ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਅਕਤੂਬਰ:


ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਅਤੇ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਵਲੋਂ ਸਾਂਝਾ ਸਾਹਿਤਕ ਸਨਮਾਨ ਸਮਾਗਮ ਅਤੇ ਕਵੀ ਦਰਬਾਰ 5 ਅਕਤੂਬਰ 2025 ਦਿਨ ਐਤਵਾਰ ਸਵੇਰੇ 10.30 ਵਜੇ ਸੈਣੀ ਭਵਨ ਸੈਕਟਰ-24, ਚੰਡੀਗੜ੍ਹ (ਸਾਹਮਣੇ ਬੱਤਰਾ ਥੀਏਟਰ) ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪ੍ਰਸਿੱਧ ਸਾਹਿਤਕਾਰ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਸੰਪਾਦਕ ਪੁਸਤਕ ‘‘ਦੋ ਤੇਰੀਆਂ ਦੋ ਮੇਰੀਆਂ’’ ਦਾ ਲੋਕ ਅਰਪਨ ਕਰਨ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਗਿਆਨੀ ਹਰਭਜਨ ਸਿੰਘ ਭਗਰੱਥ ਨੂੰ ‘‘ਮਾਣ ਪੰਜਾਬੀ ਦਾ ਅਵਾਰਡ’’ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਤੋਂ ਇਲਾਵਾ ਦੋਹਾਂ ਸੰਸਥਾਵਾਂ ਦੇ ਉੱਘੇ ਸਾਹਿਤਕਾਰਾਂ ਅਤੇ ਪੁਸਤਕ ਵਿਚਲੇ 42 ਲੇਖਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਸ਼ਿਰਕਤ ਕਰਨਗੇ, ਜਦੋਂਕਿ ਸਮਾਗਮ ਦੀ ਪ੍ਰਧਾਨਗੀ ਡਾ. ਬਲਬੀਰ ਸਿੰਘ ਢੋਲ ਪੀ.ਸੀ.ਐਸ. (ਰਿਟਾ.) ਸਾਬਕਾ ਡੀ.ਪੀ.ਆਈ. ਪੰਜਾਬ ਕਰਨਗੇ। ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਪ੍ਰੇਮ ਵਿੱਜ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰੀ ਭਰਨਗੇ ਅਤੇ ਪ੍ਰਧਾਨਗੀ ਮੰਡਲ ਵਿੱਚ ਦੋਹਾਂ ਸੰਸਥਾਵਾਂ ਦੇ ਪ੍ਰਧਾਨ ਸ਼ਾਮਲ ਹੋਣਗੇ, ਜਦੋਂਕਿ ਪੁਸਤਕ ਉੱਪਰ ਪਰਚਾ ਸਾਬਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ ਸ੍ਰੀ ਰਾਜ ਕੁਮਾਰ ਸਾਹੋਵਾਲੀਆ ਪੜ੍ਹਨਗੇ। ਕਵੀ ਦਰਬਾਰ ਵਿਚ ਹਾਜ਼ਰੀ ਲਗਾਉਣ ਲਈ ਤ੍ਰੈ-ਸਿਟੀ ਦੇ ਕਵੀਆਂ ਤੋਂ ਇਲਾਵਾ ਤਰਨਤਾਰਨ ਤੋਂ ਵੀ ਉੱਘੇ ਕਵੀ ਹਾਜ਼ਰ ਹੋਣਗੇ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਤਰਨਤਾਰਨ ਦੇ ਸਾਹਿਤਕ ਸਿਤਾਰੇ ਮੰਚ ਦੇ ਸਾਰੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ।
ਫੋਟੋ ਕੈਪਸ਼ਨ – ਆਪ ਜੀ ਲਈ ਸਮਾਗਮ ਦੀ ਕਵਰੇਜ ਅਤੇ ਸ਼ਾਮਲ ਹੋਣ ਲਈ ਸੱਦਾ ਪੱਤਰ ਦੀ ਕਾਪੀ।

