ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਅਪ੍ਰੈਲ:


ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ “ਡਾ. ਹਰਚਰਨ ਸਿੰਘ ਯਾਦਗਾਰੀ 11 ਰੋਜ਼ਾ ਰੰਗਮੰਚ ਉਤਸਵ” ਵਿਚ ਪੰਜਾਬੀ ਨਾਟਕ “ਬੇੜੀਆਂ ਲੱਗੇ ਸੁਪਨੇ” ਦਾ ਮੰਚਨ ਨਾਟਕਕਾਰ ਅਤੇ ਨਿਰਦੇਸ਼ਕ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਹੋਇਆ। ਨਾਟਕ ਨੇ ਪ੍ਰਵਾਸ ਵਿਸੇ਼ ‘ਤੇ ਸਵਾਲ-ਦਰ-ਸਵਾਲ ਉਠਾਉਣ ਦਾ ਸਾਰਥਕ ਯਤਨ ਕੀਤਾ। ਨੌਜਵਾਨ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸਦੇ ਵਿਦੇਸ਼ ਨੂੰ ਹੀ ਆਪਣੀਆਂ ਮੁਸ਼ਕਿਲਾਂ ਦਾ ਹੱਲ ਮੰਨਦੇ ਹਨ। ਡੰਕੀ ਲਗਾ ਕੇ ਮੌਤ ਦੇ ਮੂੰਹ ਵਿੱਚ ਜਾ ਕੇ ਵੀ ਆਪਣੀ ਮੰਜ਼ਿਲ ਦਾ ਰਸਤਾ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਬਹੁਤ ਸਾਰੇ ਸੁਪਨਿਆਂ ਦੀ ਧਰਤੀ ‘ਤੇ ਪਹੁੰਚ ਵੀ ਨਹੀਂ ਪਾਉਂਦੇ। ਰਸਤਿਆਂ ਵਿੱਚ ਹੀ ਮਿੱਟੀ ਵਿੱਚ ਮਿੱਟੀ ਹੋ ਜਾਂਦੇ ਹਨ। ਨਾਟਕ ਆਪਣਾ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ, ‘ਉਹ ਜੋ ਰੁੜ ਗਿਆ ਉਹਨੂੰ ਜਾਣ ਦੇ/ ਇਹਨੂੰ ਸਾਂਭ ਲੈ ਇਹ ਜੋ ਬੱਚ ਗਿਆ।’ ਨਾਟਕ ਦਾ ਨਾਇਕ ਹਰਵਿੰਦਰ ਸਿੰਘ ਕਹਿੰਦਾ ਹੈ ਕਿ ਹੁਣ ਮੈਂ ਆਪਣੀ ਧਰਤੀ ਨੂੰ ਹੀ ਸੁੰਦਰ ਬਣਾਉਣ ਦਾ ਯਤਨ ਕਰਾਂਗਾ।
ਇਸ ਨਾਟਕ ਵਿੱਚ ਹਰਵਿੰਦਰ ਸਿੰਘ ਦੀ ਭੂਮਿਕਾ ਰਣਵੀਰ ਸਿੰਘ ਨੇ, ਬਾਪੂ ਗੁਰਮੇਲ ਸਿੰਘ ਦੀ ਭੂਮਿਕਾ ਭਾਗ ਸਿੰਘ, ਪ੍ਰਿਥਵੀ ਸਿੰਘ ਦੀ ਭੂਮਿਕਾ ਵਿੱਚ ਦੀਪਕ ਰਾਏ, ਸੁਖਜੀਤ ਸਿੰਘ ਦੀ ਭੂਮਿਕਾ ਵਿੱਚ ਕਮਲਜੀਤ ਮੋਹੀ, ਮੁਸਕਾਨ ਦੀ ਭੂਮਿਕਾ ਵਿੱਚ ਨੈਨਾ ਸ਼ਰਮਾਂ, ਛੋਟੀ ਬੱਚੀ ਜਸਦੀਪ ਦੀ ਭੂਮਿਕਾ ਵਿੱਚ ਕਿਰਨਦੀਪ ਕੌਰ, ਮਾਂ ਦੀ ਭੂਮਿਕਾ ਕਰਮਪ੍ਰੀਤ ਕੌਰ ਨੇ ਨਿਭਾਈ। ਇੱਕ ਡੰਕੀ ਨੌਜਵਾਨ ਦੀ ਭੂਮਿਕਾ ਵਿੱਚ ਲਖਵੀਰ ਸਿੰਘ, ਏਜੰਟ ਅਤੇ ਅਮਰੀਕਨ ਬਾਰਡਰ ਪੁਲੀਸ ਦੇ ਅਧਿਕਾਰੀ ਰੂਪ ਹਰਕੇਸ਼ ਚੌਧਰੀ ਨੇ ਭੂਮਿਕਾ ਨਿਭਾਈ। ਇਸੇ ਤਰ੍ਹਾਂ ਮਿਊਜ਼ਿਕ ਚਲਾਉਣ ਦੀ ਜ਼ਿੰਮੇਵਾਰੀ ਜਸਮੀਨ ਕੌਰ ਨੇ, ਮੇਕਅੱਪ ਦੀਪਕ ਰਾਏ ਜੀ ਅਤੇ ਲਈਟਿੰਗ ਤੇ ਏਕਮਪ੍ਰੀਤ ਸਿੰਘ ਖੂਬ ਨਿਭੇ। ਪ੍ਰਸਿੱਧ ਰੰਗਕਰਮੀ ਤੇ ਫਿਲਮ ਅਦਾਕਾਰ ਬਨਿੰਦਰਜੀਤ ਬਨੀ ਦੇ ਥਿਏਟਰ ਗਰੁੱਪ ਇੰਪੈਕਟ ਆਰਟਸ ਵੱਲੋਂ ਬਹੁਤ ਪ੍ਰਭਾਵਸ਼ਾਲੀ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਦੀਪਕ ਬਾਲੀ ਜਨਰਲ ਸਕੱਤਰ, ਮੁੱਖ ਸਲਾਹਕਾਰ ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਪੰਜਾਬ ਨੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਸਿਰਕਤ ਕੀਤੀ। ਦੀਪਕ ਬਾਲੀ ਨੇ ਕਿਹਾ ਕਿ ਇਸ ਰੰਗਮੰਚ ਉਤਸਵ ਦਾ ਮੁੱਖ ਮਨੋਰਥ ਰੰਗਮੰਚ ਕਲਾ ਨੂੰ ਪ੍ਰਫੁੱਲਤ ਕਰਨਾ ਹੈ। ਦਰਸ਼ਕਾਂ ਦਾ ਧੰਨਵਾਦ ਕਰਦਿਆਂ ਚੇਅਰਮੈਨ ਸਵਰਨਜੀਤ ਸਿੰਘ ਸਵੀ ਅਤੇ ਰੰਗਮੰਚ ਉਤਸਵ ਦੇ ਕਨਵੀਨਰ ਨਾਟਕਕਾਰ ਰਾਜਵਿੰਦਰ ਸਮਰਾਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਕਲਾ ਪਰਿਸ਼ਦ ਤੇ ਸੰਗੀਤ ਨਾਟਕ ਅਕੈਡਮੀ ਵੱਲੋਂ ਇਸ ਤਰ੍ਹਾਂ ਦੇ ਹੋਰ ਵੀ ਰੰਗਮੰਚ ਉਤਸਵ ਕਰਵਾਏ ਜਾਣਗੇ। ਇਸ ਮੌਕੇ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ, ਸੱਕਤਰ ਨਿਰਮਲ ਜੌੜਾ ਨੇ ਪੇਸ਼ਕਾਰੀ ਦੀ ਸ਼ਲਾਘਾ ਕੀਤੀ।

