ਚੇਤੇ ਮੁੜ ਮੁੜ ਆਉਂਦੇ, ਸਾਨੂੰ ਸੋਹਣੇ ਗੁਰ ਦਰਬਾਰ ਦੇ/ ਗੁਰਭਜਨ ਗਿੱਲ
ਵਾਹਿਗੁਰੂ ,ਵਾਹਿਗੁਰੂ, ਵਾਹਿਗੁਰੂ ਸਿੰਘ ਨੇ ਮੁੱਖ ਤੋਂ ਪੁਕਾਰਦੇ।
ਚੇਤੇ ਮੁੜ ਮੁੜ ਆਉਂਦੇ, ਸਾਨੂੰ ਸੋਹਣੇ ਗੁਰ ਦਰਬਾਰ ਦੇ।
ਗੁਰੂ ਨਾਨਕ ਨੇ ਸਭ ਤੋਂ ਵੱਖਰਾ ਧਰਮੀ ਬੂਟਾ ਲਾਇਆ।
ਇੱਕੋ ਹੀ ਓਂਕਾਰ ਹੈ ਸਾਡਾ ਮੁੱਖ ਤੋਂ ਸੀ ਫੁਰਮਾਇਆ।
ਸ਼ਬਦ ਗੁਰੂ ਦੇ, ਅੱਜ ਵੀ ਸਾਨੂੰ ਡੁੱਬੜਿਆਂ ਨੂੰ ਤਾਰਦੇ।
ਕਾਮ ,ਕਰੋਧੀ,ਮੋਹ ਦੇ ਲੋਭੀ ਬਣਿਉ ਨਾ ਹੰਕਾਰ ਦੇ।


ਅੰਗਦ ਗੁਰ ਨੇ ਸ਼ਬਦ ਗੁਰਮੁਖੀ ਦੇ ਲੜ ਸਾਨੂੰ ਲਾਇਆ।
ਅਮਰਦਾਸ ਗੁਰ ਸੰਗਤ ਪੰਗਤ,ਲਾ ਲੰਗਰ ਵਰਤਾਇਆ।
ਰਾਮ ਦਾਸ ਗੁਰ ਅੰਬਰਸਰ ਨੂੰ ਘੜਿਆ ਸੋਚ ਵਿਚਾਰਦੇ।
ਤਾਂਹੀਂਉਂ ਅੰਬਰਸਰੀਏ ਮੁੜ ਮੁੜ ਗੁਰ ਦਾ ਨਾਮ ਪੁਕਾਰਦੇ।
ਪੰਚਮ ਗੁਰ ਨੇ ਹਰਿਮੰਦਰ ਦੀ ਐਸੀ ਬਣਤ ਬਣਾਈ।
ਗੁਰੂ ਗਰੰਥ ਸਾਹਿਬ ਦੀ ਏਥੇ ਪਹਿਲੀ ਜੋਤ ਜਗਾਈ।
ਚਹੁੰ ਵਰਣਾਂ ਲਈ ਚਾਰ ਨੇ ਬੂਹੇ, ਸਾਡੇ ਗੁਰ ਦਰਬਾਰ ਦੇ।
ਸ਼ੁਭ ਨੀਤਾਂ ਦੇ ਸੱਚੇ ਸਤਿਗੁਰ ਆਪੇ ਬੇੜੇ ਤਾਰਦੇ।
ਹਰਿਗੋਬਿੰਦ ਗੁਰੂ ਨੇ ਪਹਿਲਾਂ ਤਖ਼ਤ ਅਕਾਲ ਬਣਾਇਆ।
ਮੀਰੀ ਪੀਰੀ ਦੋ ਕਿਰਪਾਨਾਂ ਪਹਿਨ ਕੇ ਸਬਕ ਪੜ੍ਹਾਇਆ।
ਸ਼ਾਸਤਰਾਂ ਦੇ ਰਾਖੇ ਸ਼ਸਤਰ, ਰਲ ਮਿਲ ਕਾਜ ਸੰਵਾਰਦੇ।
ਸੂਰਮਿਆਂ ਦੀਆਂ ਵਾਰਾਂ ਗਾਉਂਦੇ, ਵਿੱਚ ਢਾਡੀ ਦਰਬਾਰ ਦੇ।
ਹਰਿ ਰਾਏ, ਹਰਕ੍ਰਿਸ਼ਨ ਗੁਰੂ ਨੇ ਕੀਰਤ ਪ੍ਰਭ ਦੀ ਗਾਈ।
ਕੀਰਤਪੁਰ ਦੀ ਏਸੇ ਕਰਕੇ ਅੱਜ ਵੀ ਜੱਗ ਰੁਸ਼ਨਾਈ।
ਤਪਦੇ ਹਿਰਦੇ ਠਰ ਜਾਂਦੇ ਜਦ ਗੁਰ ਸੀ ਸ਼ਬਦ ਉਚਾਰਦੇ।
ਜੜੀ ਬੂਟੀਆਂ ਦੀ ਫੁਲਵਾੜੀ ਹੱਥੀਂ ਆਪ ਸੰਵਾਰਦੇ।
ਤੇਗ ਬਹਾਦਰ, ਹਿੰਦ ਦੀ ਚਾਦਰ, ਦੀਨ ਦੁਖੀ ਦਾ ਵਾਲੀ।
ਸੀਸ ਨਿਛਾਵਰ ਕਰਕੇ ਕੀਤੀ , ਧਰਮ ਕਰਮ ਰਖਵਾਲੀ।
ਧਰਤ ਕਿਵੇਂ ਅਹਿਸਾਨ ਭੁਲਾਵੇ , ਕੀਤੇ ਪਰਉਪਕਾਰ ਦੇ।
ਤੋੜੇ ਬੁਰਜ ਜ਼ੁਲਮ ਦੇ, ਕਿੰਗਰੇ ਭੋਰੇ ਅੱਤਿਆਚਾਰ ਦੇ।
ਪੰਥ ਖਾਲਸਾ ਸਿਰਜਣ ਮਗਰੋਂ ਲਾਲ ਧਰਮ ਤੋਂ ਵਾਰੇ।
ਸ਼ਬਦ ਗੁਰੂ ਦਾ ਮਾਰਗ ਦੱਸਿਆ, ਗੁਰ ਦਸਮੇਸ਼ ਪਿਆਰੇ।
ਚਿੜੀਆਂ ਕੋਲੋਂ ਬਾਜ਼ ਤੁੜਾਏ, ਜੋ ਚਿੜੀਆਂ ਸੀ ਮਾਰਦੇ।
ਕੀਹ ਅਹਿਸਾਨ ਗਿਣਾਵਾਂ ਮੈਂ ਨੀਲੇ ਦੇ ਸ਼ਾਹ ਅਸਵਾਰ ਦੇ।
ਗੁਰਭਜਨ ਗਿੱਲ
