ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਸਤੰਬਰ:
ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਮੁੱਖ ਮਹਿਮਾਨ ਵਜੋਂ ਡਾ. ਨਾਇਬ ਸਿੰਘ ਮੰਡੇਰ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਹਰਪ੍ਰੀਤ ਰਾਣਾ, ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਅਤੇ ਗੁਰਿੰਦਰ ਸਿੰਘ ਕਲਸੀ ਸ਼ੁਸ਼ੋਭਿਤ ਹੋਏ। ਸੱਥ ਦੇ ਪ੍ਰਧਾਨ ਵਲੋਂ ਸਾਰੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਗਿਆ। ਸਮਾਗਮ ਦੀ ਸ਼ੁਰੂਆਤ ਤਰਸੇਮ ਸਿੰਘ ਕਾਲੇਵਾਲ ਨੇ ਧਾਰਮਿਕ ਗੀਤ ਗਾ ਕੇ ਕੀਤੀ। ਪ੍ਰਤਾਪ ਪਾਰਸ ਗੁਰਦਾਸਪੁਰੀ ਨੇ ਗ਼ਜ਼ਲਾਂ ਦੇ ਵਧੀਆ ਸ਼ੇਅਰ ਪੇਸ਼ ਕੀਤੇ।


ਪ੍ਰਧਾਨਗੀ ਮੰਡਲ ਵਲੋਂ ਸੱਥ ਦੀ ਸਾਂਝੀ ਪੁਸਤਕ ‘ਚੰਨਣ ਵੰਡਦੇ ਜੁਗਨੂੰ’, ਮਿੰਨੀ ਕਹਾਣੀ-ਸੰਗ੍ਰਹਿ ਲੋਕ ਅਰਪਣ ਕੀਤੀ ਗਈ। ਪੁਸਤਕ ਬਾਰੇ ਗੁਰਿੰਦਰ ਸਿੰਘ ਕਲਸੀ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਪੁਸਤਕ ਵਿਚ ਸ਼ਾਮਲ ਸਾਰੀਆਂ ਕਹਾਣੀਆਂ ਸਮਾਜ ਦੇ ਵੱਖ-ਵੱਖ ਵਿਸ਼ਿਆਂ ‘ਤੇ ਗੱਲ ਕਹਿਣ ਵਿਚ ਸਫ਼ਲ ਰਹੀਆਂ ਹਨ। ਇਸ ਪੁਸਤਕ ਨਾਲ ਇਕ ਵੱਖਰਾ ਪਾਠਕ ਵਰਗ ਤਿਆਰ ਹੋਵੇਗਾ। ਸਮੁੱਚੀ ਕਿਤਾਬ ਦੀ ਛਪਾਈ, ਟਾਈਟਲ ਆਦਿ ਪੱਖੋਂ ਵਧੀਆ ਪੁਸਤਕ ਸੰਪਾਦਤ ਕਰਨ ਲਈ ਸਾਹਿਤਕ ਸੱਥ ਖਰੜ ਵਧਾਈ ਦੀ ਪਾਤਰ ਹੈ। ਡਾ. ਹਰਪ੍ਰੀਤ ਸਿੰਘ ਰਾਣਾ ਨੇ ਪੁਸਤਕ ਤੇ ਬੋਲਦਿਆਂ ਮਿੰਨੀ ਕਹਾਣੀ ਦੇ ਸ਼ੁਰੂਆਤੀ ਦੌਰ ਤੋਂ ਹੁਣ ਤੱਕ ਦੇ ਸਫ਼ਰ ਲਈ ਵੇਰਵਿਆਂ ਸਹਿਤ ਵਿਸਥਾਰ ਪੂਰਵਕ ਗੱਲ-ਬਾਤ ਕੀਤੀ। ਮੁੱਖ ਮਹਿਮਾਨ ਡਾ. ਨਾਇਬ ਸਿੰਘ ਮੰਡੇਰ ਜਿਨ੍ਹਾਂ ਨੇ ਮਿੰਨੀ ਕਹਾਣੀ ਦੇ ਵਿਸ਼ੇ ‘ਤੇ ਪੀ.ਐੱਚ.ਡੀ ਕੀਤੀ ਸੀ, ਬੋਲਦਿਆਂ ਮਿੰਨੀ ਕਹਾਣੀ ਦੇ ਅਜੋਕੇ ਪੜਾਅ ਤੱਕ ਪਹੁੰਚਣ ਲਈ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਇਹ ਮਾਣ ਦੀ ਗੱਲ ਹੈ ਕਿ ਲੰਮੇ ਸੰਘਰਸ਼ ਪਿੱਛੋਂ ਮਿੰਨੀ ਕਹਾਣੀ ਯੂਨੀਵਰਸਿਟੀ ਦੇ ਸਿਲੇਬਸਾਂ ਦੀਆਂ ਕਿਤਾਬਾਂ ਵਿਚ ਸ਼ਾਮਲ ਕੀਤੀ ਜਾ ਚੁੱਕੀ ਹੈ। ਪੁਸਤਕ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਸ਼ਾਮਲ ਮਿੰਨੀ ਕਹਾਣੀਆਂ ਦੇ ਕਲਾਤਮਕ ਪੱਖ ਤੋਂ ਸਫ਼ਲ ਹੋਣ ਦੀ ਗੱਲ ਕੀਤੀ। ਮਨਮੋਹਨ ਸਿੰਘ ਦਾਊਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅੱਜ ਦਾ ਸਮਾਗਮ ਮਿੰਨੀ ਕਹਾਣੀ ਉੱਤੇ ਇਕ ਵਿਸ਼ਾਲ ਸੈਮੀਨਾਰ ਹੋ ਨਿੱਬੜਿਆ ਹੈ। ਕਿਤਾਬ ਵਿੱਚ ਸ਼ਾਮਲ ਕਹਾਣੀਆਂ ਦੀ ਉਨ੍ਹਾਂ ਨੇ ਸਮੁੱਚੇ ਰੂਪ ਵਿੱਚ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਸਾਂਝੀ ਪੁਸਤਕ ਵਿੱਚ ਸਾਮਿਲ ਲੇਖਕਾਂ ਦੀ ਕਰਮਬੱਧਤਾ ਨਿਰਧਾਰਤ ਕਰਨ ਲਈ ਸੁਝਾਅ ਵੀ ਦਿੱਤੇ। ਸਾਹਿਤਕ ਸੱਥ ਖਰੜ ਵਲੋਂ ਪਿਛਲੇ ਥੋੜ੍ਹੇ ਸਮੇਂ ਵਿੱਚ ਵੱਡੀਆਂ ਪ੍ਰਾਪਤੀਆਂ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੱਥ ਨੂੰ ਵਧਾਈ ਦਿੱਤੀ। ਅੱਜ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੇਖਕਾਂ ਸਾਹਿਤਕਾਰਾਂ ਨੇ ਭਾਗ ਲਿਆ।
ਸੱਥ ਵੱਲੋਂ ਪੁਸਤਕ ‘ਚ ਛਪਣ ਵਾਲੇ ਲੇਖਕਾਂ ਨੂੰ ਕਿਤਾਬਾਂ ਦੇ ਦੋ-ਦੋ ਸੈੱਟ ਅਤੇ ਇੱਕ-ਇੱਕ ਪ੍ਰੋਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ, ਪ੍ਰਧਾਨਗੀ ਕਰ ਰਹੇ ਅਤੇ ਪਰਚਾ ਲੇਖਕਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਉਪਰੰਤ ਚੱਲੇ ਕਵੀ ਦਰਬਾਰ ਵਿੱਚ ਸਮੇਂ ਨੂੰ ਵੇਖਦਿਆਂ ਥੋੜ੍ਹੇ ਸ਼ਾਇਰਾਂ ਨੂੰ ਸਮਾਂ ਦਿੱਤਾ ਜਾ ਸਕਿਆ। ਗੁਰਮੇਲ ਸਿੰਘ ਮੋਜੇਵਾਲ, ਡਾ. ਦਰਸ਼ਨ ਸਿੰਘ ਆਸ਼ਟ, ਗੁਰਦਰਸ਼ਨ ਗੁਸੀਲ, ਸੁਰਜੀਤ ਸੁਮਨ, ਦਰਸ਼ਨ ਤਿਓਣਾ, ਡਾ. ਟਿੱਕਾ, ਜੇ.ਐੱਸ. ਸਿੱਧੂ, ਗੋਪਾਲ ਸ਼ਰਮਾ, ਨਵਨੀਤ ਕੁਮਾਰ, ਦਵਿੰਦਰ, ਜਗਤਾਰ ਸਿੰਘ ਜੋਗ, ਖੁਸ਼ੀ ਰਾਮ ਨਿਮਾਣਾ, ਦਲਬੀਰ ਸਿੰਘ ਸਰੋਆ, ਧਿਆਨ ਸਿੰਘ ਕਾਹਲੋਂ, ਸੁੱਚਾ ਸਿੰਘ ਮਸਤਾਨਾ, ਸੁਰਿੰਦਰ ਕੌਰ ਬਾੜਾ, ਪਿਆਰਾ ਸਿੰਘ ਰਾਹੀ ਆਦਿ ਨੇ ਆਪੋਂ ਆਪਣੀ ਕਾਵਿ ਰਚਨਾਵਾਂ ਰਾਹੀ ਹਾਜ਼ਰੀ ਲਗਵਾਈ।
ਇਸ ਤੋਂ ਇਲਾਵਾ ਮਹਿੰਦਰ ਸਿੰਘ ਗੋਸਲ, ਦਵਿੰਦਰ ਪਟਿਆਲ਼ਵੀ, ਗੁਰਸ਼ਰਨ ਸਿੰਘ ਕਾਕਾ, ਸੁਮਿੱਤਰ ਸਿੰਘ ਦੋਸਤ, ਭਾਗ ਸਿੰਘ ਸ਼ਾਹਪੁਰ, ਦਲਬਾਰਾ ਸਿੰਘ ਪਟਿਆਲਵੀ, ਰਘਵੀਰ ਸਿੰਘ ਮਹਿਮੀ, ਕੁਲਦੀਪ ਕੁਮਾਰ, ਮੰਦਰ ਗਿੱਲ ਸਾਹਿਬਚੰਦੀਆ, ਜਸਕੀਰਤ ਸਿੰਘ, ਬੰਤ ਸਿੰਘ ਦੀਪ, ਸਰਬਜੀਤ ਸਿੰਘ, ਚਰਨਜੀਤ ਸਿੰਘ ਕਤਰਾ, ਹਾਕਮ ਸਿੰਘ ਨੱਤਿਆਂ, ਕੇਸਰ ਸਿੰਘ ਇੰਸਪੈਕਟਰ, ਡਾ. ਕੁਲਦੀਪ ਸ਼ਰਮਾ, ਡਾ. ਇੰਦਰਜੀਤ ਸਿੰਘ, ਜੈ ਸਿੰਘ ਛਿੱਬਰ, ਗੁਰਮੀਤ ਸਿੰਗਲ, ਕੁਲਵਿੰਦਰ ਸਿੰਘ ਕੰਗ, ਸੁਖਵਿੰਦਰ ਪਠਾਣੀਆਂ, ਦਵਿੰਦਰ, ਅੰਮ੍ਰਿਤ ਕੌਰ, ਰਣਜੀਤ ਕੌਰ ਕਾਈਨੌਰ, ਜਗਤਾਰ ਸਿੰਘ, ਜਸਮਿੰਦਰ ਸਿੰਘ ਰਾਓ, ਸਰੂਪ ਸਿਆਲਵੀ, ਜੇ ਐਸ ਮਹਿਰਾ, ਜਸ਼ਨਦੀਪ ਕੌਰ, ਨੀਲਮ ਨਾਰੰਗ ਆਦਿ ਵੀ ਹਾਜ਼ਰ ਹੋਏ। ਮੰਚ ਸੰਚਾਲਨ ਦੇ ਫ਼ਰਜ਼ ਪਿਆਰਾ ਸਿੰਘ ਰਾਹੀ ਵੱਲੋਂ ਨਿਭਾਏ ਗਏ। ਅੰਤ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

