ਚੰਡੀਗੜ੍ਹ 13 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨਿਊ ਚੰਡੀਗੜ੍ਹ ਦੇ ਪਿੰਡ ਭੜੌਜੀਆਂ ਦੇ ਨੌਜਵਾਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਕੀਰਤੀ ਚੱਕਰ ਸੈਨਾ ਮੈਡਲ ਦੀ ਦੂਜੀ ਬਰਸੀ ਪਰਿਵਾਰਕ ਮੈਂਬਰਾਂ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਈਕੋ ਸਿਟੀ ਵਨ ਨਿਊ ਚੰਡੀਗੜ੍ਹ ਦੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਪਾਰਕ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ, ਜਿਸ ਵਿੱਚ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਪੁੱਜੇ ਹੋਏ ਰਾਗੀ ਜਥੇ ਵੱਲੋਂ ਬੈਰਾਗਮਈ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ, ਰਾਜਨੀਤਕ ਪਾਰਟੀਆਂ ਦੇ ਆਗੂਆਂ, ਕਿਸਾਨ ਆਗੂਆਂ, ਸੰਤ ਸਮਾਜ, ਸਮਾਜ ਸੇਵੀ ਵੀਰਾਂ ਅਤੇ ਫੌਜ ਦੀ ਵੱਖ ਵੱਖ ਬਟਾਲੀਅਨਾਂ ਤੋਂ ਪੁੱਜੇ ਅਫਸਰ ਸਹਿਬਾਨਾਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਪੁੱਜੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਵੱਲੋਂ ਸਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੰਜਾਬ ਹੀ ਇਹੋ ਜਿਹਾ ਸੂਬਾ ਹੈ ਜਿਸ ਨੇ ਸਭ ਤੋਂ ਵੱਧ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਤੇ ਹੁਣ ਭੜੌਜੀਆਂ ਦੇ ਇਸ ਨੌਜਵਾਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੇ ਵੱਡੀ ਕੁਰਬਾਨੀ ਕਰ ਕੇ ਇਸ ਇਲਾਕੇ ਦੀ ਸ਼ਾਨ ਵਧਾਈ ਹੈ, ਜਿਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ।


ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਯਾਦ ਨੂੰ ਸਮਰਪਿਤ ਕੁਝ ਮੰਗਾਂ ਰੱਖੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਦੋ ਮੰਗਾਂ ਪਿਛਲੇ ਸਾਲ ਪਹਿਲੀ ਬਰਸੀ ਮੌਕੇ ਸਰਕਾਰ ਪੂਰੀਆਂ ਕਰ ਚੁੱਕੀ ਹੈ ਤੇ ਰਹਿੰਦੀਆਂ ਮੰਗਾਂ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਮੁੱਲਾਂਪੁਰ ਬੈਰੀਅਰ ਤੋਂ ਕੁਰਾਲੀ ਤੱਕ ਦੇ ਰੋਡ ਦਾ ਨਾਂ ਸ਼ਹੀਦ ਦੇ ਨਾਂ ਤੇ ਰੱਖਣ ਸਬੰਧੀ, ਸ਼ਹੀਦ ਦਾ ਇੱਕ ਬੁੱਤ ਈਕੋ ਸਿਟੀ ਪਾਰਕ ਜਾਂ ਚੌਕ ਵਿੱਚ ਸਥਾਪਤ ਕਰਨ ਸਬੰਧੀ ਅਤੇ ਸ਼ਹੀਦ ਦੇ ਨਾਂ ਤੇ ਨੇੜਲੇ ਪਿੰਡ ਤੋਗਾਂ ਵਿਖੇ ਸਥਿਤ ਕ੍ਰਿਕਟ ਸਟੇਡੀਅਮ ਵਿਚ ਇੱਕ ਪਵੇਲੀਅਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਨਾਮ ਤੇ ਸਥਾਪਿਤ ਕਰਨ ਦੀ ਮੰਗ ਕੀਤੀ ਗਈ ਸੀ ਜੋ ਜਲਦੀ ਹੀ ਪੂਰੀ ਹੋ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਯਾਦਵਿੰਦਰ ਸਿੰਘ ਬੰਨੀ ਕੰਗ, ਜਗਦੇਵ ਸਿੰਘ ਮਲੋਆ, ਕਾਂਗਰਸ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਡਿਪਟੀ ਕਮਿਸ਼ਨਰ ਮੈਡਮ ਕੋਮਲ, ਸੀਨੀਅਰ ਅਕਾਲੀ ਆਗੂ ਚੌਧਰੀ ਸ਼ਿਆਮ ਲਾਲ ਮਾਜਰੀਆਂ, ਬੁਲਾਰੇ ਸ਼ਮਸ਼ੇਰ ਪੁਰਖਾਲਵੀ, ਪ੍ਰਦੀਪ ਵਾਟਰ ਸਪਲਾਈ, ਜੋਗਿੰਦਰ, ਕੈਪਟਨ ਗੁਰਜੰਟ ਸਿੰਘ, ਕੈਪਟਨ ਬਹਾਦਰ ਸਿੰਘ, ਕੈਟ ਸਿਖਲਾਈ ਸੀ ਓ ਅਤੇ ਉਨ੍ਹਾਂ ਦੀ ਟੀਮ ਵੱਲੋਂ ਵੀ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਤੋਂ ਇਲਾਵਾ ਉਨ੍ਹਾਂ ਦੇ ਬਹੁਤ ਹੀ ਕਰੀਬੀ ਦੋਸਤ ਪ੍ਰਸਿੱਧ ਕ੍ਰਿਕਟਰ ਯੂਸੁਫ਼ ਪਠਾਨ ਨੇ ਵੀ ਉਨ੍ਹਾਂ ਨਾਲ ਜੁੜੇ ਅਤੇ ਉਨ੍ਹਾਂ ਨਾਲ ਬਿਤਾਏ ਪਲ ਸਾਂਝੇ ਕਰਦਿਆਂ ਸ਼ਹੀਦ ਦੀ ਯਾਦ ਨੂੰ ਤਾਜ਼ਾ ਕੀਤਾ ਅਤੇ ਕਿਹਾ ਕਿ ਇਸ ਤੋਂ ਜਾਪਦਾ ਹੈ ਕਿ ਤੁਹਾਡੇ ਇਲਾਕੇ ਦੇ ਲੋਕਾਂ ਵਿੱਚ ਵੀ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਪ੍ਰਤੀ ਕਿੰਨਾ ਅਥਾਹ ਪਿਆਰ ਹੈ ਤੇ ਰਹੇਗਾ। ਇਸ ਬਰਸੀ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਦੀ ਧਰਮਪਤਨੀ ਸ੍ਰੀਮਤੀ ਜਗਮੀਤ ਕੌਰ ਨੇ ਦੱਸਿਆ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਕੀਤੇ ਵਾਅਦੇ ਪੂਰੇ ਹੋ ਰਹੇ ਹਨ ਪਰ ਕਿਸੇ ਕਾਰਨ ਕਰਕੇ ਦੇਰੀ ਜ਼ਰੂਰ ਹੋ ਰਹੀ ਹੈ ਪਰ ਉਹ ਹੁਣ ਤੱਕ ਦੇ ਸਰਕਾਰ ਦੇ ਸਹਿਯੋਗ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਉਮੀਦ ਕਰਦੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਮੰਗਾਂ ਵਿੱਚੋਂ ਰਹਿ ਰਹੀਆਂ ਮੰਗਾਂ ਨੂੰ ਵੀ ਪੂਰਾ ਕਰ ਦਿੱਤਾ ਜਾਵੇਗਾ। ਸ੍ਰੀਮਤੀ ਜਗਜੀਤ ਕੌਰ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਬਰਸੀ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਪਿੰਡ ਭੜੌਜੀਆਂ ਦੇ ਨੌਜਵਾਨ ਸਰਪੰਚ ਤੇਜਵੀਰ ਸਿੰਘ ਤੇਜ਼ੀ, ਨੰਬਰਦਾਰ ਸਤਵਿੰਦਰ ਸਿੰਘ, ਨੰਬਰਦਾਰ ਗੁਰਿੰਦਰ ਸਿੰਘ ਅਤੇ ਚੜਦੀ ਕਲਾ ਗਰੁੱਪ ਵੱਲੋਂ ਖ਼ੂਨਦਾਨ ਕੈਂਪ ਅਤੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ।ਇਸ ਖੂਨਦਾਨ ਕੈਂਪ ਦਾ ਉਦਘਾਟਨ ਸ਼ਹੀਦ ਦੀ ਧਰਮਪਤਨੀ ਸ਼੍ਰੀਮਤੀ ਜਗਮੀਤ ਕੌਰ ਵੱਲੋਂ ਕੀਤਾ ਗਿਆ।
ਇਸ ਖੂਨਦਾਨ ਕੈਂਪ ਵਿੱਚ ਕੌਸਲ ਹਸਪਤਾਲ ਖਰੜ ਦੀ ਟੀਮ ਵੱਲੋਂ ਪੰਜਾਹ ਦੇ ਕਰੀਬ ਖੂਨ ਯੂਨਿਟ ਇਕੱਤਰ ਕੀਤਾ ਗਿਆ। ਇਸ ਤੋਂ ਇਲਾਵਾ ਬੂਟਿਆਂ ਦੇ ਲੰਗਰ ਵਿੱਚ ਤਕਰੀਬਨ ਪੰਜ ਸੌ ਬੂਟੇ ਵੰਡੇ ਗਏ। ਬੂਟੇ ਵੰਡਣ ਦੀ ਰਸਮ ਕ੍ਰਿਕਟਰ ਯੂਸੁਫ਼ ਪਠਾਣ ਅਤੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਮਾਤਾ ਸ੍ਰੀ ਮਤੀ ਮਨਜੀਤ ਕੌਰ ਵੱਲੋਂ ਕੀਤੀ ਗਈ।ਇਸ ਮੌਕੇ ਸਰਪੰਚ ਤੇਜਵੀਰ ਸਿੰਘ ਤੇਜ਼ੀ ਵੱਲੋਂ ਦੱਸਿਆ ਗਿਆ ਕਿ ਇਲਾਕੇ ਦੇ ਨੌਜਵਾਨਾਂ ਵੱਲੋਂ ਉਨ੍ਹਾਂ ਦਾ ਸਹੀਦ ਦੇ ਸ਼ਹੀਦੀ ਦਿਨ ਤੋਂ ਲੈ ਕੇ ਅੱਜ ਦੂਜੀ ਬਰਸੀ ਤੱਕ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਵੱਲੋਂ ਰਲ ਮਿਲ ਕੇ ਸ਼ਹੀਦ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਵੱਖ ਵੱਖ ਯਤਨ ਜਾਰੀ ਹਨ, ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਇੱਕ ਸਪੋਰਟਸ ਕਲੱਬ ਸਹੀਦ ਕਰਨਲ ਮਨਪ੍ਰੀਤ ਸਿੰਘ ਦੇ ਨਾਮ ਤੇ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਸ਼ਹੀਦ ਦੇ ਪਰਿਵਾਰ ਦੀਆਂ ਅਧੂਰੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਪਿੰਡ ਦੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਭੜੌਜੀਆਂ ਦਾ ਇਤਿਹਾਸ ਯਾਦ ਰਹੇ ਅਤੇ ਇਲਾਕੇ ਦੇ ਹੋਰਨਾਂ ਨੌਜਵਾਨਾਂ ਵਿਚ ਵੀ ਉਸ ਵਰਗਾ ਬਣਨ ਦਾ ਜਜ਼ਬਾ ਪੈਦਾ ਹੁੰਦਾ ਰਹੇ। ਉਨ੍ਹਾਂ ਇਲਾਕੇ ਭਰ ਤੋਂ ਆਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ 13 ਸਤੰਬਰ ਸੰਨ 2023 ਨੂੰ ਅਨੰਤ ਨਾਗ ਜੰਮੂ ਕਸ਼ਮੀਰ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਸਮੇਂ ਨੌਜਵਾਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ (ਕੀਰਤੀ ਚੱਕਰ, ਸੈਨਾ ਮੈਡਲ) ਸ਼ਹੀਦੀ ਪ੍ਰਾਪਤ ਕਰ ਗਏ ਸਨ। ਇਸ ਮੌਕੇ ਪਰਿਵਾਰਕ ਮੈਬਰਾਂ ਸਮੇ ਅਰਵਿੰਦਪੁਰੀ ਮੁੱਲਾਂਪੁਰ, ਸਰਪੰਚ ਸੰਜੀਵ ਕੁਮਾਰ ਸਿਸਵਾ ਸਮੇਤ ਹੋਰ ਇਲਾਕੇ ਦੇ ਆਗੂ ਹਾਜ਼ਰ ਸਨ।

