ਕੋਟਪਾ ਦੇ ਤਕਨੀਕੀ ਤੇ ਕਾਨੂੰਨੀ ਪੱਖਾਂ ਬਾਰੇ ਹੋਈਆਂ ਵਿਚਾਰਾਂ
ਚੰਗੀਗੜ੍ਹ 16 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਤੰਬਾਕੂ ਕੰਟਰੋਲ ਸਬੰਧੀ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਇਕ ਦਿਨਾਂ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਬਲਾਕ ਐਕਸਟੈਂਸ਼ਨ ਐਜੂਕੇਟਰ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੈਲਥ ਸੁਪਰਵਾਇਜ਼ਰਾਂ ਨੇ ਹਿੱਸਾ ਲਿਆ। ਸਿਹਤ ਵਿਭਾਗ ਵਲੋਂ ਜਨਰੇਸ਼ਨ ਸੇਵੀਅਰ ਐਸੀਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਰਕਸ਼ਾਪ ਨੂੰ ਐਡਵੋਕੇਟ ਗੁਰਪ੍ਰੀਤ ਸਿੰਘ ਅਤੇ ਐਡਵੋਕੇਟ ਗਗਨ ਨੇ ਸੰਬੋਧਨ ਕੀਤਾ, ਜਿਨ੍ਹਾਂ ਨੇ ਤੰਬਾਕੂ ਨਿਯੰਤਰਣ ਕਾਨੂੰਨ ਦੇ ਸਾਰੇ ਤਕਨੀਕੀ ਅਤੇ ਕਾਨੂੰਨੀ ਪੱਖਾਂ ਨੂੰ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ 2003 ਵਿਚ ਸਿਗਰਟ ਅਤੇ ਹੋਰ ਤੰਬਾਕੂ ਪਦਾਰਥ ਨਿਯੰਤਰਣ ਕਾਨੂੰਨ, 2003 (ਕੋਟਪਾ) ਬਣਾਇਆ ਗਿਆ ਸੀ, ਜਿਸ ਦਾ ਮੰਤਵ ਭਾਰਤ ਵਿਚ ਤੰਬਾਕੂ ਪਦਾਰਥਾਂ ਦੇ ਉਤਪਾਦਨ, ਵਪਾਰ ਅਤੇ ਵਰਤੋਂ ਨੂੰ ਕੰਟਰੋਲ ਕਰਨਾ ਹੈ। ਇਸ ਕਾਨੂੰਨ ਤਹਿਤ ਜਨਤਕ ਥਾਵਾਂ ’ਤੇ ਤੰਬਾਕੂ ਪਦਾਰਥਾਂ ਦੀ ਵਰਤੋਂ ’ਤੇ ਰੋਕ ਲੱਗੀ ਹੋਈ ਹੈ। ਇਸ ਤੋਂ ਇਲਾਵਾ ਤੰਬਾਕੂ ਪਦਾਰਥਾਂ ਦੀ ਇਸ਼ਤਿਹਾਰਬਾਜ਼ੀ ’ਤੇ ਵੀ ਰੋਕ ਹੈ। ਨਾਬਾਲਗ਼ਾਂ ਨੂੰ ਤੰਬਾਕੂ ਪਦਾਰਥ ਨਹੀਂ ਵੇਚੇ ਜਾ ਸਕਦੇ ਅਤੇ ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਵਿਚ ਤੰਬਾਕੂ ਪਦਾਰਥਾਂ ਦੀ ਵਿਕਰੀ ’ਤੇ ਪਾਬੰਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ਵਿਚ ਤੰਬਾਕੂ ਪਦਾਰਥਾਂ ਨੂੰ ਵੇਚਣ ਅਤੇ ਵਰਤਣ ’ਤੇ ਕੋਈ ਪਾਬੰਦੀ ਨਹੀਂ, ਪਰ ਇਹ ਸਭ ਕੁੱਝ ਕੋਟਪਾ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਕੀਤਾ ਜਾਣਾ ਚਾਹੀਦਾ ਹੈ। ਜੇ ਕੋਈ ਵਿਅਕਤੀ ਇਸ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਲਈ ਜੁਰਮਾਨੇ ਅਤੇ ਸਜ਼ਾ ਦੀ ਵੀ ਵਿਵਸਥਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਵੇਖਿਆ ਜਾਂਦਾ ਹੈ ਕਿ ਖਾਣ-ਪੀਣ ਦਾ ਸਮਾਨ ਵੇਚਣ ਦੇ ਨਾਲ-ਨਾਲ, ਤੰਬਾਕੂ ਪਦਾਰਥ ਵੇਚੇ ਜਾਂਦੇ ਹਨ ਜੋ ਕੋਟਪਾ ਕਾਨੂੰਨ ਦੀ ਉਲੰਘਣਾ ਹੈ। ਕੁੱਝ ਥਾਈਂ ਚੇਤਾਵਨੀ ਰਹਿਤ ਇੰਪੋਰਟਡ ਸਿਗਰਟਾਂ, ਖ਼ੁਸ਼ਬੂਦਾਰ ਤੰਬਾਕੂ ਪਦਾਰਥ ਅਤੇ ਖੁਲ੍ਹੀਆਂ ਸਿਗਰਟਾਂ ਜਾਂਦੀਆਂ ਹਨ, ਜੋ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੀ ਸਾਂਝੀ ਟੀਮ ਜਿਥੇ ਲਗਾਤਾਰ ਚਾਲਾਨ ਅਤੇ ਜੁਰਮਾਨੇ ਦੀ ਕਾਰਵਾਈ ਕਰਦੀ ਹੈ, ਉਥੇ ਨਾਲੋ-ਨਾਲ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਦੇ ਨੁਕਸਾਨਾਂ ਅਤੇ ਤੰਬਾਕੂ ਵਿਰੋਧੀ ਕਾਨੂੰਨ ਬਾਰੇ ਵੀ ਜਾਗਰੂਕ ਕਰਦੀ ਹੈ। ਜਾਂਚ-ਪੜਤਾਲ ਦਾ ਮੰਤਵ ਦੁਕਾਨਦਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਦਸਣਾ ਹੈ ਕਿ ਕੋਟਪਾ ਕਾਨੂੰਨ ਦੀ ਪਾਲਣਾ ਕਰਦਿਆਂ ਤੰਬਾਕੂ ਪਦਾਰਥ ਵੇਚੇ ਜਾਣ।

