ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੁਲਾਈ:
ਮਿੰਨੀ ਕਹਾਣੀ
ਕੁੱਤਿਆਂ ਤੋਂ ਵੀ ਕੁੱਤੇ/ ਜੇ.ਐਸ. ਮਹਿਰਾ
ਜੱਗੂ ਅੱਜ ਬਹੁਤ ਖੁਸ਼ ਸੀ। ਖੁਸ਼ ਤਾਂ ਹੋਣਾ ਹੀ ਸੀ। ਇੱਕ ਪ੍ਰਾਈਵੇਟ ਕੰਪਨੀ ਵਿਚ 12-12 ਘੰਟੇ, ਮਹੀਨਾ ਭਰ ਹੱਡ-ਭੰਨਵੀਂ ਕਮਾਈ ਕਰਨ ਤੋਂ ਬਾਅਦ ਤਨਖਾਹ ਜੋ ਮਿਲੀ ਸੀ। ਘਰ ਵਾਪਿਸ ਜਾਂਦੇ ਸਮੇਂ ਉਹ ਆਪਣੇ ਬਿਮਾਰ ਬੱਚੇ ਦੀਆਂ ਦਵਾਈਆਂ, ਡਾਕਟਰ ਦੇ ਦੱਸੇ ਅਨੁਸਾਰ ਉੱਭਲੇ ਹੋਏ ਆਂਡੇ ਤੇ ਘਰੇਲੂ ਵਰਤੋਂ ਦੀਆਂ ਕੁਝ ਜ਼ਰੂਰੀ ਵਸਤਾਂ ਲੈਣ ਲਈ ਬਾਜ਼ਾਰ ਵਿੱਚ ਵੜ ਗਿਆ। ਉਸ ਨੇ ਦਵਾਈਆਂ ਤੇ ਆਂਡੇ ਲੈ ਲਿਫਾਫੇ ਵਿੱਚ ਪੈਕ ਕਰਵਾ ਲਏ ਤੇ ਸਬਜ਼ੀ ਲੈਣ ਲਈ ਸਬਜ਼ੀ ਵਾਲੀ ਆਂਟੀ ਦੀ ਦੁਕਾਨ ਵੱਲ ਚਲ ਪਿਆ। ਸਬਜ਼ੀ ਵਾਲੀ ਆਂਟੀ ਨੂੰ ਜੱਗੂ ਦੇ ਜੀਵਨ ਦੀਆਂ ਸਭ ਤੰਗੀਆਂ ਤੇ ਪਰੇਸ਼ਾਨੀਆਂ ਬਾਰੇ ਪਤਾ ਸੀ|


ਜੱਗੂ ਪੂਰਾ ਮਹੀਨਾ ਆਂਟੀ ਦੀ ਦੁਕਾਨ ਤੋਂ ਸਬਜ਼ੀ ਉਧਾਰ ਲੈ ਜਾਂਦਾ ਅਤੇ 10 ਤਰੀਕ ਨੂੰ ਪੈਸੇ ਮਿਲਦੇ ਤਾਂ ਸਭ ਉਧਾਰ ਚੁਕਾ ਦਿੰਦਾ। ਸ਼ਾਮ ਦੇ ਸਮੇਂ ਜਿਆਦਾ ਭੀੜ ਹੋ ਜਾਣ ਕਾਰਨ ਆਂਟੀ ਦੀਆਂ ਜਵਾਨ ਕੁੜੀਆਂ ਉਸ ਦੀ ਮਦਦ ਲਈ ਦੁਕਾਨ ‘ਤੇ ਆ ਜਾਂਦੀਆਂ। ਹਰ ਰੋਜ਼ ਕਈ ਲੰਡੂ ਮੁੰਡੇ ਸਬਜ਼ੀ ਲੈਣ ਦੇ ਬਹਾਨੇ ਆਂਟੀ ਦੀ ਦੁਕਾਨ ‘ਤੇ ਆ ਜਾਂਦੇ ਤੇ ਉਹ ਕੁੜੀਆਂ ਨਾਲ਼ ਠਰਕ ਭੋਰਦੇ ਰਹਿੰਦੇ| ਉਹ ਹੱਥ ਵਿੱਚ ਕੋਈ ਸਬਜ਼ੀ ਚੁੱਕ ਕੁੜੀਆਂ ਦੀਆਂ ਛਾਤੀਆਂ ਵੱਲ ਗੰਦੀ ਨਜ਼ਰ ਨਾਲ ਇਸ਼ਾਰਾ ਕਰਦੇ ਹੋਏ ਕਹਿੰਦੇ, “ਆਹ ਕਿਆ ਭਾਅ ਲਾਈ।” ਆਂਟੀ ਨੂੰ ਵੀ ਮਜਬੂਰੀ ਵੱਸ ਇਹ ਦੇਖਦੇ ਤੇ ਜਾਣਦੇ ਹੋਏ ਸਭ ਸਹਿਣ ਦੀ ਆਦਤ ਪੈ ਗਈ ਸੀ।
ਜਿਵੇਂ ਹੀ ਜੱਗੂ ਆਂਟੀ ਦੀ ਦੁਕਾਨ ਤੇ ਪਹੁੰਚਿਆ ਤਾਂ ਉੱਥੇ ਪੰਜ ਛੇ ਮੁੰਡੇ ਖੜ੍ਹੇ ਕੁੜੀਆ ਨਾਲ਼ ਠਰਕ ਭੋਰ ਰਹੇ ਸਨ। ਆਂਡਿਆਂ ਵਾਲਾ ਲਿਫਾਫਾ ਜੱਗੂ ਦੇ ਹੱਥਾਂ ਵਿੱਚ ਸੀ। ਅਜੇ ਉਹ ਜਾਕੇ ਦੁਕਾਨ ‘ਤੇ ਖੜਿਆਂ ਹੀ ਸੀ ਕਿ 2-3 ਅਵਾਰਾ ਕੁੱਤਿਆਂ ਨੇ ਪਿੱਛੋਂ ਆ ਲਿਫਾਫਾ ਖਿੱਚ ਲਿਆ। ਲਿਫਾਫਾ ਛੁਡਵਾਉਣ ਦੀ ਕੋਸ਼ਿਸ਼ ਵਿੱਚ ਜੱਗੂ ਕੁੱਤਿਆਂ ਵੱਲ ਭੱਜਦੇ ਹੋਏ ਬੋਲਿਆ, “ਹੱਟ ਤੁਹਾਡੀ ਭੈਣ ਦੀ।” ਨਾਲ ਹੀ ਸਾਰੇ ਲੱਡੂ ਮੁੰਡੇ ਉਸੇ ‘ਤੇ ਟੁੱਟ ਕੇ ਪੈ ਗਏ। ”ਓਏ ! ਤੇਰੀ ਭੈਣ ਦੀ … ਤੇਰੀ ਮਾਂ ਦੀ … ਤੂੰ ਸਾਨੂੰ ਗਾਲ੍ਹ ਕੱਢਦਾ?” ਉਨ੍ਹਾਂ ਘਸੁੰਨ, ਲੱਤਾਂ ਮਾਰਦੇ ਹੋਏ ਉਸ ਦੇ ਕੱਪੜੇ ਪਾੜ ਦਿੱਤੇ। ਇੱਕ ਲੰਡੂ ਪੱਥਰ ਚੁੱਕ ਮਾਰਨ ਲੱਗਾ ਤਾਂ ਸਬਜ਼ੀ ਵਾਲੀ ਆਂਟੀ ਆਪਣਾ ਸਬਜ਼ੀ ਕੱਟਣ ਵਾਲਾ ਚਾਕੂ ਲੈ ਜੱਗੂ ਦੇ ਬਚਾਅ ਲਈ ਮੁੰਡਿਆਂ ਨੂੰ ਚਾਕੂ ਦਿਖਾਉਂਦੀ ਹੋਈ ਅੱਗੇ ਆਈ ਤੇ ਚੀਕਣ ਲੱਗੀ, ”ਓਏ ! ਨਾ ਮਾਰੋ ਓਏ ਗਰੀਬ ਨੂੰ ਇਹ ਤਾਂ ਪਹਿਲਾਂ ਹੀ ਵਕਤ ਦਾ ਮਾਰਿਆ। ਇਸ ਨੇ ਤੁਹਾਡਾ ਕੀ ਵਿਗਾੜਿਆ ਹੈ?”
ਸ਼ੋਰ ਸ਼ਰਾਬਾ ਸੁਣ ਕੇ ਭੀੜ੍ਹ ਇਕੱਠੀ ਹੋ ਗਈ ਤੇ ਮੁੰਡੇ ਉੱਥੋਂ ਭੱਜ ਗਏ। ਜੱਗੂ ਵਿਚਾਰਾ ਬੜੀ ਮੁਸ਼ਕਲ ਨਾਲ ਉਠਿਆ ਤੇ ਆਪਣੇ ਫਟੇ ਹੋਏ ਕੱਪੜਿਆਂ ਨੂੰ ਝਾੜਦਾ ਤੇ ਖਿਲਰੇ ਹੋਏ ਆਂਡਿਆਂ ਨੂੰ ਦੇਖਦਾ ਮਯੂਸ ਹੋ ਪਿੰਡ ਵੱਲ ਚੱਲ ਪਿਆ। ਕੁੱਤਿਆਂ ਨੇ ਤਾਂ ਉਸ ਦੇ ਆਂਡੇ ਹੀ ਖਿਲਾਰੇ ਸਨ ਪਰ ਇਹ ਤਾਂ ਕੁੱਤਿਆਂ ਤੋਂ ਵੀ ਵੱਧ ਕੁੱਤੇ ਸਨ, ਜਿਹਨਾਂ ਨੇ ਮਾਰ ਮਾਰ ਉਸ ਦੇ ਕੱਪੜੇ ਪਾੜ ਦਿੱਤੇ ਸਨ। ਉਹ ਵੀ ਸਿਰਫ਼ ਕੁੜੀਆਂ ਤੇ ਸਮਾਜ ਨੂੰ ਆਪਣੀ ਆਕੜ ਤੇ ਬਦਮਾਸ਼ੀ ਦਾ ਪ੍ਰਦਰਸ਼ਨ ਦਿਖਾਉਣ ਲਈ|

