www.sursaanjh.com > ਸਿੱਖਿਆ > ਅਖਾੜੇ ਅਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਪਾਠ ਦੇ ਭੋਗ ਪੁਆਏ

ਅਖਾੜੇ ਅਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਪਾਠ ਦੇ ਭੋਗ ਪੁਆਏ

ਚੰਡੀਗੜ੍ਹ 29 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸ੍ਰੀ ਵਿਸ਼ਵਕਰਮਾ ਮਹਾਂਵੀਰ ਜਿਮਨੇਜੀਅਮ ਅਤੇ ਰੈਸਲਿੰਗ ਕਲੱਬ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਬੀਤੇ ਦਿਨੀਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ। ਇਸ ਮੌਕੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਵੀ ਹਾਜ਼ਰੀ ਭਰੀ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਸ੍ਰੀ ਵਿਨੋਦ ਸ਼ਰਮਾ ਉਰਫ਼ ਗੋਲੂ ਪਹਿਲਵਾਨ ਦੀ ਪਤਨੀ ਅੰਬਿਕਾ ਸ਼ਰਮਾ ਨੇ ਦੱਸਿਆ ਕਿ ਇਹ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਖਾੜਾ ਮੁੱਲਾਂਪੁਰ ਗਰੀਬਦਾਸ ਅਤੇ ਨਗਰ ਖੇੜਾ ਮੁੱਲਾਂਪੁਰ ਗਰੀਬਦਾਸ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਨ ਲਈ ਕਰਵਾਇਆ ਗਿਆ ਹੈ, ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਸੰਤ ਬਾਬਾ ਮਨਜੀਤ ਸਿੰਘ ਜੀ ਛੰਨਾਂ ਵਾਲਿਆਂ ਨੇ ਸੰਗਤਾਂ ਨੂੰ ਕਥਾ ਵਿਚਾਰਾਂ ਰਾਹੀਂ ਨਿਹਾਲ ਕੀਤਾ। ਉਨ੍ਹਾਂ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿੱਚੋਂ ਉਨ੍ਹਾਂ ਸ਼ਬਦਾਂ ਦੇ ਅਰਥ, ਜਿਨ੍ਹਾਂ ਵਿੱਚ ਪਹਿਲਵਾਨੀ ਅਤੇ ਪਹਿਲਵਾਨਾਂ ਦਾ ਜ਼ਿਕਰ ਵੀ ਆਉਂਦਾ ਹੈ, ਨੂੰ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਗਿਆ।
ਇਸ ਤੋਂ ਇਲਾਵਾ ਉਨ੍ਹਾਂ ਮੌਜੂਦ ਅਖਾੜੇ ਦੇ ਪਹਿਲਵਾਨਾਂ ਨੂੰ ਦੱਸਿਆ ਕਿ ਉਹ ਭਾਵੇਂ ਹਿੰਦੂ, ਮੁਸਲਿਮ ਜਾ ਸਿੱਖ ਕਿਸੇ ਵੀ ਧਰਮ ਨਾਲ ਸਬੰਧਤ ਹੋਣ ਜੇਕਰ ਉਹ ਸੱਚੇ ਦਿਲੋਂ ਆਪਣੇ ਆਪਣੇ ਧਰਮ ਅਨੁਸਾਰ ਧਰਮ ਅਤੇ ਕਰਮ ਕਰਦੇ ਰਹਿਣਗੇ ਤਾਂ ਦੁਨੀਆਂ ਨੂੰ ਜਿੱਤ ਸਕਦੇ ਹਨ ਅਤੇ ਦੁਨੀਆ ਦੀ ਕੋਈ ਵੀ ਤਾਕਤ ਉਨ੍ਹਾਂ ਨੂੰ ਹਰਾ ਨਹੀਂ ਸਕਦੀ। ਇਸ ਮੌਕੇ ਭਾਜਪਾ ਆਗੂ, ਖੇਡ ਪ੍ਰਮੋਟਰ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਸ੍ਰੀ ਰਵੀ ਸ਼ਰਮਾ ਵੱਲੋਂ ਪੁੱਜੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸੰਤਾਂ ਨੂੰ ਸਿਰਪਾਓ ਦੇ ਕੇ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਨਵਰਾਤਰਿਆਂ ਮੌਕੇ ਉਨ੍ਹਾਂ ਵੱਲੋਂ ਆਪਣੇ ਦਫ਼ਤਰ ਵਿੱਚ ਰੋਜ਼ਾਨਾ ਸਵੇਰੇ ਸ਼ਾਮ ਸਨਾਤਨ ਧਰਮ ਦੇ ਪ੍ਰਵਚਨਾਂ ਦਾ ਪ੍ਰਵਾਹ ਕਰਵਾਇਆ ਜਾ ਰਿਹਾ ਹੈ, ਓਥੇ ਹੀ ਅੱਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਹੈ ਤਾਂ ਜੋ ਨਗਰ ਖੇੜਾ ਮੁੱਲਾਂਪੁਰ ਗਰੀਬਦਾਸ ਅਤੇ ਅਖਾੜਾ ਮੁੱਲਾਂਪੁਰ ਗਰੀਬਦਾਸ ਹਮੇਸ਼ਾ ਤਰੱਕੀਆਂ ਦੀਆਂ ਰਾਹਾਂ ਤੇ ਚੱਲੇ ਅਤੇ ਅਖਾੜੇ ਦੇ ਪਹਿਲਵਾਨ ਹਮੇਸ਼ਾ ਵਧੀਆ ਪ੍ਰਦਰਸ਼ਨ ਕਰਦਿਆਂ ਦੇਸ਼ ਦੁਨੀਆਂ ਵਿੱਚ ਇਲਾਕੇ ਦਾ ਨਾਮ ਰੌਸ਼ਨ ਕਰਦੇ ਰਹਿਣ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਗੋਲੂ ਪਹਿਲਵਾਨ, ਅੰਬਿਕਾ ਸ਼ਰਮਾ, ਪੂਜਾ ਸ਼ਰਮਾ, ਗੁਰਦਾਸ ਰਾਮ, ਪਹਿਲਵਾਨ ਸ਼ੇਰ ਸਿੰਘ, ਪੂਰਵੀ ਸ਼ਰਮਾ, ਓਮਵੀਰ ਸ਼ਰਮਾ, ਧਰਮਿੰਦਰ ਸਿੰਘ ਮੁੱਲਾਂਪੁਰ, ਮਨੀਸ਼ ਜੰਡ, ਹੈਪੀ ਮਹਿਰੋਲੀ, ਮੇਜਰ ਪੜੌਲ ਤੋਂ ਇਲਾਵਾ ਹੋਰ ਵੀ ਪਹਿਲਵਾਨ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *