www.sursaanjh.com > ਅੰਤਰਰਾਸ਼ਟਰੀ > ਅੱਵਲ ਫ਼ਿਲਮ ਫ਼ੈਸਟੀਵਲ ‘ਚ ਪੰਜਾਬੀ ਫ਼ਿਲਮ ਕਾਲ ਕੋਠੜੀ ਦਾ ਪੋਸਟਰ ਰਿਲੀਜ਼

ਅੱਵਲ ਫ਼ਿਲਮ ਫ਼ੈਸਟੀਵਲ ‘ਚ ਪੰਜਾਬੀ ਫ਼ਿਲਮ ਕਾਲ ਕੋਠੜੀ ਦਾ ਪੋਸਟਰ ਰਿਲੀਜ਼

ਨਵਾਂ ਵਿਸ਼ਾ ਤੇ ਚੰਗੇ ਅਨੁਭਵ ਪੰਜਾਬੀ ਸਿਨੇਮਾ ਦਾ ਭਵਿੱਖ ਤੈਅ ਕਰਨਗੇ : ਬੀ. ਐਮ ਸ਼ਰਮਾ 
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਸਤੰਬਰ:
ਸਾਜ਼ ਸਿਨੇ ਪ੍ਰੋਡਕਸ਼ਨ ਦੀ ਪਹਿਲੀ ਪੰਜਾਬੀ ਕ੍ਰਾਈਮ ਥ੍ਰਿਲਰ ਫ਼ਿਲਮ ਕਾਲ ਕੋਠੜੀ ਦਾ ਪੋਸਟਰ ਇੱਥੇ ਪੰਜਾਬੀ ਲਘੂ ਫ਼ਿਲਮ ਫੈਸਟੀਵਲ ਦੌਰਾਨ ਚੰਡੀਗੜ੍ਹ ਦੇ ਕਲਾ ਭਵਨ ਵਿਚ ਲਾਂਚ ਕੀਤਾ ਗਿਆ। ਪ੍ਰੋਗਰਾਮ ਵਿਚ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਬਾਲ ਮੁਕੁੰਦ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਤੇ ਸਾਜ਼ ਸਿਨੇ ਪ੍ਰੋਡਕਸ਼ਨ ਦੇ ਐਮ.ਡੀ ਅੰਗਦ ਸਚਦੇਵਾ ਨੂੰ ਪਲੇਠੀ ਫਿਲਮ ਲਈ ਵਧਾਈ ਦਿੱਤੀ। ਉਹਨਾਂ ਆਸ ਪ੍ਰਗਟ ਕੀਤੀ ਕਿ ਅਜਿਹੀਆਂ ਫਿਲਮਾਂ ਪੰਜਾਬੀ ਸਿਨੇਮੇ ਦਾ ਭਵਿੱਖ ਤੈਅ ਕਰਨਗੀਆਂ ਅਤੇ ਸਿਨਮੇ ਵਿੱਚ ਐਕਸ਼ਨ ਅਤੇ ਥਰਿੱਲਰ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੀਆਂ। ਇਸ ਦੌਰਾਨ ਪਾਲੀਵੁਡ ਦੀਆਂ ਵੱਡੀਆਂ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਜਦੋਂ ਕਿ ਫਿਲਮ ਦੀ ਸਟਾਰ ਕਾਸਟ ਵੀ ਮੌਕੇ ‘ਤੇ ਮੌਜੂਦ ਰਹੀ।
ਫਿਲਮ ਦੇ ਮੁੱਖ ਅਦਾਕਾਰ, ਨਗਿੰਦਰ ਗੱਖੜ, ਗੁਰਿੰਦਰ ਮਖਨਾ, ਅਰਸ਼ ਹੁੰਦਲ ਅਤੇ ਡੇਵੀ ਸਿੰਘ, ਪੋਸਟਰ ਲਾਂਚ ਸਮੇਂ ਮੌਜੂਦ ਸਨ। ਅਦਾਕਾਰਾਂ ਨੇ ਇਸ ਵਿਲੱਖਣ ਪ੍ਰੋਜੈਕਟ ਦਾ ਹਿੱਸਾ ਬਣਨ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਨਗਿੰਦਰ ਗੱਖੜ ਨੇ ਦੱਸਿਆ ਕਿ ਫਿਲਮ ਦੀ ਲਗਭਗ 80 ਪ੍ਰਤੀਸ਼ਤ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਕੇਵਲ ਫਲੈਸ਼ ਬੈਕ ਵਾਲਾ ਹਿੱਸਾ ਕੁਝ ਦਿਨਾਂ ਵਿੱਚ ਸ਼ੂਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਲ ਕੋਠੜੀ ਇੱਕ ਆਮ ਥ੍ਰਿਲਰ ਤੇ ਐਕਸ਼ਨ ਫ਼ਿਲਮ ਹੀ ਨਹੀਂ ਬਲਕਿ ਇਸਦੀ ਬਿਲਕੁੱਲ ਨਵੀਂ ਕਹਾਣੀ ਹੈ ਜੋ ਪਹਿਲਾਂ ਪੰਜਾਬੀ ਸਿਨੇਮਾ ‘ਚ ਪਹਿਲਾਂ ਕਦੇ ਨਹੀਂ ਆਈ। ਫ਼ਿਲਮ ਦਾ ਹਰੇਕ ਪਾਤਰ ਦਾ ਨਵਾਂ ਅੰਦਾਜ਼ ਦਰਸ਼ਕਾਂ ਨੂੰ ਹੈਰਾਨ ਕਰ ਦੇਵੇਗਾ।
ਨਿਰਮਾਤਾ ਅੰਗਦ ਸਚਦੇਵਾ ਨੇ ਕਿਹਾ ਕਿ *ਕਾਲ ਕੋਠੜੀ* ਉਨ੍ਹਾਂ ਲਈ ਬਹੁਤ ਅਨੋਖਾ ਅਨੁਭਵ ਹੈ, ਜਿੱਥੇ ਫਿਲਮ ਵਿੱਚ ਕੈਦੀਆਂ ਦਾ ਇੱਕ ਵਿਲੱਖਣ ਰੋਲ ਸਭ ਨੂੰ ਹੈਰਾਨ ਕਰ ਦੇਵੇਗਾ, ਦੂਜੇ ਪਾਸੇ ਫਲੈਸ਼ ਬੈਕ ਵਾਲਾ ਹਿੱਸਾ ਭਾਵੁਕ ਕਰਨ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਦਰਸ਼ਕਾਂ ਨੂੰ ਇੱਕ ਰੋਮਾਂਚਕ ਸਿਨੇਮਾ ਪ੍ਰਦਾਨ ਕਰਨਾ ਹੈ ਜੋ ਉਹਨਾਂ ਨੂੰ ਪੂਰੀ ਕਹਾਣੀ ਵਿੱਚ ਜੋੜਦਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ, ਯਾਦਗਾਰੀ ਅਨੁਭਵ ਪ੍ਰਦਾਨ ਕਰ ਰਹੀ ਹੈ। ਸਚਦੇਵਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਲਾਕਾਰਾਂ ਅਤੇ ਤਕਨੀਕੀ ਟੀਮ ਦੀ ਸਖ਼ਤ ਮਿਹਨਤ ਫਿਲਮ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ। ਨਿਰਦੇਸ਼ਕ ਦੇਵੀ ਸ਼ਰਮਾ ਨੇ ਕਿਹਾ ਕਿ ਕਹਾਣੀ ਸਸਪੈਂਸ, ਡਰਾਮਾ ਅਤੇ ਯਥਾਰਥਵਾਦ ਨਾਲ ਬੁਣੀ ਗਈ ਹੈ, ਅਤੇ ਇਹ ਫਿਲਮ ਪੰਜਾਬੀ ਸਿਨੇਮਾ ਵਿੱਚ ਅਪਰਾਧ ਥ੍ਰਿਲਰ ਦੇ ਮਿਆਰ ਨੂੰ ਹੋਰ ਉੱਚਾ ਕਰੇਗੀ।

Leave a Reply

Your email address will not be published. Required fields are marked *