ਵਾਤਾਵਰਣ ਬਚਾਈਏ: ਸੁੱਖ ਪਾਈਏ/ ਰਾਜਨ ਸ਼ਰਮਾ ਲੈਕਚਰਾਰ
ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲ਼ੀਆ), 13 ਜੁਲਾਈ:


ਇਹ ਗੱਲ ਬਿਲਕੁਲ ਠੀਕ ਹੈ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਉਹ ਤਰੱਕੀ ਨਹੀਂ ਕਰੇਗਾ ਤਾਂ ਨਾ ਉਸ ਦੇ ਇਲਾਕੇ ਦਾ, ਨਾ ਪੰਜਾਬ ਦਾ ਅਤੇ ਨਾ ਹੀ ਦੇਸ਼ ਦਾ ਵਿਕਾਸ ਹੋਵੇਗਾ। ਵਿਕਾਸ ਦੇ ਨਾਲ-ਨਾਲ ਜੋ ਵਿਨਾਸ਼ ਹੋ ਰਿਹਾ ਹੈ, ਉਹ ਚਿੰਤਾਜਨਕ ਹੈ। ਵਧਦੀ ਆਬਾਦੀ ਅਤੇ ਤਕਨੀਕੀ ਉੱਨਤੀ ਕਾਰਨ ਅੱਜ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਪੁਰਾਣੇ ਅਤੇ ਵੱਡੇ-ਵੱਡੇ ਰੁੱਖਾਂ ਨੂੰ ਅਸੀਂ ਧੜਾ-ਧੜ ਕੱਟ ਰਹੇ ਹਾਂ। ਅੱਜ ਸਾਡੇ ਬਹੁਤ ਸਾਰੇ ਦੋਸਤ ਮਿੱਤਰ ‘ਇਕ ਰੁੱਖ-ਸੌ ਸੁੱਖ’ ਕਹਿੰਦੇ ਹਨ। ‘ਵੇਦ ਪੁਰਾਣ-ਬਿਨਾਂ ਰੁੱਖਾਂ ਦੇ ਨਹੀਂ ਕਲਿਆਣ’, ‘ਵਣਾਂ ਦੀ ਸੁਰੱਖਿਆ-ਸਾਡੀ ਸੁਰੱਖਿਆ’ ਅਤੇ ‘ਹਰ ਮਨੁੱਖ -ਲਾਵੇ ਇੱਕ ਰੁੱਖ’ ਆਦਿ ਵਰਗੀਆਂ ਗੱਲਾਂ ਨੂੰ ਵਿਸਾਰ ਰਹੇ ਹਨ। ਰਾਮਾਇਣ ਗ੍ਰੰਥ ਵਿੱਚ ਵੀ ਮਾਤਾ ਸੀਤਾ ਜੀ ਨੇ ਰੁੱਖ ਤੇ ਮਨੁੱਖ ਦਾ ਸੰਬੰਧ ਅਤਿ ਜ਼ਰੂਰੀ ਦੱਸਦੇ ਹੋਏ ਰੁੱਖਾਂ ਨੂੰ ਲਗਾਉਣ ਤੇ ਬਚਾਉਣ ਦਾ ਸੰਦੇਸ਼ ਦਿੱਤਾ। ਕਹਿੰਦੇ ਨੇ ਇੱਕ ਆਦਮੀ ਦੁਆਰਾ ਛੱਡੀ ਗਈ ਕਾਰਬਨ ਡਾਈਆਕਸਾਈਡ ਨੂੰ ਇਕ ਰੁੱਖ ਵਾਤਾਵਰਣ ਵਿਚੋਂ ਖਿੱਚ ਲੈਂਦਾ ਹੈ। ਰੁੱਖ ਮਿੱਟੀ ਨੂੰ ਖੁਰਨ ਤੋਂ ਬਚਾਉਂਦੇ ਹਨ ਅਤੇ ਸਾਡੇ ਲਈ ਵਰਦਾਨ ਸਾਬਤ ਹੁੰਦੇ ਹਨ। ਰੁੱਖ ਮਨੁੱਖ ਨੂੰ ਆਕਸੀਜਨ ਦਿੰਦੇ ਹਨ। ਰੁੱਖਾਂ ਤੋਂ ਸਾਨੂੰ ਕਈ ਦਵਾਈਆਂ ਵੀ ਮਿਲਦੀਆਂ ਹਨ। ਇਸ ਤੋਂ ਇਲਾਵਾ ਰੁੱਖ ਬਹੁਤ ਸਾਰੇ ਜੀਵ ਜੰਤੂਆਂ ਦਾ ਰੈਣ ਬਸੇਰਾ ਵੀ ਹਨ। ਜੇਕਰ ਅਸੀਂ ਅੱਜ ਦੇ ਇਸ ਪ੍ਰਦੂਸ਼ਿਤ ਵਾਤਾਵਰਨ ਵਿੱਚ ਰੁੱਖ ਲਗਾਉਂਦੇ ਹਾਂ ਤਾਂ ਅਸੀਂ ਆਪਣੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਹੋਰਨਾਂ ਨੂੰ ਵੀ ਜਾਗਰੂਕ ਕਰ ਰਹੇ ਹਾਂ।
ਪਰ ਜੇਕਰ ਕਿਸੇ ਕਾਰਨ ਕਰ ਕੇ ਅਸੀਂ ਰੁੱਖ ਨਹੀਂ ਲਗਾ ਸਕਦੇ ਤਾਂ ਘੱਟੋ ਘੱਟ ਲੱਗੇ ਰੁੱਖਾਂ ਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕਰੀਏ। ਜੇ ਕਰ ਕੋਈ ਦਰੱਖਤ ਵੱਢ ਰਿਹਾ ਹੈ ਤਾਂ ਉਸ ਤੋਂ ਇਹ ਜ਼ਰੂਰ ਪੁੱਛੋ ਕਿ ਉਹ ਰੁੱਖ ਕਿਸ ਦੀ ਆਗਿਆ ਨਾਲ ਵੱਢ ਰਿਹਾ ਹੈ? ਜੇਕਰ ਰੁੱਖ ਇਸੇ ਤਰ੍ਹਾਂ ਮਨੁੱਖ ਦਾ ਸ਼ਿਕਾਰ ਹੁੰਦੇ ਰਹੇ ਤਾਂ ਸਾਨੂੰ ਸਾਹ ਲੈਣ ਨੂੰ ਵੀ ਤਰਸਣਾ ਪਵੇਗਾ। ਰੁੱਖ, ਸ਼ੌਰ ਨੂੰ ਜਜ਼ਬ ਕਰਨ ਦੀ ਸ਼ਕਤੀ ਰੱਖਦੇ ਹਨ। ਰੁੱਖਾਂ ਤੇ ਜਦੋਂ ਵੰਨ-ਸੁਵੰਨੇ ਪੰਛੀ ਚਹਿਕਦੇ ਹਨ ਅਤੇ ਕਲੋਲਾ ਕਰਦੇ ਹਨ ਤਾਂ ਸਾਡਾ ਮਨ ਸ਼ੀਤਲ ਹੋ ਉੱਠਦਾ ਹੈ। ਸਿੱਖਿਆ ਵਿਭਾਗ ਪੰਜਾਬ ਅਤੇ ਭਾਰਤ ਦਾ ਸਰਕਾਰ ਦਾ ਜੰਗਲਾਤ ਮੰਤਰਾਲਾ ਰੁੱਖਾਂ ਪ੍ਰਤੀ ਸੁਚੇਤ ਹੈ ਪਰ ਜਦੋਂ ਤੱਕ ਸਾਡੇ ਦੇਸ਼ ਦਾ ਆਮ ਨਾਗਰਿਕ ਸੁਚੇਤ ਨਹੀਂ ਹੋਵੇਗਾ, ਉਦੋਂ ਤੱਕ ਸਰਕਾਰਾਂ ਵੀ ਸ਼ੱਤ-ਪ੍ਰਤੀਸ਼ਤ ਸਫ਼ਲ ਨਹੀਂ ਹੋ ਸਕਦੀਆਂ।
ਅਸੀਂ ਸਭ ਚਾਹੁੰਦੇ ਹਾਂ ਕਿ ਸਾਡਾ ਇਲਾਕਾ ਰੁੱਖਾਂ ਦੇ ਨਾਲ ਹਰਿਆ ਭਰਿਆ ਹੋਵੇ। ਪ੍ਰਦੂਸ਼ਣ ਮੁਕਤ ਹੋਵੇ ਪਰ ਅਸੀਂ ਕਦੇ ਇਹ ਨਹੀਂ ਸੋਚਦੇ ਕਿ ਅਸੀਂ ਪ੍ਰਦੂਸ਼ਣ ਰੋਕਣ ਲਈ ਕੀ ਭੂਮਿਕਾ ਨਿਭਾ ਰਹੇ ਹਾਂ? ਰੁੱਖ ਵੱਡੇ ਪੱਧਰ ‘ਤੇ ਕੱਟੇ ਜਾ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਬਹੁਤ ਸਾਰੀਆਂ ਸੰਸਥਾਵਾਂ ਰੁੱਖ ਲਗਾਉਂਦੀਆਂ ਹਨ। ਇਹ ਉਨ੍ਹਾਂ ਦਾ ਵਧੀਆ ਉਪਰਾਲਾ ਹੈ ਪਰ ਉਹ ਰੁੱਖਾਂ ਨੂੰ ਸੰਭਾਲਦੀਆਂ ਬਹੁਤ ਘੱਟ ਸੰਸਥਾਵਾਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਆਓ ਸਾਰੇ ਰਲ ਕੇ ਰੁੱਖ ਲਗਾਈਏ, ਬਚਾਈਏ ਤੇ ਇਨ੍ਹਾਂ ਨੂੰ ਵਧਣ ਦੇਈਏ।
ਲੇਖਕ: ਰਾਜਨ ਸ਼ਰਮਾ, ਲੈਕਚਰਾਰ

