www.sursaanjh.com > ਸਾਹਿਤ > ਦੇਵ ਦਰਦ ਬਹੁਤ ਪਿਆਰਾ ਸ਼ਾਇਰ/ ਗੁਰਭਜਨ ਗਿੱਲ

ਦੇਵ ਦਰਦ ਬਹੁਤ ਪਿਆਰਾ ਸ਼ਾਇਰ/ ਗੁਰਭਜਨ ਗਿੱਲ

ਦੇਵ ਦਰਦ ਬਹੁਤ ਪਿਆਰਾ ਸ਼ਾਇਰ/ ਗੁਰਭਜਨ ਗਿੱਲ
ਮੈ ਉਸਨੂੰ ਸੀ ਨਹੀਂ ਕਹਿ ਸਕਦਾ। ਮੇਰੇ ਲਈ ਉਹ ਅੱਜ ਵੀ ਅੰਗ ਸੰਗ ਹੈ। ਜਦ ਕਦੇ ਕਿਸੇ ਕਵੀ ਦਰਬਾਰ ਲਈ ਸੂਚੀ ਬਣਾਉਣੀ ਤਾਂ ਪ੍ਰਮਿੰਦਰਜੀਤ ਮਗਰੋਂ ਉਸੇ ਦਾ ਹੀ ਚੇਤਾ ਆਉਂਦਾ ਸੀ। ਸ਼ਬਦ ਸਾਧਕ ਤੇ ਕਲਾਵੰਤ ਸੱਜਣ ਸੀ ਦੇਵ। ਤਲਵਿੰਦਰ ਸਿੰਘ ਕਹਾਣੀਕਾਰ ਦੇ ਚਲਾਣੇ ਮਗਰੋਂ ਉਹ ਬੇਹੱਦ ਉਦਾਸ ਹੋ ਗਿਆ ਸੀ। ਉਸ ਵਿੱਚ ਕਾਹਲ਼ ਆ ਗਈ ਸੀ। ਬੇਚੈਨ ਸੀ। ਉਸ ਦੇ ਕੰਮ ਦੇ ਹਾਣ ਦਾ ਉਸ ਨੂੰ ਹੁੰਗਾਰਾ ਨਹੀਂ ਸੀ ਲੱਭ ਰਿਹਾ।
ਉਹ ਵਿਰਸੇ ਦਾ ਸੁਚੇਤ ਸੰਭਾਲਕਾਰ ਸੀ। ਅਜਾਇਬਘਰ ਸੀ ਤੁਰਦਾ ਫਿਰਦਾ। ਪੰਜਾਬ ਦੀ ਸਦੀਆਂ ਲੰਮੀ ਸੰਘਰਸ਼ ਵਾਰਤਾ ਦਾ ਪੇਸ਼ਕਾਰ। ਗੱਲਾਂ ਕਰਦਾ ਤਾਂ ਰੇਸ਼ਮੀ ਥਾਨ ਵਾਂਗ ਤਹਿ ਦਰ ਤਹਿ ਉੱਧੜਦਾ ਜਾਂਦਾ। ਇੱਕ ਵਾਰ ਮੇਰੇ ਨਾਲ ਰੁੱਸ ਗਿਆ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਚੋਣ ਵਿੱਚ ਕੁਝ ਵੋਟਾਂ ਤੇ ਜਿੱਤਣੋਂ ਰਹਿ ਗਿਆ। ਕਹਿਣ ਲੱਗਾ, ਤੁਸੀਂ ਮੈਨੂੰ ਨਹੀਂ ਜਿਤਾਇਆ। ਜੇ ਭੁਪਿੰਦਰ ਨੂੰ ਜਿਤਾ ਸਕਦੇ ਹੋ ਤਾਂ ਮੇਰੀ ਵਾਰੀ ਕੀ ਬਿੱਲੀ ਛਿੱਕ ਗਈ?
ਮੈਂ ਬਥੇਰਾ ਸਮਝਾਇਆ ਕਿ ਮੇਰੇ ਵੱਸ ਕਿਸੇ ਨੂੰ ਜਿਤਾਉਣਾ ਜਾਂ ਹਰਾਉਣਾ ਨਹੀਂ ਹੈ। ਪਰ ਉਹ ਨਾ ਮੰਨਿਆ। ਬੋਲਿਆ ! ਸਾਰੇ ਕਹਿੰਦੇ ਨੇ ਕਿ ਜਿੱਤ ਵਾਲੀ ਕੁੰਜੀ ਤੁਹਾਡੇ ਕੋਲ ਹੈ, ਮੇਰੀ ਵਾਰੀ ਉਹ ਕੁੰਜੀ ਕਿਉਂ ਨਾ ਵਰਤੀ? ਕੁਝ ਮਹੀਨੇ ਬਾਦ ਬਟਾਲੇ ਮਿਲਿਆ ਤਾਂ ਮੈਂ ਅੱਗੇ ਵਧ ਕੇ ਸਤਿਕਾਰ ਭੇਂਟ ਕੀਤਾ ਤਾਂ ਉਹ ਪਿਘਲ ਕੇ ਬਗਲਗੀਰ ਹੋਇਆ ਮੇਰੇ ਨਾਲ।  ਅੱਜ ਅਮਰਿੰਦਰ ਸੋਹਲ ਨੇ ਹੇਠ ਲਿਖੀ ਇਬਾਰਤ ਲਿਖ ਭੇਜੀ ਤਾਂ ਚੇਤੇ ਆਇਆ ਕਿ ਉਹ ਕਿੰਨਾ ਵੱਡਾ ਸ਼ਾਇਰ ਸੀ। ਉਸ ਦੀ ਕਿਤਾਬ ਪੜ੍ਹ ਕੇ ਰਹਿੰਦੀ ਗੱਲ ਫਿਰ ਕਰਾਂਗਾ। ਹੁਣ ਅਮਰਿੰਦਰ ਸੋਹਲ ਦੀ ਲਿਖੀ ਪੜ੍ਹੋ:-
“ਦੇਵ ਦਰਦ ਜੀ ਗ਼ਜ਼ਲ ਅਤੇ ਨਜ਼ਮ ਦੇ ਪ੍ਰਪੱਕ ਸ਼ਾਇਰ ਸਨ l ਉਹਨਾਂ ਦੇ ਵਾਕਫ਼ੀਅਤ ਦਾ ਘੇਰਾ ਬਹੁਤ ਵਿਸ਼ਾਲ ਸੀ l ਜਦੋਂ ਉਨ੍ਹਾਂ ਨੇ ਆਪਣੀ ਨਵੀਂ ਆ ਰਹੀ ਕਿਤਾਬ “ਬਦਾਮੀ ਬਾਗ਼” ਦਾ ਸਰਵਰਕ ਫ਼ੇਸਬੁੱਕ ਪੇਜ਼ ਤੋਂ share ਕਰਿਆ ਤਾਂ ਉਨ੍ਹਾਂ ਨੂੰ  ਮਣਾਂਮੂੰਹ like ਅਤੇ comment ਆਏ। ਓਨੇ ਮੈਂ ਹੁਣ ਤਕ ਕਿਸੇ ਦੀ ਕਿਤਾਬ ਬਾਰੇ ਦੇਖੇ ਨਹੀਂ l ਉਨ੍ਹਾਂ ਨੇ ਇਸ ਕਿਤਾਬ ‘ਤੇ ਕੋਈ ਅਵੱਲਾ ਅਤੇ ਸ਼ਾਨਦਾਰ ਪ੍ਰੋਗਰਾਮ ਕਰਨਾ ਸੋਚਿਆ ਸੀ ਪਰ ਉਨ੍ਹਾਂ ਦਾ ਆਪਣੀ ਕਿਤਾਬ ਦੇਖਣ ਅਤੇ ਪ੍ਰੋਗਰਾਮ ਕਰਨ ਦਾ ਸੁਪਨਾ ਪੂਰਾ ਨਾ ਹੋ ਸਕਿਆ l ਹੋਣੀ ਉਨ੍ਹਾਂ ਨੂੰ ਉੱਥੇ ਲੈ ਗਈ, ਜਿੱਥੋਂ ਕੋਈ ਮੁੜ ਕੇ ਨਹੀਂ ਆਉਂਦਾ l ਹੁਣ ਦੇਵ ਦਰਦ ਜੀ ਦੇ ਪਰਿਵਾਰ ਦੇ ਸਹਿਯੋਗ ਨਾਲ ਇਹ ਕਿਤਾਬ ਪ੍ਰਕਾਸ਼ਿਤ ਹੋਈ ਹੈ l
ਦੇਵ ਦਰਦ ਜੀ ਨੂੰ ਆਪਣੀ ਇਹ ਨਜ਼ਮ ਬਹੁਤ ਪਸੰਦ ਸੀ :
ਤੂੰ ਦੁਆ ਕਰੀਂ
ਕਿ ਮੈਂ ਪਰਤ ਆਵਾਂ
ਮੈਂ ਜਾ ਰਿਹਾ ਹਾਂ
ਹਵਾ ਤੋਂ ਚੋਰੀ
ਸਮੇਂ ਦੇ ਓਹਲੇ
ਤਮਾਮ ਰੁੱਤਾਂ ਦੇ ਪਾਰ
ਜਿੱਥੇ
ਇਹ ਖ਼ਤਮ ਹੁੰਦੀਆਂ ਨੇ
ਸਭ ਦਿਸ਼ਾਵਾਂ
ਦੁਆ ਕਰੀਂ
ਕਿ ਮੈਂ ਪਰਤ ਆਵਾਂ”
ਅਮਰਿੰਦਰ ਸੋਹਲ, ਰਾਮਪੁਰ (ਲੁਧਿਆਣਾ) – ਮਾਲਕ, Spread Publication-9501660416

Leave a Reply

Your email address will not be published. Required fields are marked *