www.sursaanjh.com > ਸਾਹਿਤ > ਸਿਹਤ ਮਹਿਕਮੇ ਲਈ ਇਮਤਿਹਾਨ ਦੀ ਘੜੀ : ਨੰਬਰਦਾਰ ਸਿਆਲਬਾ

ਸਿਹਤ ਮਹਿਕਮੇ ਲਈ ਇਮਤਿਹਾਨ ਦੀ ਘੜੀ : ਨੰਬਰਦਾਰ ਸਿਆਲਬਾ

ਸਿਹਤ ਮਹਿਕਮੇ ਲਈ ਇਮਤਿਹਾਨ ਦੀ ਘੜੀ : ਨੰਬਰਦਾਰ ਸਿਆਲਬਾ
ਚੰਡੀਗੜ੍ਹ 10 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਬੀਤੇ ਸਾਲਾਂ ਵਿੱਚ ਅਲੱਗ ਅਲੱਗ ਬਿਮਾਰੀਆਂ ਤੇ ਮਹਾਂਮਾਰੀ ਨੇ ਇਨਸਾਨੀਅਤ ਦਾ ਵੱਡਾ ਘਾਣ ਕੀਤਾ ਹੈ। ਇਸ ਦੇ ਬਾਵਜੂਦ ਵੀ ਸਮਾਜ ਵਿਰੋਧੀ ਲੋਕ ਖਾਣੇ ਦੀਆਂ ਚੀਜ਼ਾਂ ਵਿੱਚ ਮਿਲਾਵਟਾਂ ਕਰ-ਕਰ ਲੋਕਾਂ ਨੂੰ ਬਿਮਾਰੀਆਂ ਪਰੋਸ ਰਹੇ ਹਨ। ਦੀਵਾਲੀ ਦੇ ਸੀਜ਼ਨ ਨੂੰ ਲੈ ਕੇ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮਿਲਾਵਟਖੋਰਾਂ ਵਿਰੁੱਧ  ਸਖਤ  ਕਾਰਵਾਈ ਕਰਕੇ ਸਜਾਵਾਂ ਦੁਵਾਏ। ਅੱਜ ਸਿਹਤ ਮਹਿਕਮੇ ਲਈ ਇਮਤਿਹਾਨ ਦੀ ਘੜੀ ਹੈ।
ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਨੰਬਰਦਾਰਾ ਐਸੋਸ਼ੀਏਸ਼ਨ ਆਫ਼ ਪੰਜਾਬ ਦੇ ਬਲਾਕ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ਹੈ।  ਨੰਬਰਦਾਰ ਰਾਜ ਕੁਮਾਰ ਨੇ ਕਿਹਾ ਕਿ ਦੀਵਾਲੀ ਮੌਕੇ ਜਿੱਥੇ ਮਿਲਾਵਟੀ ਮਠਿਆਈਆਂ ਦਾ ਬਾਜ਼ਾਰ ਵਿੱਚ ਬੋਲਬਾਲਾ ਹੁੰਦਾ ਹੈ,  ਉੱਥੇ ਹੀ ਸੜਕਾਂ ਕਿਨਾਰੇ ਪ੍ਰਵਾਸੀਆਂ ਦੁਬਾਰਾ ਲਾਏ ਜਾਂਦੇ ਘਲਾੜੇ ਵੀ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਸੀਂ ਅੱਜ ਹੀ ਦੇਖ ਰਹੇ ਹਾਂ ਕਿ ਗੰਨਾ ਪੱਕਣ ਤੋਂ ਪਹਿਲਾਂ ਹੀ ਪ੍ਰਵਾਸੀ ਲੋਕ ਗੁੜ ਪਕਾਉਣਾ  ਸ਼ੁਰੂ ਕਰ ਦਿੰਦੇ ਹਨ। ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਵੀ ਦੇਖਣ ਵਿੱਚ ਆਇਆ ਹੈ ਕਿ ਇਹ ਪ੍ਰਵਾਸੀ ਲੋਕ ਵਧੀਆ ਗੁੜ ਦੇ ਬਹਾਨੇ ਸਾਨੂੰ ਕਿਵੇਂ ਕੈਮੀਕਲ ਤੇ ਮਿਲਾਵਟੀ ਖੰਡ ਵਾਲਾ ਗੁੜ ਖਿਲਾ ਰਹੇ ਹਨ।
ਨੰਬਰਦਾਰ ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਤੇ ਸਿਹਤ ਵਿਭਾਗ ਨੂੰ ਕਰੜੇ ਹੋ ਕੇ ਇਹਨਾਂ ਲੋਕਾਂ ਨੂੰ ਨਕੇਲ ਪਾਉਣੀ ਚਾਹੀਦੀ ਹੈ। ਇਸ ਸਮਾਜ ਸੇਵੀ ਨੇ ਕਿਹਾ ਕਿ ਹਰ ਇੱਕ ਇਨਸਾਨ ਮੁਨਾਫਾ ਤਾਂ ਚਾਹੁੰਦਾ ਹੈ, ਪਰ ਇਹ ਤਰੀਕਾ ਗਲਤ ਹੈ। ਚਾਹੀਦਾ ਤਾਂ ਇਹ ਹੈ ਕਿ ਅਜਿਹੇ ਲੋਕਾਂ ਵਿਰੁੱਧ ਆਮ ਲੋਕਾਂ ਨੂੰ ਵੀ ਬੋਲਣਾ ਚਾਹੀਦਾ ਹੈ। ਇਹਨਾਂ ਕਿਹਾ ਕਿ ਕੁਝ ਸਾਲ ਪਹਿਲਾਂ ਸਰਕਾਰੀ ਹਸਪਤਾਲ ਬੂਥਗੜ੍ਹ ਵਿਖੇ ਐਸਐਮਓ ਡਾਕਟਰ ਦਲੇਰ ਸਿੰਘ ਮੁਲਤਾਨੀ ਹੁੰਦੇ ਸਨ, ਜਿਨ੍ਹਾਂ ਨੇ ਸੜਕਾਂ ਕਿਨਾਰੇ ਲੱਗੇ ਘਲਾੜਿਆਂ ਤੇ ਕਾਰਵਾਈ ਕਰਦੇ ਹੋਏ ਇਹਨਾਂ ਲੋਕਾਂ ਨੂੰ ਸਬਕ ਸਿਖਾਇਆ ਸੀ। ਅੱਜ ਵੀ ਜਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਲੋੜ ਹੈ ਕਿ ਅਜਿਹੇ ਘੁਲਾੜਿਆਂ ਅਤੇ ਮਠਿਆਈਆਂ ਵਿੱਚ ਮਿਲਾਵਟ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਕਰਕੇ ਕੀਮਤੀ ਜਾਨਾਂ ਨੂੰ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ। ਨੰਬਰਦਾਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਪੈਸੇ ਖਰਚ ਕਰਕੇ ਜ਼ਹਿਰ ਨਾ ਖਰੀਦੋ ਅਤੇ ਹੋਰ ਲੋਕਾਂ ਨੂੰ ਵੀ ਅਜਿਹੇ ਮਾੜੇ ਅਨਸਰਾਂ ਵਿਰੁੱਧ ਜਾਗਣਾ ਪੈਣਾ ਹੈ  ਤਾਂ ਜੋ ਜ਼ਹਿਰਾਂ ਖਾਣ ਨਾਲ ਕਿਸੇ ਦਾ ਘਰ ਨਾ ਉਜੜੇ ਤੇ ਨਫਾਖੋਰ ਲੋਕਾਂ ਨੂੰ ਭੱਜਣਾ ਪਵੇ।

Leave a Reply

Your email address will not be published. Required fields are marked *