ਭੋਗ ‘ਤੇ ਵਿਸ਼ੇਸ਼
ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਜੀ ਦੀ ਅੰਤਮ ਅਰਦਾਸ 10 ਸਤੰਬਰ ਨੂੰ
ਅਨੇਕ ਪਾਠਕਾਂ ਨੂੰ ਪੰਜਾਬੀ ਸਾਹਿਤ ਨਾਲ਼ ਜੋੜਨ ਦਾ ਕੀਤਾ ਉਪਰਾਲਾ
ਅੱਜ ਕੱਲ੍ਹ ਖਰੜ ਵਿਖੇ ਰਹਿ ਰਹੇ ਸਨ ਮਰਹੂਮ ਸੇਵੀ ਰਾਇਤ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 8 ਸਤੰਬਰ:


ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸ੍ਰੀ ਸੇਵੀ ਰਾਇਤ ਜੀ ਸੰਖੇਪ ਬੀਮਾਰੀ ਤੋਂ ਬਾਦ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਮਿਤੀ 10 ਸਤੰਬਰ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਸੈਕਟਰ 34 ਵਿਖੇ ਦੁਪਹਿਰ ਬਾਦ ਹੋਵੇਗੀ। ਸਾਹਿਤ ਨਾਲ ਬਚਪਨ ਤੋਂ ਨੇੜਤਾ ਹੋ ਗਈ, ਜਿਸ ਕਰਕੇ ਉਹਨਾਂ ਨੇ ਨੌਵੀਂ ਜਮਾਤ ਵਿਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦਾ ਜਨਮ 1 ਜਨਵਰੀ 1941 ਨੂੰ ਪਿਤਾ ਸ: ਪੂਰਨ ਸਿੰਘ ਜੀ ਦੇ ਘਰ ਪਿੰਡ ਸਮਰਾਏ ਜਿਲਾ ਜਲੰਧਰ ਵਿਖੇ ਹੋਇਆ। ਉਹਨਾਂ ਨੇ ਪਹਿਲਾਂ ਗਿਆਨੀ ਅਤੇ ਫੇਰ ਬੀਏ ਪਾਸ ਕੀਤੀ। ਉਹ ਕੁਝ ਸਮਾਂ ਦਿੱਲੀ ਵੀ ਬਿਜਨੈਸ ਕਰਦੇ ਰਹੇ ਪਰ ਉਥੋਂ ਹੀ ਦੁਬਈ ਚਲੇ ਗਏ। ਦੁਬਈ ਦਾ ਮੌਸਮ ਰਾਸ ਨਾ ਆਇਆ ਤਾਂ ਚੰਡੀਗੜ੍ਹ ਆ ਗਏ।
ਉਹਨਾਂ ਨੇ ਗ਼ਜ਼ਲਾਂ ਦੀ ਪਹਿਲੀ ਕਿਤਾਬ “ਜਿੰਦ ਪਰਾਣ” 1980 ਵਿਚ ਛਪਵਾਈ। ਉਸ ਤੋਂ ਬਾਦ ਸਮੇਂ ਸਮੇਂ ਤੇ ਪੁਸਤਕਾਂ ਛਪਵਾਉਦੇ ਰਹੇ ਅਤੇ ਅਜੇ ਵੀ
ਤਿੰਨ ਪੁਸਤਕਾਂ ਛਪਾਈ ਅਧੀਨ ਚਲ ਰਹੀਆਂ ਹਨ। ਉਹਨਾਂ ਨੇ ਜਿਸਮ ਤੋਂ ਜਾਨ ਤੱਕ, ਪ੍ਰਥਾ ਤੋਂ ਪਾਰ, ਖੁੱਲ੍ਹ ਗਏ ਕਿਵਾੜ, ਅਹਿਸਾਸ ਦੇ ਸਬੱਬ, ਹਰਫ ਸਮੇਂ ਦੇ ਹਾਣੀ, ਫੁਲਵਾੜੀ ਵਿਚ ਪਗਡੰਡੀ, ਆਯੂਰਵੈਦਿਕ ਸਲਾਹਕਾਰ ਭਾਗ-1 ਅਤੇ ਭਾਗ-2 ਕਿਤਾਬਾਂ ਛਪਵਾਈਆਂ ਹਨ। ਉਹਨਾਂ ਨੇ ਕਈ ਸਾਹਿਤਕ ਸਭਾਵਾਂ ਚੰਡੀਗੜ੍ਹ ਵਿਚ ਬਣਾਈਆਂ, ਜਿਨ੍ਹਾਂ ਵਿਚ ਕਵੀ ਮੰਡਲ, ਕਵਿਤਾ ਕੇਂਦਰ, ਸਾਹਿਤਕ ਵਿਚਾਰ ਮੰਚ ਅਤੇ ਸਾਹਿਤ ਵਿਗਿਆਨ ਕੇਂਦਰ ਸ਼ਾਮਲ ਹਨ। ਦੋ ਕਿਤਾਬਾਂ ਸੰਪਾਦਿਤ ਵੀ ਕੀਤੀਆਂ ਹਨ। ਭਾਰਤੀ ਦਲਿਤ ਸਾਹਿਤ ਅਕੈਡਮੀ ਨਵੀਂ ਦਿੱਲੀ , ਚੰਡੀਗੜ੍ਹ ਸਾਹਿਤ ਅਕਾਡਮੀ, ਗੁਰੂ ਗ੍ਰੰਥ ਸਾਹਿਬ ਸੇਵਾ ਸੋਸਾਇਟੀ UAE ਕਵਿਤਾ ਕੇਂਦਰ (ਰਜਿ:) ਚੰਡੀਗੜ੍ਹ, ਨੰਦ ਲਾਲ ਨੂਰਪੁਰੀ ਸਾਹਿਤ ਸਭਾ ਮੋਹਾਲੀ, ਸੂਲ ਸੁਰਾਹੀ ਸਾਹਿਤ ਕੇਂਦਰ (ਰਜਿ:) ਚੰਡੀਗੜ੍ਹ, ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ, ਸਾਹਿਤ ਅਤੇ ਸਭਿਆਚਾਰਕ ਕਲਾ ਮੰਚ (ਰਜਿ:) ਮੋਹਾਲੀ ਵਲੋਂ ਸਨਮਾਨਿਤ ਕੀਤਾ ਗਿਆ।
ਉਹ ਪਿਛਲੇ 18 ਸਾਲ ਤੋਂ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਚਲੇ ਆ ਰਹੇ ਸਨ। ਹਰ ਲੇਖਕ ਨੂੰ ਯੋਗ ਅਗਵਾਈ, ਹੌਸਲਾ ਅਫਜ਼ਾਈ ਅਤੇ ਨਿੱਜੀ ਸੰਪਰਕ ਬਣਾ ਕੇ ਰੱਖਣਾ ਉਹਨਾਂ ਦਾ ਵੱਡਾ ਗੁਣ ਸੀ। ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ, ਸਮੇਂ ਦੀ ਪਾਬੰਦੀ ਅਤੇ ਇਕਰਾਰ ਦੇ ਪੱਕੇ ਘਨ। ਆਪਣੇ ਪਿੱਛੇ ਪਤਨੀ, ਦੋ ਬੇਟੇ ਅਤੇ ਪੋਤੇ-ਪੋਤੀਆਂ ਨਾਲ ਭਰਿਆ ਪਰਿਵਾਰ ਛੱਡ ਗਏ ਹਨ। ਉਹਨਾਂ ਦੀ ਦੋਸਤੀ ਦਾ, ਸਾਹਿਤਕ ਸਾਂਝ ਅਤੇ ਵਪਾਰ ਦਾ ਘੇਰਾ ਬਹੁਤ ਵਿਸ਼ਾਲ ਸੀ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਜੀ।
ਗੁਰਦਰਸ਼ਨ ਸਿੰਘ ਮਾਵੀ – 98148 51298

