ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਕਤੂਬਰ:


ਸਰਦਾਰਾ ਸਿੰਘ ਚੀਮਾ ਵੱਲੋਂ ਸੰਚਾਲਿਤ ਅਤੇ ਭਾਅ ਜੀ ਗੁਰਸ਼ਰਨ ਸਿੰਘ ਵੱਲੋਂ ਸਥਾਪਤ ਕੀਤੀ ਗਈ ਸੰਸਥਾ ਸਾਹਿਤ ਚਿੰਤਨ, ਚੰਡੀਗੜ੍ਹ, ਪੰਜਾਬ ਦੀ ਇੱਕ ਵੱਕਾਰੀ ਸਾਹਿਤਕ ਸੰਸਥਾ ਹੈ, ਜਿਸ ਨੂੰ ਭਾਅ ਜੀ ਨੇ ਸਾਲ 1997 ਵਿੱਚ ਸਥਾਪਤ ਕੀਤਾ ਅਤੇ ਆਪਣੇ ਅੰਤਿਮ ਸਵਾਸਾਂ ਤੱਕ ਇਸ ਸੰਸਥਾ ਨੂੰ ਕਾਰਜਸ਼ੀਲ ਰੱਖਿਆ। ਸੰਸਥਾ ਵੱਲੋਂ ਆਪਣੀ ਮਾਸਿਕ ਇਕੱਤਰਤਾ ਦੌਰਾਨ ਮਿਤੀ 05 ਅਕਤੂਬਰ, 2025 ਨੂੰ ਸਵੇਰੇ 10.30 ਵਜੇ, ਪ੍ਰਾਚੀਨ ਕਲਾ ਕੇਂਦਰ, ਸੈਕਟਰ 35-ਬੀ, ਚੰਡੀਗੜ੍ਹ ਵਿਖੇ ਉੱਘੇ ਲੇਖਕ ਜਸਪਾਲ ਮਾਨਖੇੜਾ ਦੇ ਨਾਵਲ ਹਵੇਲੀਆਲ਼ਾ ‘ਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ। ਸਰਦਾਰਾ ਸਿੰਘ ਚੀਮਾ ਵੱਲੋਂ ਜਾਰੀ ਪੋਸਟਰ ਵਿੱਚ ਦੱਸਿਆ ਗਿਆ ਹੈ ਕਿ ਡਾ. ਅਰਵਿੰਦਰ ਕੌਰ ਕਾਕੜਾ ਇਸ ਨਾਵਲ ਬਾਰੇ ਸੰਵਾਦ ਰਚਾਉਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਡਾ. ਜਸਪਾਲ ਸਿੰਘ, ਸਾਬਕਾ ਸੰਪਾਦਕ, ਦੇਸ਼ ਸੇਵਕ ਵੱਲੋਂ ਕੀਤੀ ਜਾਵੇਗੀ।
ਨਾਵਲਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਭਾਅ ਜੀ ਦੇ ਸਾਥੀ ਵਜੋਂ ਕਾਰਜਸ਼ੀਲ ਸਰਦਾਰਾ ਸਿੰਘ ਚੀਮਾ ਨੇ ਭਾਅ ਜੀ ਤੋਂ ਬਾਅਦ ਇਸ ਸੰਸਥਾ ਦੀ ਕਮਾਨ ਸਾਂਭ ਕੇ ਉਸੇ ਵਿਰਾਸਤ ਨੂੰ ਅੱਗੇ ਤੋਰਿਆ ਹੈ। ਉਸੇ ਤਰਾਂ ਹੀ ਆਪ ਕੋਈ ਕਿਤਾਬ ਚੁਣਦੇ ਹਨ, ਖਰੀਦ ਕੇ ਵਿਦਵਾਨ ਚਿੰਤਕਾਂ, ਪਾਠਕਾਂ ਨੂੰ ਪੜ੍ਹਨ ਲਈ ਦਿੰਦੇ ਹਨ। ਮਹੀਨੇ ਦੋ ਮਹੀਨਿਆਂ ਦੇ ਪਾਠ-ਮੰਥਨ ਬਾਅਦ ਵਿਚਾਰ ਚਰਚਾ ਆਯੋਜਿਤ ਕਰਦੇ ਹਨ। ਚੀਮਾ ਜੀ ਅਜਿਹਾ ਲਗਾਤਾਰ, ਨਿਰੰਤਰ, ਨਿਰਵਿਘਨ ਕਰਦੇ ਚਲੇ ਆ ਰਹੇ ਹਨ। ਇਸੇ ਲੜੀ ਦੀ ਇਕ ਕੜੀ ਵਜੋਂ ਉਨ੍ਹਾਂ ਨੇ ਨਾਵਲ ਹਵੇਲੀਆਲ਼ਾ ਉਪਰ ਵਿਚਾਰ ਚਰਚਾ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਮੇਰਾ ਨਾਵਲ “ਹਵੇਲੀਆਲ਼ਾ” ਪੰਜਾਬ ਅੰਦਰ ਵਾਪਰਦੀਆਂ ਅਗਵਾ, ਬਲਾਤਕਾਰ, ਕਤਲ ਦੀਆਂ ਘਟਨਾਵਾਂ ਚੋਂ ਇੱਕ ਤੇ ਚੱਲੇ ਲੋਕ-ਘੋਲ ਉਪਰ ਅਧਾਰਿਤ ਹੈ। ਇਹ ਲੋਕ ਅੰਦੋਲਨ ਨੂੰ ਸਾਹਿਤ ਦੀ ਝੋਲੀ ਪਾਈ ਗਲਪੀ ਗਾਥਾ ਹੈ।ਉਨ੍ਹਾਂ ਇਸ ਨਾਵਲ ਉਪਰ ਰੱਖੀ ਵਿਚਾਰ ਚਰਚਾ ਵਿੱਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਹੈ।

