ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਪ੍ਰੈਲ:


ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਸੁਖਵਿੰਦਰ ਕੰਬੋਜ ਦੀ ਕਾਵਿ ਪੁਸਤਕ “ਮਹਿਕ ਹਵਾ ਤੇ ਬੱਦਲ਼” ‘ਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਸ਼ਾਇਰ ਜਗਦੀਪ ਸਿੱਧੂ ਹੋਰਾਂ ਨੇ ਸੁਖਵਿੰਦਰ ਕੰਬੋਜ ਦੀ ਗ਼ੈਰ-ਹਾਜ਼ਰੀ ਵਿਚ ਉਹਨਾਂ ਦੀਆਂ ਕਵਿਤਾਵਾਂ ਦਾ ਪਾਠ ਕੀਤਾ। ਮੁੱਖ ਪਰਚਾ ਪੰਜਾਬੀ ਯੂਨਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਤੋਂ ਉੱਘੀ ਆਲੋਚਕਾ ਡਾ. ਵੀਰਪਾਲ ਕੌਰ ਸਿੱਧੂ ਨੇ ਪਰਚਾ ਪੜ੍ਹਿਆ। ਉਹਨਾਂਂ ਕਿਹਾ ਕਿ ਸੁਖਵਿੰਦਰ ਕੰਬੋਜ ਸਾਡਾ ਸਮਰੱਥ ਸ਼ਾਇਰ ਹੈ। ਇਸ ਕਿਤਾਬ ਵਿਚ ਪ੍ਰਗੀਤ ਦੇ ਰੰਗ ਵੀ ਹਨ। ਭੂ-ਹੇਰਵੇਂ ਸੰਬੰਧਿਤ ਕਵਿਤਾ ਵੀ ਹੈ। ਇਸ ਵਿਚ ਪਿਆਰ ਤੇ ਵਿਯੋਗ ਵੀ ਹੈ। ਉਹਨਾਂ ਅਗਾਂਹ ਕਿਹਾ ਕਿ ਇਸ ਕਿਤਾਬ ਵਿਚ ਜ਼ਿਆਦਾਤਰ ਭਾਰੂ ਕਵਿਤਾ ਲੋਟੂ ਸਾਮਰਾਜ ਵਿਰੁੱਧ ਹੈ। ਕੰਬੋਜ ਦੀ ਰਾਜਨੀਤਕ ਸੁਰ ਤਿੱਖੀ ਹੈ। ਉਹਨਾਂ ਦੀ ਸ਼ਾਇਰੀ ਮਨੁੱਖੀ ਮਨ ਦੇ ਦਵੰਧ ਨੂੰ ਵੀ ਪੇਸ਼ ਕਰਦੀ ਹੈ। ਪੰਜਾਬੀ ਯੂਨੀਵਰਸਿਟੀ ਤੋਂ ਹੀ ਡਾ. ਜਸਵੀਰ ਕੌਰ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਕਿਤਾਬ ਦਾ ਨਾਂ “ਮਹਿਕ ਹਵਾ ਤੇ ਬੱਦਲ਼” ਖੂਬਸੂਰਤ ਹੈ ਤੇ ਸੱਚੀਓਂ ਕਿਤਾਬ ਪੜ੍ਹਦੇ ਸਮੇਂ ਇਸ ਵਿੱਚੋਂ ਵੱਖਰੋ-ਵੱਖਰੇ ਪੈਰਾਡਾਈਮ ਨਜ਼ਰ ਆਉਂਦੇ ਹਨ। ਉਹਨਾਂ ਕਿਹਾ ਕਿ ਉਹਨਾਂ ਕਵਿਤਾ ਨੂੰ ਮਾਣਿਆ ਹੈ। ਚੰਡੀਗੜ੍ਹ ਤੋਂ ਆਏ ਪਾਲ ਅਜਨਬੀ ਨੇ ਕਿਹਾ ਕਿ ਸੁਖਵਿੰਦਰ ਕੰਬੋਜ ਦੀ ਕਵਿਤਾ ਦਾ ਸਰੋਦੀ ਸੁਰ ਬਿਰਹਾ ਤੇ ਉਦਾਸੀ ਹੈ। ਮੇਰੀ ਜਾਚੇ ਇਹ ਕਵਿਤਾ ਮਹਿਬੂਬ ਦੇ ਵਿਗੋਚੇ ਦੀ ਕਵਿਤਾ ਨਾ ਹੋ ਕੇ ਅੱਜ ਦੇ ਸਮੇਂ ਜੋ ਸੰਵੇਦਨਸ਼ੀਲ ਮਨੁੱਖ ਹੰਢਾ ਰਿਹਾ ਹੈ, ਉਸ ਨੂੰ ਪ੍ਰਗਟ ਕਰਦੀ ਹੈ। ਉਹਨਾਂ ਕਿਹਾ ਕਿ ਕਵਿਤਾਵਾਂ ਸਾਰੇ ਰੂਪਾਂ ਦਾ ਖੂਬਸੂਰਤ ਮੁਜੱਸਮਾ ਹਨ। ਸੁਰਜੀਤ ਸੁਮਨ ਹੋਰਾਂ ਨੇ ਕੁਝ ਕਵਿਤਾਵਾਂ ਦਾ ਉਦਾਹਰਨ ਦੇ ਕੇ ਕਿਹਾ ਕਿ ਸੁਖਵਿੰਦਰ ਦੀ ਸ਼ਾਇਰੀ ਦਾ ਮੁੱਖ ਸੁਰ ਸਾਮਰਾਜ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਾ ਹੈ। ਉਹਨਾਂ ਜੰਗ ਦੇ ਹਵਾਲੇ ਨਾਲ਼ ਗੱਲ ਤੋਰਦਿਆਂ ਕਿਹਾ ਕਿ ਕੰਬੋਜ ਦੀ ਕਵਿਤਾ ਸਵਾਲ ਉਠਾਉਂਦੀ ਹੈ।
ਅੱਜ ਦੀ ਵਿਚਾਰ ਚਰਚਾ ਦੇ ਮੁੱਖ ਮਹਿਮਾਨ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਮੋਹਨ ਤਿਆਗੀ ਨੇ ਸੁਖਵਿੰਦਰ ਕੰਬੋਜ ਦੀ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਕੰਬੋਜ ਪੰਜਾਬੀ ਕਵਿਤਾ ਦਾ ਮਾਣਮੱਤਾ ਸ਼ਾਇਰ ਹੈ। ਉਹ ਆਪਣੀ ਕਵਿਤਾ ਵਿੱਚ ਹਮੇਸ਼ਾ ਵਿਚਾਰ ਨੂੰ ਕੇਂਦਰ ਵਿੱਚ ਰੱਖਦਾ ਹੈ। ਇਸੇ ਤੱਥ ਤੋਂ ਉਸਦੀ ਵਿਚਾਰਧਾਰਕ ਪ੍ਰਤੀਬੱਧਤਾ ਨੂੰ ਪਛਾਣਿਆ ਜਾ ਸਕਦਾ ਹੈ। ਇਸ ਉਪਰੰਤ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਚਿੰਤਕ ਤੇ ਕਵੀ ਡਾ. ਗੁਰਨਾਇਬ ਸਿੰਘ ਨੇ ਅੱਜ ਦੀ ਵਿਚਾਰ ਚਰਚਾ ਨੂੰ ਸਫ਼ਲ ਦੱਸਿਆ ਤੇ ਸੁਖਵਿੰਦਰ ਕੰਬੋਜ ਦੀ ਸ਼ਾਇਰੀ ਨੂੰ ਪ੍ਰਤੀਰੋਧ ਦੀ ਸ਼ਾਇਰੀ ਕਿਹਾ। ਆਖ਼ਰ ਵਿਚ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਜਦੋਂ ਏਥੇ ਵਾਰ ਵਾਰ ਜ਼ਿਕਰ ਹੋਇਆ ਕਿ ਕਵੀ ਨਕਸਲਾਈਟ ਧਾਰਾ ਨਾਲ ਸੰਬੰਧਿਤ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਸੁਖਵਿੰਦਰ, ਪਾਸ਼, ਲਾਲ ਸਿੰਘ ਦਿਲ, ਸੰਤ ਰਮ ਉਦਾਸੀ ਦੇ ਕੱਦ ਦਾ ਸ਼ਾਇਰ ਹੈ। ਉਹਨਾਂ ਅਗਾਂਹ ਕਿਹਾ ਕਿ ਇਸ ਪੁਸਤਕ ਨੇ ਸਿੱਧ ਕਰ ਦਿੱਤਾ ਕਿ ਜੋ ਕਵੀ ਹੁੰਦਾ ਹੈ, ਉਹ ਇਕ ਲਾਈਨ ਵਿਚ ਨਹੀਂ ਚੱਲਦਾ। ਉਹਨਾਂ ਅਗਾਂਹ ਕਿਹਾ ਕਿ ਜਦ ਉਹ ਲਿਖਦਾ ਹੈ ਤਾਂ ਉਸ ਵਿਚ ਬਹੁਤ ਭਾਵ ਹੁੰਦੇ ਹਨ। ਉਹਨਾਂ ਭਾਰਤੀ ਕਾਵਿ ਸਾਸ਼ਤਰ ਦੇ ਨੌਂ ਰਸਾਂ ਦੀ ਵੀ ਗੱਲ ਕੀਤੀ। ਇਸ ਵਿਚਾਰ ਚਰਚਾ ਦੇ ਕਨਵੀਨਰ ਮੀਡੀਆ ਵਿਭਾਗ ਤੋਂ ਡਾ. ਕੁਲਪਿੰਦਰ ਸ਼ਰਮਾ ਸਨ। ਮੰਚ ਸੰਚਾਲਨ ਜਗਦੀਪ ਸਿੱਧੂ ਨੇ ਕੀਤਾ।

