www.sursaanjh.com > ਸਾਹਿਤ > ਸਾਹਿਤਕ ਸੱਥ ਖਰੜ ਵੱਲੋਂ ਸਾਂਝਾ ਕਾਵਿ-ਸੰਗ੍ਰਹਿ ਛਪਵਾਉਣ ਦਾ ਫੈਸਲਾ ਅਤੇ ਕਵੀ ਦਰਬਾਰ ਦਾ ਆਯੋਜਨ

ਸਾਹਿਤਕ ਸੱਥ ਖਰੜ ਵੱਲੋਂ ਸਾਂਝਾ ਕਾਵਿ-ਸੰਗ੍ਰਹਿ ਛਪਵਾਉਣ ਦਾ ਫੈਸਲਾ ਅਤੇ ਕਵੀ ਦਰਬਾਰ ਦਾ ਆਯੋਜਨ

ਸਾਹਿਤਕ ਸੱਥ ਖਰੜ ਵੱਲੋਂ ਸਾਂਝਾ ਕਾਵਿ-ਸੰਗ੍ਰਹਿ ਛਪਵਾਉਣ ਦਾ ਫੈਸਲਾ  ਕਵੀ ਦਰਬਾਰ ਦਾ ਆਯੋਜਨ
ਖਰੜ  (ਸੁਰ ਸਾਂਝ ਡਾਟ ਕਾਮ ਬਿਊਰੋ), 17 ਸਤੰਬਰ:
ਸਥਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਸਾਹਿਤਕ ਸੱਥ ਖਰੜ ਦੀ ਹੋਈ ਮਾਸਿਕ ਇਕੱਤਰਤਾ ਵਿੱਚ ਜਸਵਿੰਦਰ ਸਿੰਘ ਕਾਈਨੌਰ, ਡਾ. ਹਰਨੇਕ ਸਿੰਘ ਕਲੇਰ ਅਤੇ ਸੁਰਜੀਤ ਸੁਮਨ ਦੀ ਪ੍ਰਧਾਨਗੀ ਹੇਠ ਹੋਈ। ਸੱਥ ਵੱਲੋਂ ਸਾਂਝਾ ਕਾਵਿ-ਸੰਗ੍ਰਹਿ ਛਪਵਾਉਣ ਦਾ ਫੈਸਲਾ ਕੀਤਾ ਗਿਆ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸੰਪਾਦਕੀ ਮੰਡਲ ਦਾ ਗਠਨ ਬਹੁਤ ਹੀ ਜਲਦੀ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ।
ਮੀਂਹ ਕਰਕੇ ਮੌਸਮ ਖਰਾਬ ਹੋਣ ਦੇ ਬਾਵਜੂਦ ਲੇਖਕਾਂ ਦੇ ਭਾਰੀ ਇਕੱਠ ਵਿਚ ਚੱਲੇ ਕਾਵਿਕ ਦੌਰ ਵਿੱਚ ਗੁਰਮੀਤ ਸਿੰਗਲ ਨੇ ਪਾਕਿਸਤਾਨੀ ਲੇਖਕ ਦੀ ਕਵਿਤਾ, ਇੰਦਰਜੀਤ ਕੌਰ ਵਡਾਲਾ ਨੇ ‘ਉਹ ਜਾਂਦਾ ਜਾਂਦਾ ਹੱਥ ਮੇਰੇ ਕਲਮ ਫ਼ੜਾ ਗਿਆ’, ਤਰਸੇਮ ਸਿੰਘ ਕਾਲੇਵਾਲ  ਨੇ ‘ਅੱਖਾਂ ਅੱਖਾਂ ਨਾਲ ਮਿਲੀਆਂ ਦਿਲ ਨੂੰ ਕੁੱਝ ਕਹਿ ਗਈਆਂ’, ਸੁਮਿੱਤਰ ਸਿੰਘ ਦੋਸਤ ਨੇ ‘ਹੁਣ ਹੁੰਦੀ ਨਹੀਂ ਵਾਹੀ ਹਲ ਤੇ ਪੰਜਾਲੀਆਂ ਦੇ ਨਾਲ’ਖੁਸ਼ੀ ਰਾਮ ਨਿਮਾਣਾ ਨੇ ‘ਬਾਪੂ ਨਾਲ ਲਾ ਕੇ ਦੇਖੋ ਯਾਰੀ ਬੜੀ ਪਿਆਰੀ ਹੈ’, ਗੁਰਸ਼ਰਨ ਸਿੰਘ ਕਾਕਾ ਨੇ ‘ਸ਼ਬਦਾਂ ਹੱਥ ਭੇਜਿਆ ਸੁਨੇਹਾ ਮਨ ਨੇ  ਰੂਹ ਨੂੰ ਸੁਣਾਈ ਏ’, ਨੌਜੁਆਨ ਸ਼ਾਇਰ ਜਸਕੀਰਤ ਸਿੰਘ ਕੁਰਾਲੀ ਨੇ ‘ਮੁਸਾਫਰ ਉਹ ਆਪਣੇ ਆਪ ਵਿਚ ਮਸਤ ਲੱਗਿਆ’, ਜਸਵਿੰਦਰ ਸਿੰਘ ਕਾਈਨੌਰ ਨੇ ‘ਭੈੜੀ ਏ ਜਵਾਨੀ ਨਸ਼ੇ ਦੀ ਜਵਾਨੀ ਨੂੰ ਬਚਾਓ’, ਡਾ. ਹਰਨੇਕ ਸਿੰਘ ਕਲੇਰ ਨੇ ‘ਮੇਰੀਆਂ ਕਵਿਤਾਵਾਂ ਨੇ ਕਦੇ ਨਹੀਂ ਖਿੜ੍ਹਨਾ ਤੁਹਾਡੀ ਟਾਈ ਦੇ ਫੁੱਲ ਬਣਕੇ’, ਪਿਆਰਾ ਸਿੰਘ ਰਾਹੀ ਨੇ ‘ਵੱਡੇ-ਛੋਟੇ ਸਾਰੇ ਬੰਦੇ ਹੋਣੀ ਅੱਗੇ ਹਾਰੇ ਬੰਦੇ’ ਸੁਰਜੀਤ ਸੁਮਨ ਨੇ ‘ਮੈਂ ਤਾਰਾਂ ਜੋੜਦਾ ਰਹਿੰਦਾ ਉਹ ਤਾਰਾਂ ਕੱਟਦੇ ਰਹਿੰਦੇ’ਹਿੱਤ ਅਭਿਲਾਸ਼ੀ ਹਿੱਤ ਨੇ ‘ਬਹੁਤ ਲੰਬਾ ਹੈ ਸਫਰ ਮੈਂ ਕੀ ਕਰਾਂ’ਡਾ. ਸੁਦਾਗਰ ਸਿੰਘ ਪਾਲ ਨੇ ‘ਜਿਸ ਆਵੇ’ ਚ ਤਪਸ਼ ਨਾ ਹੋਵੇ ਭਾਂਡੇ ਰਹਿੰਦੇ ਪਿੱਲੇ ਨੇ’, ਧਿਆਨ ਸਿੰਘ ਕਾਹਲੋ ਨੇ ਛੋਟੇ ਛੋਟੇ ਸ਼ੇਅਰ, ਮੰਦਰ ਗਿੱਲ ਸਾਹਿਬ ਚੰਦੀਆ ਨੇ ‘ਵੇ ਸੱਜਣਾ ਸ਼ਹਿਰ ਤੇਰੇ ਵਿੱਚ ਗੜਬੜ ਨਿੱਤ- ਨਿੱਤ ਹੀ ਕਿਉਂ ਵਧਦੀ ਜਾਵੇ’, ਅਜਮੇਰ ਸਾਗਰ ਨੇ ਗਜ਼ਲ ਅਤੇ ਜਸਵਿੰਦਰ ਸਚਦੇਵਾ ਨੇ ਕ੍ਰਿਸ਼ਨ ਭਨੋਟ ਦੀ ਵਿਅੰਗਾਤਮਿਕ ਕਵਿਤਾ ਅਤੇ ਪਿਆਰਾ ਸਿੰਘ ਰਾਹੀ ਨੇ ਵੀ ਕਵਿਤਾਵਾਂ ਪੇਸ਼ ਕੀਤੀਆਂ।
ਇਹਨਾਂ ਤੋਂ ਇਲਾਵਾ ਮਲਕੀਤ ਨਾਗਰਾ ਅਤੇ ਸੁਖਵਿੰਦਰ ਸਿੰਘ ਆਦਿ ਨੇ ਵੀ ਹਾਜ਼ਰੀ ਲਵਾਈ। ਮੰਚ ਸੰਚਾਲਨ ਦੀ ਕਾਰਵਾਈ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਸੱਥ ਦੇ ਪ੍ਰਧਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *