ਰਾਮਪੁਰ (ਸੁਰ ਸਾਂਝ ਡਾਟ ਕਾਮ ਬਿਊਰੋ), 23 ਸਤੰਬਰ:
‘‘ਭਾਰਤੀ ਸਾਹਿਤ ਅਕਾਡਮੀ ਦਿੱਲੀ’’ ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਹਿਯੋਗ ਨਾਲ ‘‘ਸੁਰਜੀਤ ਰਾਮਪੁਰੀ ਜੀ ਦੇ ਜੀਵਨ ਅਤੇ ਰਚਨਾ’’ ਬਾਰੇ ਇਕ ਯਾਦਗਾਰੀ ਸਾਹਿਤਕ ਸਮਾਗਮ ਪਿੰਡ ਰਾਮਪੁਰ ਦੀ ਲਾਇਬ੍ਰੇਰੀ ਵਿਚ 5 ਅਕਤੂਬਰ 2025 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਕੋਆਰਡੀਨੇਟਰ ਬਹੁ-ਵਿਧਾਵੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਜੀ ਹੋਣਗੇ। ਸਮਾਗਮ ਦੀ ਪ੍ਰਧਾਨਗੀ ਨਾਵਲਕਾਰ ਅਤੇ ਕਹਾਣੀਕਾਰ ਡਾ. ਬਲਜਿੰਦਰ ਨਸਰਾਲੀ ਜੀ ਕਰਨਗੇ। ਮੁੱਖ ਬੁਲਾਰਿਆਂ ਵਿਚ ਡਾ. ਲਖਵਿੰਦਰ ਸਿੰਘ ਜੌਹਲ, ਡਾ. ਗੁਰਜੰਟ ਸਿੰਘ ਅਤੇ ਪ੍ਰੋ. ਸ਼ਮਸ਼ਾਦ ਅਲੀ ਜੀ ਹੋਣਗੇ।


ਸਭਾ ਦੇ ਪ੍ਰਧਾਨ ਅਮਰਿੰਦਰ ਸੋਹਲ ਨੇ ਕਿਹਾ ਕਿ ਇਸ ਸਮਾਗਮ ਨੂੰ ਅਜੇ ਹੋਰ ਵਿਸਥਾਰ ਦਿੱਤਾ ਜਾਣਾ ਹੈ। ਕੁਝ ਹੋਰ ਅਹਿਮ ਸ਼ਖ਼ਸੀਅਤਾਂ ਦੇ ਨਾਮ ਸ਼ਾਮਲ ਕੀਤੇ ਜਾਣਗੇ। ਬੂਟਾ ਸਿੰਘ ਚੌਹਾਨ ਜੀ ਨੇ ਦੱਸਿਆ ਕਿ ਸੁਰਜੀਤ ਰਾਮਪੁਰੀ ਬਾਰੇ ਸਮਾਗਮ ਕਰਵਾਉਣ ਦਾ ਮਨੋਰਥ ਇਹ ਹੈ ਕਿ ਸੁਰਜੀਤ ਰਾਮਪੁਰੀ ਜੀ ਦੀ ਗੀਤ ਕਲਾ ਬਾਰੇ ਉਹ ਤੱਥ ਲੋਕਾਂ ਸਾਹਮਣੇ ਲਿਆਂਦੇ ਜਾਣ, ਜੋ ਤੱਥ ਹਾਲੇ ਤੀਕਰ ਛਿਪੇ ਹੋਏ ਹਨ। ਜ਼ਿਕਰਯੋਗ ਹੈ ਕਿ ਸੁਰਜੀਤ ਰਾਮਪੁਰੀ ਜੀ ਪੰਜਾਬ ਦੇ ਮੰਨੇ ਪ੍ਰਮੰਨੇ ਗੀਤਕਾਰ ਸਨ। ਉਨ੍ਹਾਂ ਨੇ ਗੀਤਾਂ ਤੋਂ ਇਲਾਵਾ ਕਵਿਤਾਵਾਂ ਅਤੇ ਗ਼ਜ਼ਲਾਂ ਵੀ ਲਿਖੀਆਂ। ‘‘ਪੰਜਾਬੀ ਲਿਖਾਰੀ ਸਭਾ ਰਾਮਪੁਰ’’ ਦੀ ਸਥਾਪਨਾ 7 ਅਗਸਤ 1953 ਵਿਚ ਹੋਈ ਸੀ। ਸੁਰਜੀਤ ਰਾਮਪੁਰੀ ਜੀ ਉਸ ਪਹਿਲੀ ਮੀਟਿੰਗ ਵਿਚ ਹਾਜ਼ਰ ਸਨ, ਉਹ ਉਸ ਦਿਨ ਸਭਾ ਦੇ ਪਹਿਲੇ ਪ੍ਰਧਾਨ ਬਣੇ ਸਨ। ਰਾਮਪੁਰ ਪਿੰਡ ਵਿਚ ਸਭਾ ਸਥਾਪਨਾ ਕਰਨ ਦਾ ਸੁਪਨਾ ਵੀ ਸੁਰਜੀਤ ਰਾਮਪੁਰੀ ਜੀ ਨੇ ਹੀ ਲਿਆ ਸੀ। ਸੁਰਜੀਤ ਰਾਮਪੁਰੀ ਜੀ ਨੇ ਹੀ ਰਾਮਪੁਰ ਦਾ ਨਾਮ ਪਹਿਲੀ ਵਾਰੀ ਸਾਹਿਤਕ ਸਫ਼ਾਂ ਵਿਚ ਚਮਕਾਇਆ। ਸੁਰਜੀਤ ਰਾਮਪੁਰੀ ਜੀ ਦੀ ਮੌਤ ਸੰਨ 1990 ਵਿਚ ਹੋ ਗਈ ਸੀ। ਉਨ੍ਹਾਂ ਦੀ ਉਸ ਸਮੇਂ ਉਮਰ 63-64 ਸਾਲ ਦੀ ਹੋਵੇਗੀ। ਉਨ੍ਹਾਂ ਦੀ ਮੌਤ ਦਾ ਵੱਡਾ ਘਾਟਾ ਪੰਜਾਬੀ ਲਿਖਾਰੀ ਸਭਾ ਰਾਮਪੁਰ ਅਤੇ ਪੰਜਾਬੀ ਗੀਤਕਾਰੀ ਨੂੰ ਪਿਆ। ਉਨ੍ਹ ਇਸ ਸਾਹਿਤਕ ਪ੍ਰੋਗਰਾਮ ਵਿਚ ਪਹੁੰਚਣ ਦੀ ਬੇਨਤੀ ਕੀਤੀ।
ਵੱਲੋਂ: ਅਮਰਿੰਦਰ ਸੋਹਲ (ਪ੍ਰਧਾਨ), ਸਿਕੰਦਰ ਰਾਮਪੁਰੀ (ਮੀਤ ਪ੍ਰਧਾਨ), ਪ੍ਰਭਜੋਤ ਰਾਮਪੁਰ (ਜਨਰਲ ਸਕੱਤਰ), ਤਰਨ ਰਾਮਪੁਰ (ਸਕੱਤਰ), ਸਰਪ੍ਰਸਤ ਅਤੇ ਸਮੂਹ ਕਾਰਜਕਾਰਨੀ।

