ਦੇਸ਼ ਦੀ ਤਰੱਕੀ ਵਿੱਚ ਬੀਮਾ ਖੇਤਰ ਦਾ ਵੱਡਾ ਯੋਗਦਾਨ : ਤਪਨ ਸਿੰਘਲ
ਕੁੱਲੂ ਦੇ ਆਫ਼ਤ ਪ੍ਰਭਾਵਿਤ ਖੇਤਰ ਵਿੱਚ ਹੁਣ ਤੱਕ 16 ਕਰੋੜ ਦਾਅਵਿਆਂ ਦਾ ਨਿਪਟਾਰਾ
ਜੀਵਨ ਅਤੇ ਸਿਹਤ ਬੀਮਾ ਪ੍ਰੀਮੀਅਮਾਂ ‘ਤੇ ਜੀਐਸਟੀ ਨੂੰ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ


ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਗਸਤ
ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਦੇ ਐਮਡੀ ਅਤੇ ਸੀਈਓ ਤਪਨ ਸਿੰਘਲ ਦਾ ਕਹਿਣਾ ਹੈ ਕਿ ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਬੀਮਾ ਖੇਤਰ ਦੀ ਵੱਡੀ ਭੂਮਿਕਾ ਹੁੰਦੀ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਸਾਲ ਦੇਸ਼ ਵਿੱਚ 10 ਕਰੋੜ ਲੋਕ ਸਿਹਤ ਬੀਮਾ ਨਾ ਹੋਣ ਕਾਰਨ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਂਦੇ ਹਨ। ਜਦੋਂ ਕਿਸੇ ਨੂੰ ਕੋਈ ਗੰਭੀਰ ਬਿਮਾਰੀ ਹੋ ਜਾਂਦੀ ਹੈ ਤਾਂ ਸਿਹਤ ਬੀਮਾ ਨਾ ਹੋਣ ਕਾਰਨ ਉਸ ਨੂੰ ਆਪਣਾ ਘਰ, ਗਹਿਣੇ ਆਦਿ ਵੇਚਣੇ ਪੈਂਦੇ ਹਨ।
ਜੇਕਰ ਸਿਹਤ ਬੀਮਾ ਲਿਆ ਜਾਵੇ ਤਾਂ ਬੀਮਾ ਕੰਪਨੀ ਇਸ ਔਖੀ ਘੜੀ ਵਿੱਚ ਮਦਦਗਾਰ ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਿੱਥੇ ਕਿਸਾਨਾਂ ਨੇ ਫ਼ਸਲੀ ਬੀਮਾ ਕਰਵਾਇਆ ਹੈ, ਉੱਥੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਨੇ ਹਿਮਾਚਲ ਦੇ ਕੁੱਲੂ ਅਤੇ ਹਰਿਆਣਾ ਦੇ ਅੰਬਾਲਾ ਵਿੱਚ ਕੁਦਰਤੀ ਆਫ਼ਤ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕੁੱਲੂ ਵਿੱਚ ਹੀ ਹੁਣ ਤੱਕ ਕਰੀਬ 16 ਕਰੋੜ ਰੁਪਏ ਦੇ ਕਲੇਮ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।
ਤਪਨ ਸਿੰਘਲ ਨੇ ਕਿਹਾ ਕਿ ਜੀਵਨ ਅਤੇ ਸਿਹਤ ਬੀਮਾ ਪ੍ਰੀਮੀਅਮਾਂ ‘ਤੇ ਜੀਐਸਟੀ ਨੂੰ ਘਟਾਉਣ ਲਈ ਯਤਨ ਕੀਤੇ ਜਾ ਰਹੇ ਹਨ। ਫਿਲਹਾਲ ਇਹ 18 ਫੀਸਦੀ ਹੈ, ਜਿਸ ਨੂੰ ਘਟਾ ਕੇ 12 ਜਾਂ 5 ਫੀਸਦੀ ਕਰਨ ਦੀ ਜੀਐਸਟੀ ਕੌਂਸਲ ਅੱਗੇ ਮੰਗ ਕੀਤੀ ਗਈ ਹੈ। ਇਸ ਮੌਕੇ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਦੇ ਮਾਰਕੀਟਿੰਗ (ਇੰਡੀਆ) ਦੇ ਮੁਖੀ ਵਿਕਰਮਜੀਤ ਸਿੰਘ ਭਿਆਣਾ ਵੀ ਹਾਜ਼ਰ ਸਨ।

