ਚੰਡੀਗੜ੍ਹ (ਸੁਰ ਸਾਂਝ ਡਾਟ ਡਾਟ ਕਾਮ ਬਿਊਰੋ), 15 ਅਕਤੂਬਰ:
ਅਦਾਰਾ ‘ਸੰਵੇਦਨਾ’ ਚੰਡੀਗੜ੍ਹ ਵੱਲੋਂ ਜੇਹਲਮ ਹਾਲ, ਕਿਸਾਨ ਭਵਨ, ਚੰਡੀਗੜ੍ਹ ਵਿਖੇ ਪੰਜਾਬੀ ਹੈਰੀਟੇਜ ਸੱਥ ਮੈਗਜ਼ੀਨ ਲੋਕ ਅਰਪਣ ਅਤੇ ਸਨਮਾਨ ਸਮਾਗਮ ਰਚਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਵੱਲੋਂ ਕੀਤੀ ਗਈ ਅਤੇ ਡਾ. ਲਾਭ ਸਿੰਘ ਖੀਵਾ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਿਡਨੀ ਵਿੱਚ ਯਮਲਾ ਜੱਟ ਵਜੋਂ ਜਾਣੇ ਜਾਂਦੇ ਬੁਲੰਦ ਆਵਾਜ਼ ਦੇ ਮਾਲਕ ਗਾਇਕ ਦਵਿੰਦਰ ਸਿੰਘ ਧਾਰੀਆ, ਨਰਿੰਦਰਪਾਲ ਸਿੰਘ (ਇਟਲੀ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਿੱਚ ਡਾ. ਦਵਿੰਦਰ ਸਿੰਘ ਬੋਹਾ ਵੀ ਸ਼ਾਮਿਲ ਸਨ। ਇਸ ਮੌਕੇ ਆਏ ਮਹਿਮਾਨਾਂ ਦਾ ਬੁੱਕੇ ਅਤੇ ਲੋਈ ਆਦਿ ਨਾਲ਼ ਸਨਮਾਨ ਕਰਨ ਉਪਰੰਤ ਪੰਜਾਬੀ ਹੈਰੀਟੇਜ ਸੱਥ ਮੈਗਜ਼ੀਨ ਰਿਲੀਜ਼ ਵੀ ਕੀਤਾ ਗਿਆ।


ਸਮਾਗਮ ਦੇ ਕੋਆਰਡੀਨੇਟਰ ਇੰਦਰਜੀਤ ਪ੍ਰੇਮੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਹਰਕੀਰਤ ਸਿੰਘ ਸੰਧਰ ਵੱਲੋਂ ਪ੍ਰਵਾਸ ਹੰਢਾਉਂਦਿਆਂ ਭਾਰਤੀਆਂ ਦੇ ਆਸਟਰੇਲੀਆ ਵੱਲ ਪ੍ਰਵਾਸ ਦੇ ਲਗਭਗ ਚਾਰ ਹਜ਼ਾਰ ਸਾਲ ਪਹਿਲਾਂ ਦੇ ਸਮੇਂ ਨੂੰ ਆਪਣੀ ਪਲੇਠੀ ਪੁਸਤਕ ‘ਜਦੋਂ ਤੁਰੇ ਸੀ’ ਰਾਹੀਂ ਬਿਆਨਿਆ ਹੈ। ਇਸੇ ਤਰ੍ਹਾਂ ਉਨ੍ਹਾਂ ਕਿਸਾਨ ਨਾਮਾ, ਮੇਰੇ ਹਿੱਸੇ ਦਾ ਲਾਹੌਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਪੁਸਤਕਾਂ ਰਾਹੀਂ ਇੱਕ ਪਰਪੱਕ ਲੇਖਕ ਹੋਣ ਦਾ ਸਬੂਤ ਦਿੱਤਾ ਹੈ। ਪ੍ਰਬੰਧਕੀ ਸੰਪਾਦਕ ਧਰਮਿੰਦਰ ਔਲਖ ਨੇ ‘ਪੰਜਾਬੀ ਹੈਰੀਟੇਜ ਸੱਥ‘ ਮੈਗਜ਼ੀਨ ਬਾਰੇ ਚਾਨਣਾ ਪਾਇਆ। ਮੈਗਜ਼ੀਨ ਦੇ ਮੁੱਖ ਸੰਪਾਦਕ ਹਰਕੀਰਤ ਸਿੰਘ ਸੰਧੂ ਨੇ ਆਪਣੇ ਹੁਣ ਤੱਕ ਦੇ ਸਾਹਿਤਕ ਸਫਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਆਸਟਰੇਲੀਆ ਵਿਖੇ ਭਾਰਤੀਆਂ ਵੱਲੋਂ ਹਜ਼ਾਰਾਂ ਸਾਲ ਪਹਿਲਾਂ ਕੀਤੇ ਪ੍ਰਵਾਸ ਬਾਰੇ ਵਿਚਾਰ ਪ੍ਰਗਟਾਏ। ਇਸੇ ਤਰ੍ਹਾਂ ਉਨ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਪਿੱਠ ਭੂਮੀ ਨੂੰ ਇਤਿਹਾਸ-ਮਿਥਿਹਾਸ ਦੀ ਅਮੀਰ ਵਿਰਾਸਤ ਆਖਿਆ। ਉਨ੍ਹਾਂ ਲਾਹੌਰ ਨਾਲ਼ ਜੁੜੀਆਂ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਇਸੇ ਤਰ੍ਹਾਂ ਕਿਸਾਨੀ ਅੰਦੋਲਨ ਦੀਆਂ ਅਸਲ ਘਟਨਾਵਾਂ ਬਾਰੇ ਆਪਣੇ ਵਿਚਾਰ ਪ੍ਰਗਟਾਏ। ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਨੇ ਆਖਿਆ ਕਿ ਪੰਜਾਬੀਆਂ ਵਿੱਚ ਪੜ੍ਹਨ ਦੀ ਰੁਚੀ ਦਿਨੋ-ਦਿਨ ਘੱਟ ਹੋਣ ਅਤੇ ਮੈਗਜ਼ੀਨਾਂ ਦੇ ਛੇਤੀ ਬੰਦ ਹੋ ਜਾਣ ਦੇ ਦੁਖਾਂਤ ਨੂੰ ਸਾਂਝਾ ਕੀਤਾ। ਇਸ ਮੌਕੇ ਦਵਿੰਦਰ ਸਿੰਘ ਧਾਰੀਆ ਜੋ ਮਰਹੂਮ ਗਾਇਕ ਯਮਲਾ ਜੱਟ ਨਾਲ਼ ਬਹੁਤ ਲੰਮਾ ਸਮਾਂ ਰਹੇ, ਨੇ ਉਨ੍ਹਾਂ ਦੇ ਬਹੁਤ ਸਾਰੇ ਯਾਦਗਾਰੀ ਗੀਤ ਗਾ ਕੇ ਸੁਣਾ ਕੇ ਸਮਾਗਮ ਵਿੱਚ ਵੱਖਰਾ ਭਰ ਦਿੱਤਾ।
ਡਾ. ਲਾਭ ਸਿੰਘ ਖੀਵਾ ਨੇ ਆਖਿਆ ਕਿ ਇਹ ਮੈਗਜ਼ੀਨ ਦਿੱਖ ਪੱਖੋ ਉੱਚ ਪਾਏ ਦਾ ਹੈ ਪਰ ਸਾਨੂੰ ਇਸ ਦੇ ਮੈਟਰ ਵੱਲ ਖਾਸ ਤਵੱਜੋਂ ਦੇਣੀ ਚਾਹੀਦੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦਰਪੇਸ਼ ਮਸਲਿਆਂ ਅਤੇ ਸੰਕਟਾਂ ਬਾਰੇ ਖੁੱਲ੍ਹ ਕੇ ਲਿਖਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸੰਧਰ ਇਸ ਪੱਖੋਂ ਹਿੰਮਤੀ ਹੈ ਕਿ ਉਸਨੇ ਪੰਜਾਬੀ ਸਾਹਿਤ ਜਗਤ ਨੂੰ ਮਿਆਰੀ ਪੁਸਤਕਾਂ ਦਿੱਤੀਆਂ ਹਨ। ਹੁਣ ਉਨ੍ਹਾਂ ਵੱਲੋਂ ਪ੍ਰਕਾਸ਼ਿਤ ਕੀਤੇ, ਏਥੇ ਲੋਕ ਅਰਪਣ ਹੋਏ ਮੈਗਜ਼ੀਨ ਰਾਹੀਂ ਪੰਜਾਬੀਅਤ ਦੀ ਸੇਵਾ ਕਰਨ ਦਾ ਜੋ ਬੀੜਾ ਉਠਾਇਆ ਗਿਆ ਹੈ, ਉਸ ਵਿੱਚ ਵੀ ਉਹ ਜ਼ਰੂਰ ਸਫਲ ਹੋਣਗੇ।
ਇਸ ਮੌਕੇ ਡਾ. ਦਵਿੰਦਰ ਸਿੰਘ ਬੋਹਾ, ਕੇ. ਪੀ. ਸਿੰਘ, ਪਰਮਜੀਤ ਸਿੰਘ, ਕਰਨਲ ਜਗਤਾਰ ਸਿੰਘ ਮੁਲਤਾਨੀ, ਕਹਾਣੀਕਾਰ ਪਰਮਜੀਤ ਮਾਨ, ਸਰੂਪ ਸਿਆਲ਼ਵੀ, ਜੇ.ਐਸ. ਮਹਿਰਾ, ਡਾ. ਅਵਤਾਰ ਸਿੰਘ ਪਤੰਗ, ਪਾਲ ਅਜਨਬੀ, ਪੰਡਤਰਾਓ ਧਰਨੇਕਰ ਆਦਿ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ ਗਏ। ਮੰਚ ਸੰਚਾਲਨ ਸੁਰਜੀਤ ਸੁਮਨ ਵੱਲੋਂ ਕੀਤਾ ਗਿਆ।

