ਬਰਨਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 23 ਸਤੰਬਰ:


ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਮਾਲਵੇ ਵਿਚ ਇਸ ਵਾਰ ਵੀਹ ਸਾਹਿਤਕ ਸਮਾਗਮ ਕਰਵਾਏ ਜਾਣਗੇ। ਇਹ ਜਾਣਕਾਰੀ ਬਹੁ-ਵਿਧਾਵੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਇਹ ਸਮਾਗਮ ਸਾਹਿਤ ਸਭਾਵਾਂ ਅਤੇ ਸਰਕਾਰੀ, ਮਾਨਤਾ ਪ੍ਰਾਪਤ ਅਤੇ ਨਿੱਜੀ ਕਾਲਜਾਂ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰ ਵਿਚ ‘ਸਾਹਿਤਕ ਮੰਚ’ ਅਤੇ ਪੇਂਡੂ ਖੇਤਰ ਵਿਚ ‘ਗਰਾਮ ਲੋਕ’ ਬੈਨਰ ਹੇਠ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਵਿਚ ਪ੍ਰਸਿੱਧ ਲੇਖਕਾਂ ਦੇ ਜੱਦੀ ਪਿੰਡਾਂ ਵਿਚ ਉਨ੍ਹਾਂ ਦੇ ਜੀਵਨ ਤੇ ਰਚਨਾ ਬਾਰੇ ਅਤੇ ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਵਾਲੇ ਵਿਸ਼ਿਆਂ ‘ਤੇ ਚਰਚਾ ਕਰਵਾਈ ਜਾਵੇਗੀ। ਇਨ੍ਹਾਂ ਸਮਾਗਮਾਂ ਵਿਚ ਸੱਤਰ ਪਝੰਤਰ ਆਲੋਚਕਾਂ ਤੇ ਲੇਖਕਾਂ ਦੀ ਸੂਝ-ਸਮਝ ਨੂੰ ਪ੍ਰਕਾਸ਼ਮਾਨ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਕੈਡਮੀ 1956 ਵਿਚ ਬਣੀ ਸੀ, ਉਦੋਂ ਤੋਂ ਲੈ ਕੇ ਪਹਿਲੀ ਵਾਰ ਇਹ ਯੋਜਨਾ ਉਲੀਕੀ ਗਈ ਹੈ। ਇਸ ਯੋਜਨਾ ਤਹਿਤ ਸਤੰਬਰ ਵਿਚ ਪਿੰਡ ਢੱਡੇ ਵਿਖੇ ਮਾਤਾ ਸੁੰਦਰੀ ਕਾਲਜ, ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ, ਪਟਿਆਲਾ ਵਿਖੇ 11 ਸਤੰਬਰ ਅਤੇ ਜਗਰਾਉਂ ਵਿਖੇ 21ਸਤੰਬਰ ਨੂੰ ਪ੍ਰਿੰਸੀਪਲ ਤਖ਼ਤ ਸਿੰਘ ਬਾਰੇ ਸਮਾਗਮ ਕਰਵਾਏ ਜਾ ਚੁੱਕੇ ਹਨ। ਅਗਲੇ ਮਹੀਨੇ ਪੰਜ ਅਕਤੂਬਰ ਨੂੰ ਪ੍ਰਸਿੱਧ ਕਵੀ ਸੁਰਜੀਤ ਰਾਮਪੁਰੀ ਬਾਰੇ ਪਿੰਡ ਰਾਮਪੁਰ, 28 ਨਵੰਬਰ ਨੂੰ ਮੋਹਨ ਭੰਡਾਰੀ ਬਾਰੇ ਅਮਰਗੜ੍ਹ ਵਿਖੇ 7 ਅਕਤੂਬਰ ਨੂੰ ਯੂਨੀਵਰਸਿਟੀ ਕਾਲਜ ਢਿੱਲਵਾਂ ਅਤੇ ਯੂਨੀਵਰਸਿਟੀ ਕਾਲਜ ਝਨੀਰ ਵਿਖੇ ਸਮਾਗਮ ਦੀ ਰੂਪ ਰੇਖਾ ਉਲੀਕ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਵੱਖ-ਵੱਖ ਥਾਂਵਾਂ ‘ਤੇ ਦਸ ਸਮਾਗਮ ਕਰਵਾਏ ਜਾ ਚੁੱਕੇ ਹਨ।
ਕੈਪਸ਼ਨ – ਬੂਟਾ ਸਿੰਘ ਚੌਹਾਨ

