ਕਹਾਣੀਕਾਰ ਕੇਸਰਾ ਰਾਮ, ਗਿਆਨ ਪ੍ਰਕਾਸ਼ ਵਿਵੇਕ, ਰਾਜਿੰਦਰ ਕੁਮਾਰ ਕਨੌਜੀਆ, ਸੁਨੈਨਾ ਜੈਨ ਅਤੇ ਜਤਿੰਦਰ ਪ੍ਰਵਾਜ਼ ਵੱਲੋਂ ਕਰਮਵਾਰ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਕਹਾਣੀਕਾਰ ਪੜ੍ਹੀਆਂ ਗਈਆਂ – ਸੁਭਾਸ਼ ਭਾਸਕਰ
ਅੱਜ ਦਾ ਕਹਾਣੀ ਦਰਬਾਰ ਸ਼ਬਦਾਂ ਅਤੇ ਭਾਵਨਾਵਾਂ ਦਾ ਇੱਕ ਤਿਉਹਾਰ ਜਿਹਾ ਅਨੁਭਵ ਹੋਇਆ – ਡਾ. ਅਨੀਸ਼ ਗਰਗ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਕਤੂਬਰ:


ਅੱਜ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਅਤੇ ਵਾਈਸ ਚੇਅਰਮੈਨ ਡਾ. ਅਨੀਸ਼ ਗਰਗ, ਸਕੱਤਰ ਸੁਭਾਸ਼ ਭਾਸਕਰ ਦੀ ਅਗਵਾਈ ਹੇਠ “ਕਹਾਣੀ ਦਰਬਾਰ” ਦਾ ਸਫਲ ਆਯੋਜਨ ਕੀਤਾ ਗਿਆ। ਕਾਰਜਕ੍ਰਮ ਦੀ ਪ੍ਰਧਾਨਗੀ ਪ੍ਰਸਿੱਧ ਲੇਖਕ ਅਤੇ ਕਹਾਣੀਕਾਰ ਗੁਲਜ਼ਾਰ ਸਿੰਘ ਸੰਧੂ ਨੇ ਕੀਤੀ। ਡਾ. ਮਨਮੋਹਨ ਸਿੰਘ ਨੇ ਕਹਾਣੀਕਾਰਾਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇੱਕ ਕਹਾਣੀਕਾਰ ਵਿੱਚ ਵਿਲੱਖਣ ਪ੍ਰਤਿਭਾ ਹੁੰਦੀ ਹੈ, ਜੋ ਆਪਣੇ ਆਲੇ-ਦੁਆਲੇ ਦੇ ਸਾਰੇ ਪਾਤਰਾਂ ਅਤੇ ਘਟਨਾਵਾਂ ਨੂੰ ਗਹਿਰਾਈ ਨਾਲ ਵੇਖਦਾ ਹੈ ਅਤੇ ਆਪਣੀ ਕਲਪਨਾਤਮਕਤਾ ਤੇ ਸਿਰਜਣਸ਼ੀਲਤਾ ਦੇ ਮਿਲਾਪ ਨਾਲ ਕਹਾਣੀ ਰਚਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਾਹਿਤ ਅਕਾਦਮੀ ਦਾ ਇਹ ਮੰਚ ਖੁਸ਼ਕਿਸਮਤ ਹੈ, ਜਿਸ ਨੂੰ ਸ਼ਹਿਰ ਦੇ ਸਾਹਿਤ ਪ੍ਰੇਮੀਆਂ ਨੂੰ ਇੰਨੇ ਵਿਦਵਾਨ ਕਹਾਣੀਕਾਰਾਂ ਨੂੰ ਸੁਣਨ ਦਾ ਸੁਨਿਹਰਾ ਮੌਕਾ ਮਿਲ ਰਿਹਾ ਹੈ। ਇਹ ਲੇਖਕ ਸਿਰਫ਼ ਸਾਹਿਤ ਨੂੰ ਹੀ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਵੀ ਨਵਾਂ ਸੋਚਣ ਦਾ ਨਜ਼ਰੀਆ ਦੇ ਰਹੇ ਹਨ।
ਇਸ ਕਹਾਣੀ ਦਰਬਾਰ ਵਿੱਚ ਸਭ ਤੋਂ ਪਹਿਲਾਂ ਦਿੱਲੀ ਦੇ ਲੇਖਕ ਕੇਸਰਾ ਰਾਮ ਨੇ ਪੰਜਾਬੀ ਕਹਾਣੀ ਵਾਇਰਸ ਰਾਹੀਂ ਕਰੋਨਾ ਕਾਲ ਦੇ ਤਜ਼ਰਬਿਆਂ ਨੂੰ ਆਪਣੀ ਕਹਾਣੀ ਵਿੱਚ ਬਹੁਤ ਹੀ ਸੁੰਦਰ ਢੰਗ ਨਾਲ ਉਤਾਰਿਆ। ਬਹਾਦੁਰਗੜ੍ਹ ਤੋਂ ਆਏ ਸੀਨੀਅਰ ਕਹਾਣੀਕਾਰ ਗਿਆਨ ਪ੍ਰਕਾਸ਼ ਵਿਵੇਕ ਨੇ ਹਿੰਦੀ ਕਹਾਣੀ ਸ਼ਹਿਰ ਛੋੜਤੇ ਹੂਏ ਰਾਹੀਂ ਆਪਣੇ ਪਾਤਰ ਦੀ ਸ਼ਹਿਰ ਛੱਡਣ ਦੀ ਪੀੜਾ ਅਤੇ ਸੰਵੇਦਨਾ ਨੂੰ ਗਹਿਰਾਈ ਨਾਲ ਪੇਸ਼ ਕੀਤਾ। ਇਸ ਤੋਂ ਬਾਅਦ ਡਾ. ਰਾਜਿੰਦਰ ਕੁਮਾਰ ਕਨੌਜੀਆ ਨੇ ਆਪਣੀ ਹਿੰਦੀ ਕਹਾਣੀ ਦਰਵਾਜ਼ਾ ਰਾਹੀਂ ਘਰ ਦੇ ਮੁੱਖ ਦਰਵਾਜ਼ੇ ਨੂੰ ਆਪਣੇ ਸੰਵਾਦ ਤੇ ਭਾਵਨਾ ਨਾਲ ਜੀਵੰਤ ਕਰ ਦਿੱਤਾ। ਲੇਖਿਕਾ ਸੁਨੈਨਾ ਜੈਨ ਨੇ ਆਪਣੀ ਅੰਗ੍ਰੇਜ਼ੀ ਕਹਾਣੀ “ਦ ਪੇਸ਼ੰਸ ਸਟੋਨ” ਵਿੱਚ ਮੁੱਖ ਕਿਰਦਾਰ ਦੀ ਆਦਰਸ਼ ਆਂਟੀ ਜੀ ਦਾ ਜ਼ਿਕਰ ਕੀਤਾ, ਜੋ ਹਰ ਮੁਸ਼ਕਲ ਹਾਲਤ ਵਿੱਚ ਧੀਰਜ ਤੇ ਆਤਮ-ਵਿਸ਼ਵਾਸ ਨਾਲ ਇੱਕ ਮਜ਼ਬੂਤ ਪੱਥਰ ਵਾਂਗ ਖੜ੍ਹੀ ਰਹੀ। ਸ਼ਾਇਰ ਅਤੇ ਕਹਾਣੀਕਾਰ ਜਤਿੰਦਰ ਪਰਵਾਜ਼ ਨੇ ਆਪਣੀ ਉਰਦੂ ਕਹਾਣੀ ਏਕ ਮਾਸੂਮ ਕਾ ਖੁਆਬ ਰਾਹੀਂ ਗਰੀਬ ਘਰ ਦੇ ਬੱਚੇ ਦੀਪੂ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਪੇਸ਼ ਕੀਤੀ, ਜਿਸ ਵਿੱਚ ਉਸਦੀ ਪੀੜਾ ਹੈ ਕਿ ਉਸਨੂੰ ਰਾਮਲੀਲਾ ਵਿੱਚ ਲਕਸ਼ਮਣ ਦਾ ਰੋਲ ਨਹੀਂ ਮਿਲਦਾ, ਕਿਉਂਕਿ ਉੱਥੇ ਹਮੇਸ਼ਾ ਅਮੀਰ ਪਰਿਵਾਰਾਂ ਦੇ ਬੱਚਿਆਂ ਨੂੰ ਤਰਜੀਹ ਮਿਲਦੀ ਹੈ। ਪਰ ਜਦੋਂ ਲਕਸ਼ਮਣ ਦੀ ਭੂਮਿਕਾ ਕਰਨ ਵਾਲਾ ਬੱਚਾ ਇਨਕਾਰ ਕਰਦਾ ਹੈ, ਤਾਂ ਦੀਪੂ ਨੂੰ ਉਹ ਮੌਕਾ ਮਿਲ ਜਾਂਦਾ ਹੈ।
ਵਾਇਸ ਚੇਅਰਮੈਨ ਡਾ. ਅਨੀਸ਼ ਗਰਗ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦਾ ਕਹਾਣੀ ਦਰਬਾਰ ਸ਼ਬਦਾਂ ਅਤੇ ਭਾਵਨਾਵਾਂ ਦਾ ਇੱਕ ਤਿਉਹਾਰ ਜਿਹਾ ਅਨੁਭਵ ਹੋਇਆ। ਉਨ੍ਹਾਂ ਕਿਹਾ ਕਿ ਲੇਖਕਾਂ ਦੀਆਂ ਕਹਾਣੀਆਂ ਵਿੱਚ ਸਿਰਫ਼ ਘਟਨਾਵਾਂ ਹੀ ਨਹੀਂ, ਸਗੋਂ ਜੀਵਨ ਦੇ ਅਨੁਭਵਾਂ ਦੀਆਂ ਜੀਵੰਤ ਛਾਵਾਂ ਵੀ ਮਹਿਸੂਸ ਹੋਈਆਂ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪ੍ਰਬੁੱਧ ਸਾਹਿਤਕਾਰ ਜੰਗ ਬਹਾਦੁਰ ਗੋਯਲ, ਪ੍ਰੋ. ਅਸ਼ੋਕ ਸਭਰਵਾਲ, ਡਾ. ਪਰਵੀਨ ਕੁਮਾਰ, ਗੁਲ ਚੌਹਾਨ, ਬਲੀਜੀਤ, ਸੰਤੋਸ਼ ਧੀਮਾਨ, ਪ੍ਰੇਮ ਵਿਜ, ਡਾ. ਹਰਬੰਸ ਕੌਰ, ਦੀਪਕ ਚਨਾਰਥਲ, ਅਮਨਦੀਪ ਸੈਣੀ, ਅਸ਼ਵਿਨੀ ਸ਼ਾਂਡਿਲਿਆ, ਅਸ਼ੋਕ ਭੰਡਾਰੀ, ਡਾ. ਦਲਜੀਤ ਕੌਰ, ਜਗਦੀਪ ਸਿੱਧੂ, ਪਰਮਜੀਤ ਮਾਨ, ਸੁਰਜੀਤ ਸੁਮਨ, ਡਾ. ਸ਼ਸ਼ੀ ਪ੍ਰਭਾ, ਸੁਨੀਤ ਮਦਾਨ, ਅਤੇ ਡਾ. ਸੁਧੀਰ ਬਵੇਜਾ ਹਾਜ਼ਰ ਰਹੇ।

