ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਅੱਜ ਅਕਾਡਮੀ ਵਲੋਂ ਹਰ ਸਾਲ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਕੀਤਾ ਐਲਾਨ
ਸਾਲ 2022 ਦੇ ਪੁਰਸਕਾਰਾਂ ਲਈ ਵੱਖ ਵੱਖ ਵਿਧਾਵਾਂ ਦੇ ਚੁਣੇ ਗਏ ਲੇਖਕ ਵਿੱਚ ਸੁਰਜਨ ਸਿੰਘ ਜ਼ੀਰਵੀ, ਸਤਪਾਲ ਭੀਖੀ, ਜੰਗ ਬਹਾਦਰ ਗੋਇਲ, ਡਾ. ਸੁਰਜੀਤ ਭੱਟੀ, ਜਤਿੰਦਰ ਬਰਾੜ ਅਤੇ ਤੇਜਿੰਦਰ ਹਰਜੀਤ ਹਨ ਸ਼ਾਮਿਲ
ਸਾਰੇ ਪੁਰਸਕਾਰਾਂ ਵਿੱਚ ਇੱਕੀ-ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਕੀਤੇ ਜਾਣਗੇ ਭੇਟ


ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 22 ਜੁਲਾਈ:
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਅੱਜ ਅਕਾਡਮੀ ਵਲੋਂ ਹਰ ਸਾਲ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ। ਇਥੇ ਡਾਕਟਰ ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਪੁਰਸਕਾਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਕਾਡਮੀ ਦੇ ਜਨਰਲ ਸਕੱਤਰ ਡਾ.ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸਾਲ 2022 ਦੇ ਪੁਰਸਕਾਰ ਇਸ ਇਸ ਤਰ੍ਹਾਂ ਹੋਣਗੇ:-
– ਕਾਮਰੇਡ ਜਗਜੀਤ ਸਿੰਘ ਆਨੰਦ ਯਾਦਗਾਰੀ ਵਾਰਤਕ ਪੁਰਸਕਾਰ:ਸੁਰਜਨ ਸਿੰਘ ਜ਼ੀਰਵੀ;
– ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ:ਸਤਪਾਲ ਭੀਖੀ;
– ਮੱਲ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ:ਜੰਗ ਬਹਾਦਰ ਗੋਇਲ;
– ਡਾਕਟਰ ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ:ਡਾਕਟਰ ਸੁਰਜੀਤ ਭੱਟੀ;
– ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ:ਜਤਿੰਦਰ ਬਰਾੜ;
– ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ:ਤੇਜਿੰਦਰ ਹਰਜੀਤ;
ਇਹਨਾਂ ਸਾਰੇ ਪੁਰਸਕਾਰਾਂ ਵਿੱਚ ਇੱਕੀ-ਇੱਕੀ ਹਜ਼ਾਰ ਰੁਪਏ ਦੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਜਾਣਗੇ। ਡਾਕਟਰ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਡਾਕਟਰ ਸਰਦਾਰਾ ਸਿੰਘ ਜੌਹਲ, ਪ੍ਰੋ.ਗੁਰਭਜਨ ਸਿੰਘ ਗਿੱਲ, ਡਾਕਟਰ ਸਖਦੇਵ ਸਿੰਘ ਸਿਰਸਾ, ਡਾਕਟਰ ਰਵਿੰਦਰ ਭੱਠਲ, ਕਹਾਣੀਕਾਰ ਸੁਖਜੀਤ, ਸ਼ਿਆਮ ਸੁੰਦਰ ਦੀਪਤੀ, ਗੁਲਜ਼ਾਰ ਸਿੰਘ ਪੰਧੇਰ, ਜਸਵੀਰ ਸਿੰਘ ਝੱਜ ਅਤੇ ਨਵਦੀਪ ਸਿੰਘ ਖਹਿਰਾ ਸ਼ਾਮਿਲ ਹੋਏ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪੁਰਸਕਾਰ ਜਲਦੀ ਹੀ ਇਕ ਸਮਾਗਮ ਦੌਰਾਨ ਭੇਟ ਕੀਤੇ ਜਾਣਗੇ।

