾ। ਉੱਘੇ ਨਾਵਲਕਾਰ ਤੇ ਗਜ਼ਲਗੋ ਬੂਟਾ ਸਿੰਘ ਚੌਹਾਨ ਦੀ ਅਗਵਾਈ ’ਚ ਕਰਵਾਏ ਗਏ ਇਸ ਸੈਮੀਨਾਰ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਕੀਤੀ ਅਤੇ ਉੱਘੇ ਆਲੋਚਕ ਡਾ. ਲਾਭ ਸਿੰਘ ਖੀਵਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।


ਸ੍ਰੀ ਜੰਗ ਬਹਾਦਰ ਗੋਇਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਵਿਸ਼ਵ ਸਾਹਿਤ ਪਾਠਕ ਨੂੰ ਵਿਸ਼ਵਵਿਆਪੀ ਨਾਗਰਿਕ ਬਣਾਉਂਦਾ ਹੈ ਕਿਉਂਕਿ ਇਹ ਸਾਹਿਤ ਪਾਠਕ ਨੂੰ ਦੁਨੀਆ ਦੇ ਹਰ ਕੋਨੇ ਦੇ ਸੱਭਿਆਚਾਰ, ਸੰਸਕ੍ਰਿਤੀ ਤੇ ਵਾਤਾਵਰਣ ਬਾਰੇ ਜਾਣੂ ਕਰਵਾਉਂਦਾ ਹੈ। ਵਿਸ਼ਵ ਸਾਹਿਤ ਇੱਕ ਅਜਿਹਾ ਮੰਚ ਹੈ ਜੋ ਜੋ ਸਭ ਧਰਮਾਂ, ਵਰਗਾਂ ਤੇ ਵਿਚਾਰਧਾਰਾਵਾਂ ਤੋਂ ਪਾਰ ਜਾ ਕੇ ਸਾਂਝੀ ਮਾਨਵੀ ਸੋਚ ਉਤਪੰਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਹਿਤ ਸਮਾਂਤਰ ਸੰਸਾਰ ਸਿਰਜਦਾ ਹੈ। ਸਾਹਿਤ ਦੇ ਪਾਤਰ ਹਮੇਸ਼ਾ ਹੀ ਮਨੁੱਖ ਦੇ ਸੰਗ ਰਹਿੰਦੇ ਹਨ ਅਤੇ ਉਸ ਨੂੰ ਜੀਵਨ ਦੀਆਂ ਔਖੀਆਂ ਘਾਟੀਆਂ ’ਚੋਂ ਨਿਕਲਣ ਲਈ ਉਤਸ਼ਾਹਿਤ ਕਰਦੇ ਹਨ। ਇਸੇ ਕਰਕੇ ਵਿਸ਼ਵ ਸਾਹਿਤ ਪੂਰੀ ਦੁਨੀਆ ਦੀ ਧਰੋਹਰ ਮੰਨਿਆ ਜਾਂਦਾ ਹੈ। ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਇਤਿਹਾਸ ਦੇ ਬਹੁਤ ਸਾਰੇ ਅਜਿਹੇ ਸਾਕੇ ਹਨ, ਜਿਨ੍ਹਾਂ ਬਾਰੇ ਅਸੀਂ ਪੰਜਾਬੀ ’ਚ ਕੋਈ ਸ਼ਾਹਕਾਰ ਰਚਨਾ ਨਹੀਂ ਲਿਖ ਸਕੇ। ਉਨ੍ਹਾਂ ਕਿਹਾ ਕਿ ਇਤਿਹਾਸ ਲੋਕਾਂ ਨਾਲ ਬੇਇਨਸਾਫੀ ਕਰ ਸਕਦਾ ਹੈ ਪਰ ਸਾਹਿਤ ਹਮੇਸ਼ਾ ਇਨਸਾਫ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਇੱਕ ਵਿਅਕਤੀਗਤ ਘਾਲਣਾ ਹੈ।
ਇਸ ਮੌਕੇ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਅਨੁਵਾਦ ਇੱਕ ਜਹਾਜ਼ ਹੈ ਜੋ ਪਾਠਕ ਨੂੰ ਦੁਨੀਆ ਦੇ ਹਰ ਕੋਨੇ ’ਚ ਪਹੁੰਚਾ ਦਿੰਦਾ ਹੈ। ਉਨ੍ਹਾਂ ਕਿਹਾ ਆਪਣਾ ਸਾਹਿਤ ਪੜ੍ਹਨਾ ਹੋਰ ਗੱਲ ਹੈ ਪਰ ਵਿਦੇਸ਼ੀ ਸਾਹਿਤ ਪੜ੍ਹਕੇ ਸਾਡਾ ਘੇਰਾ ਬਹੁਤ ਵਿਸ਼ਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਹਰ ਸ਼ਾਹਕਾਰ ਰਚਨਾ ਅਨੁਵਾਦ ਹੋ ਕੇ ਹੋਰਨਾਂ ਭਾਸ਼ਾਵਾਂ ’ਚ ਛਪੇ। ਉਨ੍ਹਾਂ ਭਾਸ਼ਾ ਵਿਭਾਗ ਅਤੇ ਜੰਗ ਬਹਾਦਰ ਗੋਇਲ ਵੱਲੋਂ ਅਨੁਵਾਦ ਦੇ ਖੇਤਰ ’ਚ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ’ਚ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਸ੍ਰੀ ਜੰਗ ਬਹਾਦਰ ਗੋਇਲ ਨੇ ਅਨੁਵਾਦ ਦੇ ਕਾਰਜ ਦੌਰਾਨ ਭਾਸ਼ਾ ਨੂੰ ਸਰਲਤਾ ਪ੍ਰਦਾਨ ਕੀਤੀ ਹੈ, ਜਿਸ ਕਾਰਨ ਹੀ ਉਨ੍ਹਾਂ ਦੁਆਰਾ ਅਨੁਵਾਦ ਕੀਤਾ ਵਿਸ਼ਵ ਸਾਹਿਤ ਮਕਬੂਲ ਹੋਇਆ ਹੈ। ਉਨ੍ਹਾਂ ਕਿਹਾ ਸਾਹਿਤਕਾਰ ਭਾਸ਼ਾ ਦਾ ਵਰਤੋਂਕਾਰ ਹੁੰਦਾ ਹੈ ਅਤੇ ਅਨੁਵਾਦਕ ਦੋ ਭਾਸ਼ਾਵਾਂ ਦਾ ਸੇਵਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਖਿੱਤੇ ’ਚ ਵੀ ਵਿਸ਼ਵ ਪੱਧਰੀ ਸਾਹਿਤ ਰਚਿਆ ਗਿਆ ਹੈ ਪਰ ਅਸੀਂ ਉਸ ਨੂੰ ਧਾਰਮਿਕ ਤੇ ਹੋਰਨਾਂ ਬੰਦਸ਼ਾਂ ’ਚ ਬੰਨ੍ਹਕੇ, ਇਸ ਨੂੰ ਆਪਣੇ ਤੱਕ ਸੀਮਤ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਾਹਿਤ ’ਚ ਤਾਰੀਕਾਂ, ਸਥਾਨ ਤੇ ਨਾਮ ਗਲਤ ਹੋ ਸਕਦੇ ਹਨ ਪਰ ਸਾਹਿਤ ’ਚ ਦਰਜ ਸਚਾਈਆਂ ਨੂੰ ਝੁਠਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਡਾ. ਲਕਸ਼ਮੀ ਨਰਾਇਣ ਭੀਖੀ, ਅਵਤਾਰਜੀਤ, ਇੰਦਰਪਾਲ ਸਿੰਘ, ਧਰਮ ਕੰਮੇਆਣਾ, ਸਾਬਕਾ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਵਿਰਕ ਨੇ ਜੰਗ ਬਹਾਦਰ ਗੋਇਲ ਨਾਲ ਸੰਵਾਦ ਰਚਾਕੇ ਸਮਾਗਮ ਨੂੰ ਬਹੁਪਰਤੀ ਬਣਾ ਦਿੱਤਾ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਵੱਲੋਂ ਕੀਤਾ ਗਿਆ। ਅਖੀਰ ਵਿੱਚ ਸਮਾਗਮ ਦੇ ਸੰਚਾਲਕ ਬੂਟਾ ਸਿੰਘ ਚੌਹਾਨ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਾਹਿਤ ਅਕਾਦਮੀ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਬਾਰੇ ਦੱਸਿਆ। ਇਸ ਮੌਕੇ ਭਾਸ਼ਾ ਵਿਭਾਗ ਦੀ ਸਹਾਇਕ ਨਿਰਦੇਸ਼ਕਾ ਜਸਪ੍ਰੀਤ ਕੌਰ, ਸੁਰਿੰਦਰ ਕੌਰ, ਖੋਜ ਅਫ਼ਸਰ ਡਾ. ਸੰਤੋਖ ਸੁੱਖੀ ਤੇ ਸੱਤਪਾਲ ਸਿੰਘ, ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਪਰਮਜੀਤ ਮਾਨ, ਲਛਮਣ ਦਾਸ, ਰਮਨ ਸੰਧੂ, ਗੁਰਚਰਨ ਪਬਰਾਲੀ, ਸ਼ਾਇਰ ਨਵਦੀਪ ਮੁੰਡੀ, ਗੋਪਾਲ ਸ਼ਰਮਾ, ਹਰਪ੍ਰੀਤ ਸੰਧੂ ਤੇ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ।
ਤਸਵੀਰਾਂ:- ਸਾਹਿਤ ਅਕਾਦਮੀ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੇ ਮੁੱਖ ਵਕਤਾ ਸ੍ਰੀ ਜੰਗ ਬਹਾਦਰ ਗੋਇਲ, ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੂੰ ਪੁਸਤਕ ਭੇਟ ਕਰਦੇ ਹੋਏ, ਨਾਲ ਹਨ ਡਾ. ਲਾਭ ਸਿੰਘ ਖੀਵਾ ਤੇ ਬੂਟਾ ਸਿੰਘ ਚੌਹਾਨ ਤੇ ਹੋਰ।

