ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਸਤੰਬਰ:


ਸੇਵਾ ਮੁਕਤੀ ਦੇ ਮੌਕੇ ਤੇ ਸਰਕਾਰੀ ਹਾਈ ਸਕੂਲ ਮਲੋਆ ਕਲੌਨੀ ਦੇ ਮੁੱਖ ਅਧਿਆਪਕ ਸ੍ਰ. ਅਵਤਾਰ ਸਿੰਘ ਨੂੰ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਹੁੰਚੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਉਚੇਚੇ ਤੌਰ ਤੇ ਉਪਰੋਕਤ ਸਕੂਲ ਵਿਚ ਪਹੁੰਚੇ ਸਨ ਅਤੇ ਉਨ੍ਹਾਂ ਨੇ ਮੁੱਖ ਅਧਿਆਪਕ ਸ੍ਰ. ਅਵਤਾਰ ਸਿੰਘ ਨੂੰ ਇਕ ਸ਼ਾਲ, ਸਨਮਾਨ ਚਿੰਨ, ਗੋਲਡ ਮੈਡਲ ਅਤੇ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ। ਵਿਦਾਇਗੀ ਰਸਮ ਤੇ ਰੱਖੇ ਗਏ ਸਮਾਗਮ ਵਿਚ ਵੱਡੀ ਗਿਣਤੀ ਵਿਚ ਚੰਡੀਗੜ੍ਹ ਦੇ ਸਕੂਲਾਂ ਦੇ ਮੁੱਖ ਅਧਿਆਪਕ ਅਤੇ ਅਧਿਆਪਕ ਜਥੇਬੰਦੀਆਂ ਦੇ ਪ੍ਰਮੁੱਖ ਆਗੁ, ਸਕੂਲ ਦੇ ਸਮੂਹ ਸਟਾਫ ਸਮੇਤ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸ੍ਰ. ਅਵਤਾਰ ਸਿੰਘ ਨੂੰ 36 ਸਾਲ ਦੀ ਸ਼ਾਨਦਾਰ ਸੇਵਾ ਕਰਨ ਉਪਰੰਤ ਸੇਵਾ ਮੁਕਤੀ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਵੱਖ-ਵੱਖ ਸਕੂਲਾਂ ਵਿਚ ਦਿੱਤੀਆਂ ਗਈਆਂ ਸੇਵਾਵਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਸੇਵਾ ਮੁਕਤੀ ਤੋਂ ਬਾਅਦ ਸ੍ਰ. ਅਵਤਾਰ ਸਿੰਘ ਨੂੰ ਸਮਾਜ ਸੇਵਾ ਅਤੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਵਿਚ ਜੁੱਟ ਜਾਣ ਦੀ ਸਲਾਹ ਦਿੱਤੀ|
ਇਸ ਮੌਕੇ ਹਾਜ਼ਰ ਵੱਖ-ਵੱਖ ਸਕੂਲਾਂ ਦੇ ਮੁੱਖ ਅਧਿਆਪਕ ਅਤੇ ਦੂਜੇ ਅਧਿਆਪਕਾਂ ਵਿੱਚ ਸ੍ਰ. ਸਾਹਿਬ ਸਿੰਘ, ਰਾਮ ਪ੍ਰਕਾਸ, ਸਰਬਜੀਤ ਸਿੰਘ, ਅਮਰੀਕ ਸਿੰਘ, ਦਲਬੀਰ ਸਿੰਘ, ਰਾਮੇਸ਼ ਕੁਮਾਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਸ੍ਰ. ਅਵਤਾਰ ਸਿੰਘ ਨੂੰ ਸੇਵਾ ਮੁਕਤੀ ਤੇ ਵਧਾਈ ਦਿੱਤੀ| ਇਸ ਤੋਂ ਪਹਿਲਾ ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਗੋਸਲ ਰਚਿਤ ਗੀਤ ‘‘ਆਓ ਕਰੀਏ ਪਿਆਰ ਪੰਜਾਬੀ ਤਾਂਈ, ਘਰ ਘਰ ਕਰ ਪ੍ਰਚਾਰ’’ ਗਾ ਕੇ ਬੁਲੰਦ ਆਵਾਜ਼ ਵਿਚ ਸਭ ਅਧਿਆਪਕਾਂ ਨੂੰ ਪੰਜਾਬੀ ਪ੍ਰੇਮ ਦਾ ਸੁਨੇਹ ਦਿੱਤਾ। ਅੰਤ ਵਿਚ ਸ੍ਰ. ਅਵਤਾਰ ਸਿੰਘ ਨੇ ਸਾਰੇ ਆਏ ਸਕੂਲ ਮੁਖੀਆਂ, ਅਧਿਆਪਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਸੇਵਾ ਮੁਕਤੀ ਉਪਰੰਤ ਉਹ ਪੂਰੀ ਤਰਾਂ ਸਮਾਜ ਸੇਵਾ ਅਤੇ ਪੰਜਾਬੀ ਦੇ ਪ੍ਰਚਾਰ ਲਈ ਸੰਸਥਾ ਨਾਲ ਮਿਲ ਕੇ ਮਨੋ-ਤਨੋ ਸੇਵਾ ਕਰਨਗੇ|
ਫੋਟੋ ਕੈਪਸ਼ਨ – ਮੁੱਖ ਅਧਿਆਪਕ ਅਵਤਾਰ ਸਿੰਘ ਦੇ ਸੇਵਾ ਮੁਕਤੀ ਮੌਕੇ ਬਹਾਦਰ ਸਿੰਘ ਗੋਸਲ ਅਤੇ ਜਗਤਾਰ ਸਿੰਘ ਜੋਗ ਵਲੋਂ ਸਨਮਾਨਿਤ ਕੀਤੇ ਜਾਣ ਸਮੇਂ ਦੀ ਤਸਵੀਰ

