ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਕਤੂਬਰ:
ਅੱਜ ਵਿਸ਼ਵ ਪੰਜਾਬ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਅਤੇ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਵਲੋਂ ਇੱਕ ਸਾਂਝਾ ਸਨਮਾਨ ਸਮਾਗਮ ਅਤੇ ਕਵੀ ਦਰਬਾਰ, ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਦੋ ਤੇਰੀਆਂ ਦੋ ਮੇਰੀਆਂ’’ ਦਾ ਲੋਕ ਅਰਪਨ ਕੀਤਾ ਗਿਆ ਅਤੇ ਤਰਨਤਾਰਨ ਵਿਸ਼ਵ ਸਾਹਿਤਕ ਮੰਚ ਤਰਨਤਾਰਨ ਦੇ ਪ੍ਰਧਾਨ ਗਿਆਨੀ ਹਰਭਜਨ ਸਿੰਘ ਭਗਰੱਥ ਨੂੰ ‘‘ਮਾਣ ਪੰਜਾਬੀ ਦਾ ਅਵਾਰਡ’’ ਦਿੱਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਡਾ. ਬਲਬੀਰ ਸਿੰਘ ਢੋਲ ਪੀ.ਸੀ.ਐਸ. (ਰਿਟਾ.) ਅਤੇ ਸਾਬਕਾ ਡੀ.ਪੀ.ਆਈ. ਪੰਜਾਬ ਵਲੋਂ ਕੀਤੀ ਗਈ। ਪ੍ਰਸਿੱਧ ਪੱਤਰਕਾਰ ਪ੍ਰੇਮ ਵਿੱਜ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਤਰਨਤਾਰਨ ਸੰਸਥਾ ਦੇ ਪ੍ਰਧਾਨ ਹਰਭਜਨ ਸਿੰਘ ਭਗਰੱਥ ਅਤੇ ਰਾਜ ਕੁਮਾਰ ਸਾਹੋਵਾਲੀਆ ਵੀ ਸ਼ਾਮਲ ਹੋਏ।


ਸਮਾਗਮ ਦਾ ਅਰੰਭ ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਬਹਾਦਰ ਸਿੰਘ ਗੋਸਲ ਰਚਿਤ ਧਾਰਮਿਕ ਗੀਤ ‘‘ਕੀ ਸਿਫ਼ਤ ਕਰਾਂ, ਨੀਲੇ ਦੇ ਸ਼ਾਹ ਅਸਵਾਰ ਦੀ’’ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਉਸ ਤੋਂ ਬਾਅਦ ਬਹਾਦਰ ਸਿੰਘ ਗੋਸਲ ਵਲੋਂ ਸਭ ਆਏ ਮਹਿਮਾਨਾਂ, ਕਵੀਆਂ ਅਤੇ ਲੇਖਕਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਮਹਿਮਾਨਾਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਤਰਨਤਾਰਨ ਤੋਂ ਪਹੁੰਚੇ ਹੋਏ ਸਭ ਸਾਹਿਤਕਾਰਾਂ ਦਾ ਚੰਡੀਗੜ੍ਹ ਪਹੁੰਚਣ ਲਈ ਧੰਨਵਾਦ ਕੀਤਾ। ਇਸ ਤੋਂ ਬਾਅਦ ਪੁਸਤਕ ‘‘ਦੋ ਤੇਰੀਆਂ ਦੋ ਮੇਰੀਆਂ’’ ਦਾ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਨ ਕੀਤਾ ਗਿਆ। ਪੁਸਤਕ ਪਰ ਪਰਚਾ ਰਾਜ ਕੁਮਾਰ ਸਾਹੋਵਾਲੀਆ ਨੇ ਬਹੁਤ ਹੀ ਨਿਵੇਕਲੇ ਢੰਗ ਨਾਲ ਵਿਸਥਾਰ ਵਿਚ ਪੜ੍ਹਿਆ ਅਤੇ ਪੁਸਤਕ ਦੇ ਲੇਖਕਾਂ ਅਤੇ ਸੰਪਾਦਕ ਨੂੰ ਵਧਾਈ ਦਿੱਤੀ। ਇਸ ਉਪਰੰਤ ਸਨਮਾਨ ਸਮਾਰੋਹ ਦੀ ਰਸਮ ਕੀਤੀ ਗਈ, ਜਿਸ ਵਿਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਅਗਵਾਈ ਵਿਚ ਪ੍ਰਸਿੱਧ ਸਾਹਿਤਕਾਰ ਗਿਆਨੀ ਹਰਭਜਨ ਸਿੰਘ ਭਗਰੱਥ ਨੂੰ ‘‘ਮਾਣ ਪੰਜਾਬੀ ਦਾ ਅਵਾਰਡ’’ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਵਿਚ ਉਨ੍ਹਾਂ ਨੂੰ ਇੱਕ ਸ਼ਾਲ, ਮੋਮੈਂਟੋ, ਪ੍ਰਸੰਸਾ ਪੱਤਰ, ਸਨਮਾਨ ਚਿੰਨ, ਗੋਲਡ ਮੈਡਲ, ਪੁਸਤਕਾਂ ਦਾ ਸੈੱਟ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ। ਉਨ੍ਹਾਂ ਦੇ ਨਾਲ ਹੀ ਤਰਨਤਾਰਨ ਸੰਸਥਾ ਦੇ ਸਾਰੇ ਅਹੁਦੇਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੂੰ ਸਨਮਾਨ ਚਿੰਨ੍ਹ ਸ਼ਾਲ ਅਤੇ ਪੁਸਤਕਾਂ ਦੇ ਸੈੱਟ ਦਿੱਤੇ ਗਏ। ਤਰਨਤਾਰਨ ਸੰਸਥਾ ਦੇ ਚੇਅਰਮੈਨ ਅਤੇ ਪ੍ਰਧਾਨ ਸਮੇਤ ਸੱਤ ਅਹੁਦੇਦਾਰ ਹਾਜ਼ਰ ਸਨ। ਇਸ ਉਪਰੰਤ ਸਮਾਗਮ ਦੇ ਮੁੱਖ ਮਹਿਮਾਨ, ਦਰਸ਼ਨ ਸਿੰਘ ਆਸ਼ਟ ਅਤੇ ਪ੍ਰਧਾਨਗੀ ਕਰ ਰਹੇ ਬਲਬੀਰ ਸਿੰਘ ਢੋਲ ਨੂੰ ਵੀ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਸਨਮਾਨ ਸਮਾਗਮ ਵਿਚ ਪੁਸਤਕ ਵਿਚਲੇ 42 ਲੇਖਕਾਂ, ਜਿਨ੍ਹਾਂ ਵਿਚ 18 ਲੇਖਕ ਅਤੇ 24 ਲੇਖਿਕਾਵਾਂ ਸ਼ਾਮਲ ਸਨ ਨੂੰ ਬਹੁਤ ਹੀ ਸਤਿਕਾਰ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੂੰ ਪੁਸਤਕਾਂ, ਗੋਲਡ ਮੈਡਲ, ਸਨਮਾਨ ਪਾਤਰ ਅਤੇ ਪ੍ਰਸੰਸਾ ਪੱਤਰ ਭੇਟ ਕੀਤੇ ਗਏ| ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਆਪਣੀ ਸੰਸਥਾ ਦੇ ਅਹੁਦੇਦਾਰਾਂ ਅਤੇ ਵਿਸ਼ੇਸ਼ ਤੌਰ ਤੇ ਗੁਰਦਰਸ਼ਨ ਮਾਵੀ ਅਤੇ ਜਸਵਿੰਦਰ ਸਿਘ ਕਾਈਨੌਰ ਵੀ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਦੂਜੇ ਦੌਰ ਵਿਚ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਧਿਆਨ ਸਿੰਘ ਕਾਹਲੋਂ, ਅਵਤਾਰ ਸਿੰਘ ਮਹਿਤਪੁਰੀ, ਮੈਡਮ ਹਰਦੀਪ ਵਿਰਕ, ਬਲਜਿੰਦਰ ਕੌਰ ਸ਼ੇਰਗਿਲ, ਭੁਪਿੰਦਰ ਸਿੰਘ ਭਾਗੋਮਾਜਰੀਆ, ਕ੍ਰਿਸ਼ਨ ਰਾਹੀ, ਗੁਰਦਰਸ਼ਨ ਮਾਵੀ, ਦਲਬੀਰ ਸਿੰਘ ਸਰੋਆ, ਜਗਤਾਰ ਸਿੰਘ ਜੋਗ, ਤਰਸੇਮ ਕਾਲੇਵਾਲ, ਪ੍ਰਤਾਪ ਪਾਰਸ ਗੁਰਦਾਸਪੁਰੀ, ਕੁਲਵਿੰਦਰ ਸਿੰਘ ਜ਼ਾਖਲ, ਗੋਪਾਲ ਸ਼ਰਮਾ, ਨਾਨਕ ਚੰਦ ਵਿਰਲੀ, ਡਾ. ਦਰਸ਼ਨ ਆਸ਼ਟ, ਪ੍ਰੇਮ ਵਿਜ ਅਤੇ ਹੋਰ ਸ਼ਾਮਲ ਸਨ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਹਾਜ਼ਰ ਵਿਅਕਤੀਆਂ ਵਿਚ ਰਾਜਵਿੰਦਰ ਸਿੰਘ ਗੱਡੂ, ਰਾਜਿੰਦਰ ਸਿੰਘ ਧੀਮਾਨ, ਐਡਵੋਕੇਟ ਨੀਲਮ ਨਾਰੰਗ, ਡਾ. ਵਿਨੋਦ ਸ਼ਰਮਾ, ਡਾ. ਸੰਗੀਤਾ ਸ਼ਰਮਾ ਕੁੰਦਰਾ, ਮੰਦਰ ਗਿੱਲ, ਗੁਰਜੋਧ ਕੌਰ, ਪਾਲ ਅਜਨਵੀ, ਤੇਜਾ ਸਿੰਘ ਥੂਹਾ, ਡਾ. ਮਨਜੀਤ ਮਝੈਲ, ਗੋਪਾਲ ਸ਼ਰਮਾ, ਅਜਾਇਬ ਔਜਲਾ, ਬਾਬੂ ਰਾਮ ਦੀਵਾਨਾ, ਸੁਨੀਤਾ ਰਾਣੀ, ਰਘਬੀਰ ਸਿੰਘ ਅਨੰਦ, ਡਾ. ਪੰਨਾ ਲਾਲ, ਰਘਬੀਰ ਸਿੰਘ ਸਾਬਕਾ ਆਈ.ਏ.ਐਸ., ਸੁਖਵਿੰਦਰ ਸਿੰਘ, ਚਰਨਜੀਤ ਕੌਰ ਬਾਠ, ਮਲਕੀਤ ਬਸਰਾ, ਸਰਬਜੀਤ ਸਿੰਘ, ਜਸਵਿੰਦਰ ਸਿੰਘ ਕਾਈਨੌਰ, ਪਿਆਰਾ ਸਿੰਘ ਰਾਹੀ, ਕੁਲਵਿੰਦਰ ਸਿੰਘ ਬੱਬੂ, ਰਣਜੀਤ ਕੌਰ ਸਿਕਮ, ਸ਼ਾਇਰ ਭੱਟੀ, ਰਾਜੇਸ਼ ਕੁਮਾਰ, ਬਲਵਿੰਦਰ ਸਿੰਘ, ਕਮਲ, ਸੰਨੀ ਅਤੇ ਬਹੁਤ ਸਾਰੇ ਹੋਰ ਸ਼ਾਮਲ ਸਨ।
ਇਸ ਮੌਕੇ ਤੇ ਬੋਲਦਿਆਂ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਲੇਖਕਾਂ ਨੂੰ ਵਧਾਈ ਦੇਂਦੇ ਹੋਏ ਸਾਰਥਿਕ ਲਿਖਣ ਦੀ ਅਪੀਲ ਕੀਤੀ| ਉਨ੍ਹਾਂ ਨੇ ਤਰੱਨਮ ਵਿਚ ‘‘ਚਿੜੀ’’ ਬਾਰੇ ਭਾਵਪੂਰਵਕ ਕਵਿਤਾ ਵੀ ਸੁਣਾਈ| ਸ੍ਰ. ਬਲਬੀਰ ਸਿੰਘ ਢੋਲ ਨੇ ਇਸ ਵੱਡੇ ਉਪਰਾਲੇ ਲਈ ਦੋਹਾਂ ਸੰਸਥਾਵਾਂ ਨੂੰ ਵਧਾਈ ਦਿੱਤੀ ਅਤੇ ਸਭ ਲੇਖਕਾਂ ਨੂੰ ਸ਼ਾਨਦਾਰ ਕਵਿਤਾਵਾਂ ਲਈ ਪੁਸਤਕ ਦਾ ਹਿੱਸਾ ਬਨਣ ਤੇ ਮੁਬਾਰਕਵਾਦ ਦਿੱਤੀ, ਅੰਤ ਵਿੱਚ ਡਾ. ਪੰਨਾ ਲਾਲ ਮੁਸਤਫਾਬਾਦੀ ਨੇ ਧੰਨਵਾਦ ਕੀਤਾ।
ਫੋਟੋ ਕੈਪਸ਼ਨ – ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਸੰਪਾਦਿਤ ਪੁਸਤਕ ‘‘ਦੋ ਤੇਰੀਆਂ- ਦੋ ਮੇਰੀਆਂ’’ ਦਾ ਲੋਕ ਅਰਪਨ ਕਰਦੇ ਹੋਏ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਆਸ਼ਟ ਅਤੇ ਪ੍ਰਧਾਨਗੀ ਮੰਡਲ ਵਿੱਚ ਡਾ. ਬਲਬੀਰ ਸਿੰਘ ਢੋਲ ਪੀ.ਸੀ.ਐਸ. (ਰਿਟਾ.) ਅਤੇ ਗਿਆਨੀ ਹਰਭਜਨ ਸਿੰਘ ਭਗਰੱਥ।

