ਹਨੇਰੇ ‘ਚ ਗੁਆਚਿਆ ਸੂਰਜ : ਲਹਿੰਦੇ ਪੰਜਾਬ ਦਾ ਵੱਡਾ ਗੀਤਕਾਰ : ਬਰੀ ਨਿਜ਼ਾਮੀ/ ਜਸਪਾਲ ਘਈ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜੁਲਾਈ:
ਨੁਸਰਤ ਫ਼ਤਹਿ ਅਲੀ ਖਾਨ ਦੇ ਗਾਏ ਗੀਤ ਸੁਣ ਕੇ ਅਸੀਂ ਝੂਮ ਉਠਦੇ ਹਾਂ : ‘ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ’,’ਮਸਤ ਕਲੰਦਰ ਮਸਤ’, ‘ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ’ ਵਿਗੜ ਗਈ ਏ ਥੋੜ੍ਹੇ ਦਿਨਾਂ ਤੋਂ’ ‘ਢੋਲ ਮਾਹੀਆ।’ ਕਿਸੇ ਨੂੰ ਨਹੀਂ ਪਤਾ ਹੋਣਾ ਕਿ ਇਹ ਗੀਤ ਲਹਿੰਦੇ ਪੰਜਾਬ ਦੇ ਇਕ ਸ਼ਾਇਰ ‘ਬਰੀ ਨਿਜ਼ਾਮੀ’ ਦੇ ਲਿਖੇ ਹੋਏ ਹਨ। ਨੁਸਰਤ ਨੂੰ ਸ਼ੋਹਰਤ ਦੀ ਬੁਲੰਦੀ ‘ਤੇ ਪਹੁੰਚਾਉਣ ਵਾਲਾ ਇਕ ਗੁੰਮਨਾਮ ਸ਼ਾਇਰ : ਬਰੀ ਨਿਜ਼ਾਮੀ।
ਬਰੀ ਨਿਜ਼ਾਮੀ ਦਾ ਅਸਲ ਨਾਂ ਮੁਹੰਮਦ ਸਫ਼ੀਰ ਸੀ। ਕਿਹਾ ਜਾਂਦਾ ਹੈ ਕਿ ਉਹ ਹਜ਼ਰਤ ਨਿਜ਼ਾਮੁਦੀਨ ਔਲੀਆ ਦਾ ਸ਼ਰਧਾਲੂ ਸੀ ਅਤੇ ਮੁਗ਼ਲਪੁਰਾ, ਲਾਹੌਰ ਦੇ ਸੱਯਦ ਅਮਾਨਤ ਅਲੀ ਸ਼ਾਹ ਨਿਜ਼ਾਮੀ ਦਾ ਮੁਰੀਦ ਸੀ। ਇਸੇ ਕਰਕੇ ਉਸ ਨੇ ਆਪਣੇ ਨਾਂ ਨਾਲ ਵੀ ਨਿਜ਼ਾਮੀ ਲਫ਼ਜ਼ ਜੋੜ ਲਿਆ। ਬਰੀ ਨਿਜ਼ਾਮੀ ਦਾ ਜਨਮ 26 ਦਸੰਬਰ 1946 ਨੂੰ ਟੋਬਾ ਟੇਕ ਸਿੰਘ ਵਿਖੇ ਇਕ ਸ਼ੇਖ਼ ਖ਼ਾਨਦਾਨ ਵਿਚ ਹੋਇਆ। ਘਰੇਲੂ ਹਾਲਾਤ ਠੀਕ ਨਾ ਹੋਣ ਕਾਰਨ ਉਹ ਮੈਟ੍ਰਿਕ ਤਕ ਹੀ ਪੜ੍ਹ ਸਕਿਆ। ਪਹਿਲਾਂ ਉਸ ਨੇ ਇਕ ਕਾਟਨ ਮਿੱਲ ਚ ਮੁਣਸ਼ੀਗਿਰੀ ਕੀਤੀ। ਪਰਿਵਾਰ ਦੇ ਲਾਇਲਪੁਰ ਜਾ ਵਸਣ ਤੇ ਉਹ ਬੱਸ-ਕੰਡਕਟਰ ਵਜੋਂ ਨੌਕਰੀ ਕਰਨ ਲੱਗਾ।
ਸ਼ਾਇਰੀ ਦੀ ਦਾਤ ਤਾਂ ਉਸ ਨੂੰ ਰੱਬੋਂ ਮਿਲੀ ਹੋਈ ਸੀ। ਉਸ ਨੇ ਸ਼ਹਿਰ ਦੇ ਅਦਬੀ ਹਲਕਿਆਂ ਨਾਲ ਰਾਬਤਾ ਬਣਾਇਆ, ਜਿਸ ਦੇ ਸਿੱਟੇ ਵਜੋਂ ਉਸ ਦੇ ਕਲਾਮ ਵਿਚ ਨਿਖਾਰ ਆਇਆ, ਸ਼ਾਇਰੀ ਹੋਰ ਪੁਖ਼ਤਾ ਹੋਈ। ਉਸ ਨੇ ਕਮਾਲ ਦੇ ਗੀਤ ਲਿਖੇ ਜਿਨ੍ਹਾਂ ਨੂੰ ਕਮਾਲ ਦੇ ਗਾਇਕਾਂ ਨੇ ਗਾਇਆ। ਨੁਸਰਤ ਫ਼ਤਹਿ ਅਲੀ ਖ਼ਾਨ ਇਕ ਕੱਵਾਲ ਘਰਾਣੇ ਨਾਲ ਸੰਬੰਧਿਤ ਸੀ।


ਉਸ ਦੇ ਵਡੇਰੇ ਫ਼ਤਹਿ ਅਲੀ ਤੇ ਮੁਬਾਰਕ ਅਲੀ ਨੇ ਕੱਵਾਲੀ ਚ ਬੜਾ ਨਾਮਣਾ ਖੱਟਿਆ ਸੀ। ਨੁਸਰਤ ਨੇ ਵੀ ਕੱਵਾਲੀ ਦੀ ਰਵਾਇਤ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦਾ ਰੁਝਾਨ ਕੱਵਾਲੀ ਨਾਲੋਂ ਗੀਤਾਂ ਵੱਲ ਵਧੇਰੇ ਹੋ ਗਿਆ ਸੀ। ਅਜਿਹੇ ਸਮੇਂ ਬਰੀ ਨਿਜ਼ਾਮੀ ਨੇ ਉਸ ਲਈ ਗੀਤ ਲਿਖੇ, ਜਿਨ੍ਹਾਂ ਨੂੰ ਗਾ ਕੇ ਉਹ ਸ਼ੋਹਰਤ ਦੀਆਂ ਪੌੜੀਆਂ ਚੜ੍ਹਦਾ ਗਿਆ। ਬਰੀ ਨਿਜ਼ਾਮੀ ਨੇ ਪ੍ਰਸਿੱਧ ਗਾਇਕ ਅਤਾਉੱਲਾ ਖ਼ਾਨ ਲਈ ਵੀ ਗੀਤ ਲਿਖੇ। ਅਤਾਉੱਲਾ ਖ਼ਾਨ ਦੇ ਗਾਏ ਮਕਬੂਲ ਗੀਤ : ‘ਤੁਸਾਂ ਕੂ ਮਾਣ ਵਤਨਾਂ ਦਾ ਅਸੀਂ ਹਾਂ ਤੇਰੇ ਯਾਰ ਪਰਦੇਸੀ’, ‘ਈਸਾਖੇਲ ਦੂਰ ਤੇ ਨਹੀਂ’, ‘ਰਾਤਾਂ ਦੀਆਂ ਨੀਂਦਰਾਂ ਗਵਾਈਆਂ ਤੇਰੇ ਲਈ’ ਵਰਗੇ ਗੀਤ ਬਰੀ ਨਿਜ਼ਾਮੀ ਦੇ ਹੀ ਲਿਖੇ ਹੋਏ ਹਨ। ਗਾਇਕਾਂ ਨੂੰ ਸ਼ੋਹਰਤ ਦੇ ਅਸਮਾਨ ‘ਤੇ ਚੜ੍ਹਾਉਣ ਵਾਲਾ ਇਹ ਸ਼ਾਇਰ ਸਾਰੀ ਉਮਰ ਗ਼ਰੀਬੀ ਤੇ ਗੁੰਮਨਾਮੀ ਦੇ ਹਨੇਰਿਆਂ ਵਿਚ ਗੁਆਚਿਆ ਰਿਹਾ ।
ਬਰੀ ਨਿਜ਼ਾਮੀ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਤਿੰਨ ਬੇਟੇ ਸਨ ਅਤੇ ਚਾਰ ਬੇਟੀਆਂ ਸਨ। ਉਸ ਦਾ ਪਰਿਵਾਰ ਇਕ ਮਜ਼ਦੂਰ ਬਸਤੀ ਵਿਚ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ। ਆਰਥਿਕ ਮੰਦਹਾਲੀ ਸੀ। ਬੱਸ ਕੰਡਕਟਰੀ ਤੋਂ ਬਾਅਦ ਉਸ ਨੇ ਕਈ ਕਿੱਤੇ ਅਪਣਾਏ। ਇਕ ਅਖ਼ਬਾਰ ‘ਚ ਕੰਮ ਕੀਤਾ, ਰੇਹੜੀ-ਛਾਬੜੀ ਲਗਾਈ। ਰੇਹੜੀ-ਛਾਬੜੀ ਯੂਨੀਅਨ ਦਾ ਪ੍ਰਧਾਨ ਬਣਿਆ। ਰਾਜਨੀਤਕ ਤੌਰ ‘ਤੇ ਭਾਵੇਂ ਉਹ ਪੀਪਲਜ਼ ਪਾਰਟੀ ਦਾ ਸਮਰਥਕ ਸੀ, ਪਰ ਉਸ ਦਾ ਸੁਰ ਬਾਗ਼ੀਆਨਾ ਹੀ ਰਿਹਾ। ਆਪਣੀ ਹੀ ਪਾਰਟੀ ਖ਼ਿਲਾਫ਼ ਨਜ਼ਮ ਲਿਖਣ ‘ਤੇ ਉਸ ਨੂੰ ਜੇਲ੍ਹ ਜਾਣਾ ਪਿਆ। ਅਸਲ ‘ਚ ਉਹ ਇਕ ਸੱਚਾ ਲੋਕ ਪੱਖੀ ਸ਼ਾਇਰ ਸੀ।
ਬਰੀ ਨਿਜ਼ਾਮੀ ਨੇ ਹਜ਼ਾਰਾਂ ਨਾਅਤਾਂ, ਗ਼ਜ਼ਲਾਂ, ਗੀਤ ਅਤੇ ਨਜ਼ਮਾਂ ਦੀ ਸਿਰਜਣਾ ਕੀਤੀ। ਅਫ਼ਸੋਸ ! ਉਸ ਦੀ ਕੋਈ ਕਿਤਾਬ ਉਸ ਦੇ ਜੀਂਦੇ ਜੀਅ ਛਪ ਨਾ ਛਪ ਸਕੀ। ਪਰਿਵਾਰ ਕੋਲ਼ ਉਸ ਦੀਆਂ ਲਿਖਤਾਂ ਦਾ ਪੁਲੰਦਾ ਪਿਆ ਸੀ, ਪਰ ਛਪਵਾਵੇ ਕੌਣ? ਲਗਦਾ ਸੀ ਕਿ ਇਹ ਪੁਲੰਦਾ ਵਕਤ ਦੇ ਹਨੇਰਿਆਂ ‘ਚ ਗੁਆਚ ਜਾਵੇਗਾ ਅਤੇ ਪੰਜਾਬੀ ਅਦਬ ਇਸ ਕੀਮਤੀ ਖ਼ਜ਼ਾਨੇ ਤੋਂ ਵਾਂਝਾ ਰਹਿ ਜਾਵੇਗਾ। ਜਨਾਬ ਗ਼ੁਲਾਮ ਰੱਬਾਨੀ ਦੇ ਦੱਸਣ ਅਨੁਸਾਰ ਉਸ ਦੀ ਮੌਤ ਤੋਂ ਬਾਅਦ ਉਸ ਦੇ ਇਕ ਸ਼ਾਇਰ ਦੋਸਤ ਜਮੀਲ ਸਰਾਜ ਨੇ ਉਸ ਦੀਆਂ ਚੋਣਵੀਆਂ ਰਚਨਾਵਾਂ ਦੀ ਕਿਤਾਬ “ਕਦਰਾਂ” ਛਪਵਾਈ। ਮੇਰੇ ਦੁਆਰਾ ਸੰਪਾਦਿਤ ਕਿਤਾਬ “ਪੱਤਣੋਂ ਪਾਰ” ਵਿਚ ਵੀ ਉਸ ਦੀਆਂ ਕੁਝ ਰਚਨਾਵਾਂ ਸ਼ਾਮਿਲ ਹਨ।
1992 ਵਿਚ ਉਸ ਨੂੰ ਬਹੁਤ ਸਾਰੀਆਂ ਬੀਮਾਰੀਆਂ ਨੇ ਘੇਰ ਲਿਆ। ਨਜ਼ਰ ਦੀ ਕਮਜ਼ੋਰੀ, ਪੇਟ ਦਾ ਅਲਸਰ, ਤਪਦਿਕ ਤੇ ਫੇਰ ਅਧਰੰਗ। ਵਧੇਰੇ ਸਮਾਂ ਹਸਪਤਾਲ ਵਿਚ ਹੀ ਬੀਤਦਾ। ਬੀਮਾਰੀ ਤੇ ਗ਼ਰੀਬੀ ਦਾ ਸ਼ਿਕਾਰ ਇਹ ਸ਼ਾਇਰ 1992 ਵਿਚ ਦੁਨੀਆ ਨੂੰ ਅਲਵਿਦਾ ਕਹਿ ਗਿਆ। ਅੰਤਮ ਦਿਨਾਂ ਵਿਚ ਵੀ ਉਹ ਆਪਣੇ ਸਿਰਹਾਣੇ ਹੇਠ ਕਾਗ਼ਜ਼ ਤੇ ਕਲਮ ਰਖਦਾ ਸੀ। ਜਦੋਂ ਕੁਝ ਸਤਰਾਂ ਔੜਦੀਆਂ, ਫਟਾਫਟ ਲਿਖ ਲੈਂਦਾ। ਉਸ ਦੇ ਅੰਤਮ ਦਿਨਾਂ ‘ਚ ਲਿਖੀ ਇਕ ਨਜ਼ਮ ਪੇਸ਼ ਹੈ:
ਕੌਣ ਕਿਸੇ ਦਾ ਗ਼ਮ ਲੈਂਦਾ ਏ/ ਹਰ ਕੋਈ ਅਪਣਾ ਕੰਮ ਲੈਂਦਾ ਏ/ ਕਦੀ ਕਦੀ ਦੁਨੀਆ ਵਿਚ ਬੰਦਾ/ ਅਸਲੋਂ ਕੱਲਾ ਰਹਿ ਜਾਂਦਾ ਏ।
ਉਸ ਦੇ ਦੋਸਤ ਅਤੇ ਬਹੁਤ ਵੱਡੇ ਲੇਖਕ ਅਫਜ਼ਲ ਅਹਿਸਨ ਰੰਧਾਵਾ ਨੇ ਉਸ ਦੀ ਮੌਤ ਸਮੇਂ ਸ਼ਰਧਾਂਜਲੀ ਦਿੰਦਿਆਂ ਕਿਹਾ ਸੀ : “ਇਸ ਮੁਲਕ ‘ਚ ਲਿਖਾਰੀ ਦਾ ਮੁਕੱਦਰ ਤਕਲੀਫ਼ ਤੇ ਗਰੀਬੀ ਹੈ। ਇਹ ਸੱਤਾ ਦਾ ਫ਼ਰਜ਼ ਹੈ ਕਿ ਉਹ ਲਿਖਾਰੀਆਂ ਦਾ ਖ਼ਿਆਲ ਰੱਖੇ। ਰਾਜ ਸੱਤਾ ਇਕ ਵਾਰ ਫਿਰ ਆਪਣਾ ਕਰਤੱਵ ਨਿਭਾਉਣ ਚ ਅਸਫਲ ਰਹੀ ਹੈ।” ਕਿਸੇ ਸਰਕਾਰੀ ਜਾਂ ਗ਼ੈਰ ਸਰਕਾਰੀ ਸੰਸਥਾ ਨੇ ਕਦੇ ਉਸ ਦੇ ਪਰਿਵਾਰ ਦੀ ਸਾਰ ਨਹੀਂ ਲਈ ।
***
ਬਰੀ ਨਿਜ਼ਾਮੀ ਦੀਆਂ ਕੁਝ ਰਚਨਾਵਾਂ:
ਗਿਣ ਗਿਣ ਤਾਰੇ ਲੰਘਦੀਆਂ ਰਾਤਾਂ
ਸੱਪਾਂ ਵਾਂਗਰ ਡੰਗਦੀਆਂ ਰਾਤਾਂ
ਰਾਂਝਾ ਤਖ਼ਤ ਹਜ਼ਾਰਾ ਭੁੱਲਿਆ
ਭੁੱਲਿਆ ਨਈਂ ਪਰ ਝੰਗ ਦੀਆਂ ਰਾਤਾਂ
ਅੱਖੀਆਂ ਵਿਚ ਜਗਰਾਤੇ ਰਹਿੰਦੇ
ਸੂਲੀ ਉੱਤੇ ਟੰਗੀਆਂ ਰਾਤਾਂ
ਹੋਰ ਕਿਸੇ ਵੱਲ ਜਾਣ ਨਾ ਦੇਵਣ
ਅਪਣੇ ਰੰਗ ਵਿਚ ਰੰਗਦੀਆਂ ਰਾਤਾਂ
ਮੈਨੂੰ ਕੋਈ ਸਮਝ ਨ ਆਵੇ
ਆਈਆਂ ਕਿਹੜੇ ਢੰਗ ਦੀਆਂ ਰਾਤਾਂ
‘ਬਰੀ ਨਿਜ਼ਾਮੀ’ ਯਾਦ ਨਈਂ ਮੈਨੂੰ
ਹੁਣ ਖ਼ੌਰੇ ਕੀ ਮੰਗਦੀਆਂ ਰਾਤਾਂ
***
ਵਿਗੜ ਗਈ ਏ ਥੋੜ੍ਹੇ ਦਿਨਾਂ ਤੋਂ
ਦੂਰੀ ਪਈ ਏ ਥੋੜ੍ਹੇ ਦਿਨਾਂ ਤੋਂ
ਤੇਰੇ ਹੁੰਦਿਆਂ ਪੀਂਦੇ ਨਈਂ ਸਾਂ
ਪੀਣੀ ਪਈ ਏ ਥੋੜ੍ਹੇ ਦਿਨਾਂ ਤੋਂ
ਚੰਨ ਜਿਹਾ ਮੁਖੜਾ ਨਜ਼ਰ ਨਾ ਆਵੇ
ਰੁੱਤ ਸੁਰਮਈ ਏ ਥੋੜ੍ਹੇ ਦਿਨਾਂ ਤੋਂ
ਸ਼ਾਮ ਸਵੇਰੇ ਆ ਜਾਂਦੇ ਸਨ
ਖ਼ਬਰ ਨ ਲਈ ਏ ਥੋੜ੍ਹੇ ਦਿਨਾਂ ਤੋਂ
ਦਿਲ ਮਰ ਜਾਣਾ ਹੁਣ ਤਕ ਡਰਦਾ
ਚੋਟ ਤੇ ਸਈ ਏ ਥੋੜ੍ਹੇ ਦਿਨਾਂ ਤੋਂ
ਸੁੱਖ ਸੁਨੇਹੜਾ ਕੋਈ ਨਈਂ ਆਉਂਦਾ
ਆਸ ਤੇ ਢਈ ਏ ਥੋੜ੍ਹੇ ਦਿਨਾਂ ਤੋਂ
ਇਕ ਦਿਨ ‘ਬਰੀ’ ਇਹ ਹੱਲ ਹੋ ਜਾਣੀ
ਮੁਸ਼ਕਿਲ ਜਈ ਏ ਥੋੜ੍ਹੇ ਦਿਨਾਂ ਤੋਂ
***
ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ
ਕਦੇ ਵੀ ਨਈਂ ਅੱਜ ਜਿੰਨਾ ਰੋਇਆ ਸੱਜਣਾ
ਇਸ਼ਕ ਹੋ ਰਾਂਝੇ ਦੇ ਵੱਲ ਪਾਈਆਂ ਝਾਤੀਆਂ
ਪਿਆਰ ਜਿਨ੍ਹੇ ਕੀਤਾ ਓਹੋ ਰੋਇਆ ਸੱਜਣਾ
ਪਿਆਰ ਦੀਆਂ ਗੱਲਾਂ ਹੁਣ ਚੇਤੇ ਆਉਂਦੀਆਂ
ਸੱਧਰਾਂ ਚ ਯਾਦਾਂ ਨੂੰ ਪਰੋਇਆ ਸੱਜਣਾ
ਤਰੇਲੀਆਂ ਦੇ ਨਾਲ ਗਈਆਂ ਭਿੱਜ ਸੱਧਰਾਂ
ਪਿਆਰ ਵਾਲਾ ਗੀਤ ਜਦ ਛੋਇਆ ਸੱਜਣਾ
ਲੇਖਾਂ ਉੱਤੇ ਨਈਂ ਕਿਸੇ ਦਾ ਜ਼ੋਰ ਚੱਲਦਾ
ਪੈਰ ਪੈਰ ਉੱਤੇ ਦਿਸੇ ਟੋਇਆ ਸੱਜਣਾ
ਸੋਚਾਂ ਤੇ ਖ਼ਯਾਲਾਂ ਵਿਚ ਦਿਨ ਲੰਘਦੇ
ਸੁਖ ਮੇਰੀ ਜ਼ਿੰਦਗੀ ਦਾ ਖੋਇਆ ਸੱਜਣਾ
ਸਿਖਰ ਦੁਪਹਿਰੇ ‘ਬਰੀ’ ਸ਼ਾਮਾਂ ਪੈ ਗਈਆਂ
ਜ਼ੁਲਫ਼ਾਂ ਚ ਮੁੱਖ ਜਾਂ ਲੁਕੋਇਆ ਸੱਜਣਾ
***
ਬਰੀ ਨਿਜ਼ਾਮੀ (1946–1992), ਲਿੱਪੀਅੰਤਰ : ਜਸਪਾਲ ਘਈ

