ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਸਤੰਬਰ:


ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਪਿੰਡ ਸੁਧਾਰ ਕਮੇਟੀ ਦੇ ਸਹਿਯੋਗ ਨਾਲ ਸਰਕਾਰੀ ਸਮਾਰਟ ਮਾਡਲ ਮਿਡਲ ਸਕੂਲ ਬਠਲਾਣਾ (ਮੁਹਾਲੀ) ਵਿਖੇ ਇੱਕ ਸ਼ਾਨਦਾਰ ‘ਬਾਲ-ਮਿਲਨ’ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਅਤੇ ਪ੍ਰੈਸ ਸਕੱਤਰ ਅਮਰਜੀਤ ਸਿੰਘ ਬਠਲਾਣਾ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਤੇ ਸਕੂਲ ਦੇ ਬੱਚਿਆਂ ਵਲੋਂ ਇਕ ਸ਼ਾਨਦਾਰ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ ਜੋ ਸਕੂਲ ਦੀਆਂ ਅਧਿਆਪਕਾਵਾਂ ਨੇ ਬਹੁਤ ਮਿਹਨਤ ਨਾਲ ਤਿਆਰ ਕਰਵਾਇਆ ਸੀ। ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਬਹਾਦਰ ਸਿੰਘ ਗੋਸਲ ਦੇ ਰਚਿਤ ਤਿੰਨ ਸਮਾਜਿਕ ਗੀਤ ਪੇਸ਼ ਕੀਤੇ ਗਏ, ਜਿਨ੍ਹਾਂ ਦਾ ਬੱਚਿਆਂ ਅਤੇ ਅਧਿਆਪਕਾਂ ਨੇ ਖੂਬ ਅਨੰਦ ਮਾਣਿਆ। ਇਸ ਤੋਂ ਪਹਿਲਾਂ ਪਿੰਡ ਸੁਧਾਰ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਬਠਲਾਣਾ ਨੇ ਮੁੱਖ ਮਹਿਮਾਨ, ਦੂਜੇ ਮਹਿਮਾਨਾਂ, ਅਧਿਆਪਕਾਵਾਂ, ਬੱਚਿਆਂ ਅਤੇ ਪਿੰਡ ਦੇ ਪੰਤਵੰਤਿਆਂ ਨੂੰ ਜੀ ਆਇਆਂ ਆਖਦੇ ਹੋਏ ਸਮਾਗਮ ਦੀ ਰੂਪ ਰੇਖਾ ਬਾਰੇ ਦੱਸਿਆ। ਉਨ੍ਹਾਂ ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ।
ਬਾਲ ਕਵੀ ਦਰਬਾਰ ਵਿੱਚ ਭਾਗ ਲੈਣ ਵਾਲੇ ਸਾਰੇ 30 ਬੱਚਿਆਂ ਨੂੰ ਪ੍ਰਿੰ. ਗੋਸਲ ਰਚਿਤ ਬਾਲ ਪੁਸਤਕਾਂ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਕੂਲ ਦੀਆਂ ਅਧਿਆਪਕਾਵਾਂ ਮੈਡਮ ਜਸਵਿੰਦਰ ਕੌਰ, ਪੂਜਾ ਰਾਣੀ ਅਤੇ ਪਿਡ ਸੁਧਾਰ ਕਮੇਟੀ ਦੇ ਪ੍ਰਧਾਨ ਨੂੰ ਸਨਮਾਨ ਚਿੰਨ੍ਹ ਅਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਇਸ ਮੌਕੇ ਤੇ ਬੋਲਦਿਆਂ ਬੱਚਿਆਂ ਨੂੰ ਪੰਜਾਬੀ ਨਾਲ ਪਿਆਰ ਕਰਨ ਅਤੇ ਜਿੰਦਗੀ ਵਿੱਚ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਦੀ ਪ੍ਰੇਰਣਾ ਦੇਂਦੇ ਹੋਏ, ਪਿੰਡ ਸੁਧਾਰ ਕਮੇਟੀ ਬਠਲਾਣਾ ਦੇ ਸਮੂਹ ਮੈਂਬਰਾਂ ਨੂੰ ਵਿਲੱਖਣ ਕਾਰਜਾਂ ਲਈ ਹੋਰ ਉਤਸ਼ਾਹਿਤ ਕੀਤਾ ਅਤੇ ਸਕੂਲ ਦੀਆਂ ਅਧਿਆਪਕਾਵਾਂ ਨੂੰ ਬੱਚਿਆਂ ਵਿਚ ਮਨੁੱਖੀ ਕਦਰਾਂ-ਕੀਮਤਾਂ ਦੇ ਅਜਿਹੇ ਗੁਣ ਭਰਨ ਲਈ ਕਿਹਾ ਜਿਸ ਨਾਲ ਉਹ ਜਿੰਦਗੀ ਵਿਚ ਵਧੀਆ ਇਨਸਾਨ ਬਣ ਸਕਣ। ਸਕੂਲੀ ਬੱਚਿਆਂ ਨੇ ਇਸ ਬਾਲ ਮਿਲਨ ਸਮਾਗਮ ਦਾ ਬੜੀ ਰੌਚਿਕਤਾ ਨਾਲ ਅਨੰਦ ਮਾਣਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਪਿੰਡ ਸੁਧਾਰ ਕਮੇਟੀ ਬਠਲਾਣਾ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ ਜਿਹਨਾਂ ਨੇ ਬੱਚਿਆਂ ਵਲੋਂ ਸੁਣਾਈਆਂ ਕਵਿਤਾਵਾਂ ਦੀ ਖੂਬ ਪ੍ਰਸੰਸਾ ਕੀਤੀ। ਅੰਤ ਵਿਚ ਸਕੂਲ ਅਧਿਆਪਕਾਂ ਵਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਅਤੇ ਪਿੰਡ ਸੁਧਾਰ ਕਮੇਟੀ ਦੇ ਸਮੂਹ ਮੈਂਬਰਾਂ ਦਾ ਇਸ ਸ਼ਾਨਦਾਰ ਸਮਾਗਮ ਲਈ ਧੰਨਵਾਦ ਕੀਤਾ ਅਤੇ ਪਿੰਡ ਸੁਧਾਰ ਕਮੇਟੀ ਵਲੋਂ ਸਮੂਹ ਬੱਚਿਆਂ ਨੂੰ ਲੱਡੁ ਵੰਡੇ ਗਏ।
ਫੋਟੋ ਕੈਪਸ਼ਨ – ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਅਤੇ ਦੁਜੇ ਅਹੁਦੇਦਾਰ ਪਿੰਡ ਬਠਲਾਣਾ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਨੂੰ ਇਨਾਮ ਵੰਡਦੇ ਹੋਏ।

