www.sursaanjh.com > Uncategorized > ਪੁੱਤਰ ! ਤੂੰ ਟੈਨਸ਼ਨ ਨਾ ਕਰ ਤੂੰ ਜ਼ਰੂਰ ਸਫਲ਼ ਹੋਵੇਗਾ – ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ

ਪੁੱਤਰ ! ਤੂੰ ਟੈਨਸ਼ਨ ਨਾ ਕਰ ਤੂੰ ਜ਼ਰੂਰ ਸਫਲ਼ ਹੋਵੇਗਾ – ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ

ਪੁੱਤਰ ! ਤੂੰ ਟੈਨਸ਼ਨ ਨਾ ਕਰ ਤੂੰ ਜ਼ਰੂਰ ਸਫਲ਼ ਹੋਵੇਗਾ – ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ
ਕਹਾਣੀਕਾਰ ਸਰੂਪ ਸਿਆਲ਼ਵੀ ਮੇਰੇ ਗੁਰੂ ਹਨ – ਜੇ.ਐਸ. ਮਹਿਰਾ
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਜੂਨ:
16 ਸਤੰਬਰ 2019 ਨੂੰ ਮੈਂ ਇਕ ਦਹਾਕੇ ਬਾਅਦ ਜ਼ਿੰਦਗੀ ਦੇ ਵੱਡੇ ਦੁਖਾਂਤ ਨੂੰ ਝੱਲਦਾ ਹੋਇਆ ਜਿੰਦਾ ਤਾਂ ਬਚ ਗਿਆ ਸੀ ਪਰ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਿਆ ਸੀ।  ਮੇਰੇ ਅੰਦਰ ਅਜੇ ਜ਼ਿੰਦਗੀ ਜਿਉਣ ਦੀ ਪ੍ਰਬਲ ਇੱਛਾ ਬਰਕਰਾਰ ਸੀ ਪਰ ਹੁਣ ਜ਼ਿੰਦਗੀ ਦੇ ਅਗਲੇ ਦੌਰ ਵਿਚ ਮੈਨੂੰ ਕਿਸੇ ਅਜਿਹੇ ਸ਼ਖਸ ਭਾਵ ਰਾਹ-ਦਸੇਰੇ ਦੀ ਜ਼ਰੂਰਤ ਸੀ ਜੋ ਮੇਰਾ ਮਾਰਗ ਦਰਸ਼ਨ ਕਰ ਸਕੇ। ਅਜੇਹਾ ਸ਼ਖਸ਼ ਗੁਰੂ ਹੀ ਹੋ ਸਕਦਾ ਸੀ। ਮੈਂ ਆਪਣੀ ਹੱਡ-ਬੀਤੀ ਨੂੰ ਕਵਿਤਾਵਾਂ ਵਿੱਚ ਪਰੋਅ ਦਿੱਤਾ ਸੀ। ਹੁਣ ਪੁਸਤਕ ਛਪਵਾਉਣ ਲਈ ਕਿਸੇ ਕੋਲੋਂ ਦੋ ਸ਼ਬਦ ਵੀ ਲਿਖਵਾਉਣੇ ਸਨ। ਇਕਾਂਤ ਵਿਚ ਬੈਠ ਕੇ ਚਿੰਤਨ ਕੀਤਾ ਤਾਂ ਸਰੂਪ ਸਿਆਲਵੀ ਸਾਹਿਬ ਤੋਂ ਇਲਾਵਾ ਕੋਈ ਹੋਰ ਨਾ ਤੱਕਿਆ। ਸੰਨ 2001 ਵਿੱਚ ਸਿਆਲਵੀ ਸਾਹਿਬ ਸਾਡੇ ਪੰਜਾਬੀ ਦੇ ਲੈਕਚਰਾਰ ਹੁੰਦੇ ਸਨ। ਉਹ ਲਿਖਦੇ ਨੇ ਮੈਨੂੰ ਪਤਾ ਸੀ ਪਰ ਉਹ ਸਥਾਪਿਤ ਲੇਖਕ ਵੀ ਹਨ, ਇਹ ਮੈਨੂੰ ਨਹੀਂ ਪਤਾ ਸੀ। ਉਹਨਾਂ ਦਾ ਪਿੰਡ ਤਾਂ ਪਤਾ ਸੀ ਪਰ ਘਰ ਨਹੀਂ ਪਤਾ ਸੀ। ਸੰਨ 2009 ਤੋਂ ਬਾਅਦ ਮੈਂ ਉਨ੍ਹਾਂ ਨੂੰ ਕਦੇ ਦੁਬਾਰਾ ਮਿਲਿਆ ਵੀ ਨਹੀਂ ਸੀ।
ਇੱਕ ਦਿਨ ਮੈਂ ਆਪਣੇ ਦੋਸਤ ਪਵਨ ਸਿਆਲਬਾ ਨੂੰ ਫੋਨ ਕਰਕੇ ਕਿਹਾ ਕਿ ਯਾਰ ਆਪਾਂ ਸਰੂਪ ਸਿਆਲਵੀ ਜੀ ਦੇ ਘਰ ਜਾਣਾ ਹੈ। ਮੇਰੀਆਂ ਕੁਝ ਸ਼ਕਤੀਆਂ ਉਹਨਾਂ ਕੋਲ ਨੇ ਜੋ ਮੈਂ ਉਹਨਾਂ ਕੋਲੋਂ ਗ੍ਰਹਿਣ ਕਰਨੀਆਂ ਬਾਕੀ ਹਨ। ਅਸੀਂ ਸ਼ਾਮੀਂ  ਉਹਨਾਂ ਦੇ ਘਰ ਪਹੁੰਚੇ। ਉਸ ਤੋਂ ਬਾਅਦ ਮੁਲਾਕਾਤਾਂ ਦਾ ਦੌਰ ਵੱਧਦਾ ਗਿਆ ਤੇ ਸਾਡੇ ਦਰਮਿਆਨ ਇੱਕ ਗੂੜ੍ਹਾ ਰਿਸ਼ਤਾ ਕਾਇਮ ਹੋ ਗਿਆ “ਦੋਸਤੀ ਦਾ” ਤੇ “ਮੁਰਸ਼ਦ/ ਸ਼ਾਗਿਰਦ” ਦਾ। ਮੈਂ ਉਹਨਾਂ ਨੂੰ ਗੁਰੂ ਮੰਨਦਾ ਹਾਂ ਤੇ ਉਹ ਮੈਨੂੰ ਦੋਸਤ। ਇਹ ਉਹਨਾਂ ਦੀ ਵਡਿਆਈ ਹੈ। ਮੇਰੇ ਗੁਰੂ ਨੇ ਹੀ ਅੱਗੇ ਮੇਰਾ ਮਿਲਾਪ ਪ੍ਰਭੂ ਨਾਲ ਕਰਵਾਉਣਾ ਸੀ।
10 ਨਵੰਬਰ 2019 ਨੂੰ ਸਿਆਲਵੀ ਸਾਹਿਬ ਨੇ ਮੇਰੀ ਮੁਲਾਕਾਤ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਨਾਲ ਕਰਵਾਈ।  ਧਾਲੀਵਾਲ ਪੈਲਸ ਮੋਰਿੰਡਾ ਵਿਖੇ ਇਕ ਮੈਰਿਜ ਪਾਰਟੀ ਵਿੱਚ। ਮੈਂ ਸ਼ਗਨ ਪਾਉਣ ਲਈ ਪ੍ਰਿੰਸੀਪਲ ਸਾਹਿਬ ਨੂੰ ਸਹਾਰਾ ਦੇ ਕੇ ਸਟੇਜ ‘ਤੇ ਲੈ ਕੇ ਗਿਆ ਤੇ ਉਸ ਦਿਨ ਤੋਂ ਹੀ ਉਹ ਮੇਰਾ ਸਹਾਰਾ ਬਣ ਗਏ। ਉਹਨਾਂ ਦੇ ਮਿਲਾਪ ਨਾਲ ਹੀ ਮੇਰਾ ਜੀਵਨ ਬਦਲ ਗਿਆ ਹੈ। ਮੇਰਾ ਕਾਰੋਬਾਰ, ਤੋਰੀ ਫੁਲਕਾ ਤੇ ਬੇਟੀ ਦਾ ਇਲਾਜ ਸਭ ਉਹਨਾਂ ਦੇ ਸਹਾਰੇ ਚੱਲ ਰਿਹਾ ਹੈ। ਹੁਣ ਮੇਰੀ ਜੇਬ ਵਿਚ ਕਦੀ ਪੈਸੇ ਨਹੀਂ ਮੁੱਕਦੇ। ਮੇਰਾ ਬੀ.ਪੀ.ਕੰਟਰੋਲ ਵਿੱਚ ਰਹਿਣ ਲੱਗ ਪਿਆ ਹੈ। ਉਹਨਾਂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਕਈ ਵਾਰ ਸ਼ਾਮ ਦੇ ਵੇਲੇ ਐਮਐਲਏ ਫਲੈਟਾਂ ਦੇ ਸਾਹਮਣੇ ਉਨ੍ਹਾਂ ਦੇ ਦਰਸ਼ਨ ਹੋ ਜਾਂਦੇ ਹਨ। ਉਹ ਮੇਰੀ ਹੌਸਲਾ-ਅਫਜ਼ਾਈ ਕਰਦੇ ਹੋਏ ਕਹਿੰਦੇ ਨੇ “ਪੁੱਤਰ ! ਤੂੰ ਟੈਨਸ਼ਨ ਨਾ ਕਰ, ਤੂੰ ਜ਼ਰੂਰ ਸਫਲ਼ ਹੋਵੇਗਾ।” ਜੀਵਨ ਵਿੱਚੋਂ ਤਣਾਅ ਖਤਮ ਹੋ ਗਿਆ ਹੈ। ਸਕੂਨ ਆ ਗਿਆ ਹੈ। ਮੇਰੇ ਲਈ ਉਹ ਪਰਮੇਸ਼ਰ ਹਨ। ਇਹ ਮੇਰਾ ਵਿਸ਼ਵਾਸ ਹੈ।
ਲੇਖਕ: ਜੇ.ਐਸ. ਮਹਿਰਾ।

Leave a Reply

Your email address will not be published. Required fields are marked *