ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 23 ਸਤੰਬਰ:


ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਇਕਾਈ ਜਲੰਧਰ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹਰਵਿੰਦਰ ਭੰਡਾਲ ਦੀ ਕਿਤਾਬ ‘ਫ਼ਾਸ਼ੀਵਾਦ ਦਾ ਚਿਹਰਾ-ਮੋਹਰਾ’ ਉੱਤੇ ਗੋਸ਼ਟੀ ਕਰਵਾਈ ਗਈ। ਗੋਸ਼ਟੀ ਦੀ ਪ੍ਰਧਾਨਗੀ ਡਾ. ਪਰਮਿੰਦਰ ਸਿੰਘ ਨੇ ਕੀਤੀ। ਕਿਤਾਬ ਉੱਤੇ ਪੇਪਰ ਡਾ. ਕੁਲਦੀਪ ਸਿੰਘ ਦੀਪ ਨੇ ਪੜ੍ਹਿਆ। ਪੇਪਰ ਪੜ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਪੁਸਤਕ ਇਹ ਦੱਸਦੀ ਹੈ ਕਿ ਸਾਨੂੰ ਇਤਿਹਾਸ ਦੀ ਸੋਝੀ ਹੋਣੀ ਜ਼ਰੂਰੀ ਹੈ। ਪੁਸਤਕ ਫ਼ਾਸ਼ੀਵਾਦ ਦੇ ਇਤਿਹਾਸ ਦੀ ਪ੍ਰਮਾਣਿਕ ਜਾਣਕਾਰੀ ਦਿੰਦੀ ਹੈ ਤੇ ਇਤਿਹਾਸ ਪ੍ਰਤੀ ਸਾਡਾ ਨਜ਼ਰੀਆ ਤੇ ਧਾਰਨਾ ਵੀ ਬਦਲਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭੰਡਾਲ ਨੇ ਵਾਲਟਰ ਬੈਂਜਾਮਿਨ ਤੇ ਗ੍ਰਾਮਸ਼ੀ ਦੀਆਂ ਫ਼ਾਸ਼ੀਵਾਦੀ ਧਾਰਨਾਵਾਂ ਸਬੰਧੀ ਤੱਥ ਤੇ ਅੰਕੜੇ ਦਿੱਤੇ ਤੇ ਭਾਰਤ ਵਿੱਚ ਫੈਲ ਰਹੀਆਂ ਫ਼ਾਸ਼ੀਵਾਦ ਦੀਆਂ ਜੜ੍ਹਾਂ ਦੇ ਭਿਆਨਕ ਰੂਪਾਂ ਦਾ ਜ਼ਿਕਰ ਵੀ ਕੀਤਾ। ਬਹਿਸ ਦਾ ਆਰੰਭ ਕਰਦਿਆਂ ਡਾ. ਜਗਜੀਤ ਸਿੰਘ ਚੀਮਾ ਨੇ ਕਿਤਾਬ ਦਾ ਸਵਾਗਤ ਕਰਦਿਆਂ ਕਿਹਾ ਕਿ ਭੰਡਾਲ ਨੇ ਫ਼ਾਸ਼ੀਵਾਦ ਦੇ ਭਿਆਨਿਕ ਚਿਹਰੇ ਨੂੰ ਸਾਡੇ ਸਾਹਮਣੇ ਰੱਖਿਆ ਹੈ। ਬਹਿਸ ਨੂੰ ਅੱਗੇ ਤੋਰਦਿਆਂ ਡਾ. ਸੈਲਸ਼ ਨੇ ਕਿਤਾਬ ‘ਚ ਪੇਸ਼ ਕੁਝ ਨੁਕਤਿਆਂ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਕਿਤਾਬ ਵਿੱਚ ਭਾਰਤ ਵਿੱਚ ਫੈਲ ਰਹੇ ਫ਼ਾਸ਼ੀਵਾਦ ਬਾਰੇ ਵਿਸਥਾਰ ਨਾਲ ਗੱਲ ਨਹੀਂ ਹੋਈ।
ਕਿਤਾਬ ਦੇ ਲੇਖਕ ਹਰਵਿੰਦਰ ਭੰਡਾਲ ਦਾ ਕਹਿਣਾ ਸੀ ਕਿ ਅੱਜ ਦੇ ਸਮੇਂ ਫ਼ਾਸ਼ੀਵਾਦ ਦਾ ਮੁੱਦਾ ਬਹੁਤ ਸੰਵੇਦਨਸ਼ੀਲ ਹੈ। ਇਸ ਉੱਤੇ ਸਾਨੂੰ ਖੁੱਲ੍ਹ ਕੇ ਬੋਲਣਾ ਤੇ ਲਿਖਣਾ ਚਾਹੀਦਾ ਹੈ। ਹਾਲਾਤ ਏਥੋਂ ਤੱਕ ਪੁੱਜ ਗਏ ਨੇ ਕਿ ਫ਼ਾਸ਼ੀਵਾਦ ਵਿਚਾਰਧਾਰਾ ਸਾਡੇ ਨੇੜਲੇ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਨ ਲੱਗ ਪਈ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਇਸ ਕਿਤਾਬ ਵਿੱਚ ਫ਼ਾਸ਼ੀਵਾਦ ਦੀਆਂ ਜੜ੍ਹਾਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਇਸ ਵਿਚਾਰਧਾਰਾ ਨਾਲ ਵੱਡੀ ਪੱਧਰ ਤੇ ਲੋਕ ਜੁੜਨ ਲੱਗ ਪੈਂਦੇ ਨੇ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਪਰਮਿੰਦਰ ਸਿੰਘ ਦਾ ਕਹਿਣਾ ਸੀ ਕਿ ਭੰਡਾਲ ਨੇ ਮਹੱਤਵਪੂਰਨ ਮੁੱਦੇ ਤੇ ਇਤਿਹਾਸਕ ਵਰਤਾਰੇ, ਫ਼ਾਸ਼ੀਵਾਦ ਸੰਬੰਧੀ ਮਨੋਵਿਗਿਆਨਕ, ਸਭਿਆਚਾਰ ਸਬੰਧੀ ਤੱਥਾਂ ਨਾਲ ਆਪਣੀਆਂ ਧਾਰਨਾਵਾਂ ਦਿੱਤੀਆਂ ਹਨ। ਆਮ ਬੰਦੇ ਨੂੰ ਫ਼ਾਸ਼ੀਵਾਦ ਬਾਰੇ ਆਪਣੀ ਇਕ ਸਮਝ ਬਣਾਉਣ ਲਈ ਇਹ ਮੁੱਲਵਾਨ ਪੁਸਤਕ ਹੈ। ਇਹ ਕਿਤਾਬ ਵੱਡੀ ਪੱਧਰ ਉੱਤੇ ਆਮ ਲੋਕਾਂ ਤੱਕ ਪੁੱਜਣੀ ਚਾਹੀਦੀ ਹੈ ਤਾਂ ਕਿ ਸਾਡੇ ਪੰਜਾਬੀ ਲੋਕ ਭਾਰਤ ‘ਚ ਫੈਲ ਰਹੇ ਫ਼ਾਸ਼ੀਵਾਦ ਨੂੰ ਸਮਝ ਸਕਣ।
ਗੋਸ਼ਟੀ ਦਾ ਸਟੇਜ ਸੰਚਾਲਨ ਸੰਘ ਦੇ ਜਨਰਲ ਸਕੱਤਰ ਭਗਵੰਤ ਰਸੂਲਪੁਰੀ ਨੇ ਕੀਤਾ। ਉਨ੍ਹਾਂ ਕਿਹਾ ਕਿ ਲੇਖਕ ਨੇ ਫ਼ਾਸ਼ੀਵਾਦ ਦੇ ਚਿਹਰੇ-ਮੋਹਰੇ ਨੂੰ ਅਸਾਨ ਭਾਸ਼ਾ ਵਿੱਚ ਸਾਡੇ ਸਾਹਮਣੇ ਰੱਖਿਆ ਹੈ। ਪੱਛਮੀ ਵਿਦਵਾਨਾਂ ਦੇ ਫ਼ਾਸ਼ੀਵਾਦ ਦੇ ਚਿਹਰੇ ਬਾਰੇ ਪੜ੍ਹ ਕੇ ਸਾਨੂੰ ਇਸ ਵਰਤਾਰੇ ਦੀ ਸਮਝ ਆਉਂਦੀ ਏ। ਇਸ ਵਿਚਾਰ ਚਰਚਾ ਵਿੱਚ ਬਲਬੀਰ ਪਰਵਾਨਾ, ਅਮੋਲਕ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਹਰਮੇਸ਼ ਮਾਲੜੀ, ਕੇਸਰ ਸਿੰਘ, ਜੁਗਿੰਦਰ ਸੰਧੂ, ਕੁਲਦੀਪ ਸਿੰਘ ਬੇਦੀ, ਤਸਕੀਨ, ਮੋਹਣ ਸਿੰਘ ਕੁੱਕੜਪਿੰਡੀਆ, ਰਾਜਿੰਦਰ ਬਿਮਲ, ਸਰੋਜ, ਬਲਜੀਤ ਬੱਲ, ਜਗਦੀਸ਼ ਰਾਣਾ ਨੇ ਵੀ ਹਿੱਸਾ ਲਿਆ। ਅੰਤ ਵਿਚ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ ਮਾਨ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਫ਼ਾਸ਼ੀਵਾਦ ਦੇ ਵਰਤਾਰੇ ਨੂੰ ਸਮਝਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਇਸ ਮਸਲੇ ਪ੍ਰਤੀ ਅਸੀਂ ਅਜੇ ਗੰਭੀਰ ਨਹੀਂ ਹੋਏ। ਇਸ ਕਿਤਾਬ ਉੱਤੇ ਗੋਸ਼ਟੀ ਕਰਨ ਦਾ ਮਕਸਦ ਇਹ ਵੀ ਹੈ ਕਿ ਵੱਧ ਤੋਂ ਵੱਧ ਲੋਕ ਫ਼ਾਸ਼ੀਵਾਦ ਨੂੰ ਸਮਝ ਸਕਣ ਤੇ ਇਸ ਵਿਰੁੱਧ ਲਾਮਬੰਦ ਹੋ ਸਕਣ।
ਵੱਲੋਂ: ਭਗਵੰਤ ਰਸੂਲਪੁਰੀ – 94170-64350

