ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ “ ਵੱਲੋਂ ਅਸ਼ੋਕ ਬਾਂਸਲ , ਸੁੱਖੀ ਬਰਾੜ ਤੇ ਪਾਲੀ ਭੁਪਿੰਦਰ ਦਾ ਸਵਾਗਤੀ ਸਮਾਰੋਹ “ਵਿਸ਼ਵ ਪੰਜਾਬੀ ਭਵਨ“ ਵਿਖੇ ਕਰਾਇਆ ਗਿਆ
ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਨਵੰਬਰ:


ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਅਸ਼ੋਕ ਬਾਂਸਲ, ਸੁੱਖੀ ਬਰਾੜ ਤੇ ਪਾਲੀ ਭੁਪਿੰਦਰ ਦਾ ਸਵਾਗਤੀ ਸਮਾਰੋਹ 29 ਅਕਤੂਬਰ ਐਤਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ “ਵਿਸ਼ਵ ਪੰਜਾਬੀ ਭਵਨ“ ਵਿਲੇਜ਼ ਆਫ਼ ਇੰਡੀਆ, 114 ਕੈਨੇਡੀ ਰੋਡ ਬਰੇਂਮਪਟਨ ਵਿਖੇ ਕਰਾਇਆ ਗਿਆ। ਬਹੁਤ ਸਾਰੀਆਂ ਸੰਸਥਾਵਾਂ ਦੇ ਅਹੁਦੇਦਾਰ ਤੇ ਅਦਬੀ ਸ਼ਖ਼ਸੀਅਤਾਂ ਨੇ ਇਸ ਸਨਮਾਨ ਸਮਾਰੋਹ ਵਿੱਚ ਆਪਣੀ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਅਸ਼ੋਕ ਬਾਂਸਲ, ਸੁੱਖੀ ਬਰਾੜ, ਪਾਲੀ ਭੁਪਿੰਦਰ, ਸ਼ੁਬੇਗ ਸਿੰਘ ਕਥੂਰੀਆ, ਡਾ ਅਫ਼ਜ਼ਲ ਰਾਜ ਤੇ ਬਾਬਾ ਨਜ਼ਮੀ ਜੀ ਸੁਸ਼ੋਭਿਤ ਸਨ।
ਇਸ ਪ੍ਰੋਗਰਾਮ ਦੇ ਹੋਸਟ ਗੁਰਮਿੰਦਰਪਾਲ ਸਿੰਘ ਆਹਲੂਵਾਲੀਆ ਨੇ ਸਟੇਜ ਦੀ ਜ਼ੁੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਜੋਕਿ ਕਾਬਿਲੇ ਤਾਰੀਫ਼ ਸੀ। ਇਕਬਾਲ ਮਾਹਲ ਨੇ ਅਸ਼ੋਕ ਬਾਂਸਲ ਨੂੰ ਜੀ ਆਇਆਂ ਕਹਿੰਦਿਆਂ ਉਹਨਾਂ ਦੀ ਜਾਣ ਪਹਿਚਾਣ ਕਰਾਈ। ਅਸ਼ੋਕ ਬਾਂਸਲ ਨੇ ਬਹੁਤ ਹੀ ਬੇਸ਼ਕੀਮਤੀ ਖੋਜ ਗੀਤਕਾਰਾਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ। ਬਹੁਤ ਸਲਾਹੁਣਯੋਗ ਉਪਰਾਲਾ ਹੈ, ਉਹਨਾਂ ਦੀ ਕਿਤਾਬ “ਮਿੱਟੀ ਨਾ ਫਰੋਲ ਜੋਗੀਆ।” ਅਸ਼ੋਕ ਬਾਂਸਲ ਪੰਜਾਬੀ ਗੀਤਾਂ ਦੇ ਇਨਸਾਈਕਲੋਪੀਡੀਆ ਦੇ ਨਾਮ ਨਾਲ ਜਾਣੇ ਜਾਂਦੇ ਹਨ।
ਪਾਲੀ ਭੁਪਿੰਦਰ ਸਿੰਘ ਉੱਘੇ ਥੀਏਟਰ ਅਤੇ ਸਕਰੀਨ ਲੇਖਕ, ਨਿਰਦੇਸ਼ਕ ਅਤੇ ਥੀਏਟਰ ਵਿਦਵਾਨ ਹਨ। ਉਹਨਾਂ ਪੰਜਾਬੀ ਨਾਟਕ ਅਤੇ ਰੰਗਮੰਚ ਬਾਰੇ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ। ਸੁੱਖੀ ਬਰਾੜ ਨੇ ਆਪਣੇ ਗੀਤਾਂ ਤੇ ਸਮਾਜਿਕ ਕੰਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਇੱਕ ਬਹੁਤ ਖ਼ੂਬਸੂਰਤ ਪੰਜਾਬੀ ਗੀਤ ਨੂੰ ਆਪਣੀ ਮਿੱਠੀ ਅਵਾਜ਼ ਵਿੱਚ ਗਾ ਕੇ ਪੇਸ਼ਕਾਰੀ ਕੀਤੀ। ਕਥੂਰੀਆ ਜੀ ਦੇ ਉਪਰਾਲਿਆਂ ਦੀ ਸਰਾਹਣਾ ਵੀ ਕੀਤੀ। ਮਾਂ ਬੋਲੀ ਪੰਜਾਬੀ ਲਈ ਜੋ ਯਤਨ ਕਰ ਰਹੇ ਹਨ ਤੇ ਵਿਸ਼ਵ ਪੰਜਾਬੀ ਭਵਨ ਦਾ ਨਿਰਮਾਨ ਕਰਨਾ ਬਹੁਤ ਸ਼ਲਾਘਾਯੋਗ ਕਦਮ ਹੈ। ਕੁਝ ਕਵੀਆਂ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ।
ਇਸ ਸਨਮਾਨ ਸਮਾਰੋਹ ਮੌਕੇ ਬਾਬਾ ਨਜ਼ਮੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਐਮਪੀ ਦੀਪਕ ਆਨੰਦ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਵਿਸ਼ਵ ਪੰਜਾਬੀ ਭਵਨ ਪਹੁੰਚ ਕੇ ਸੁੱਖੀ ਬਰਾੜ, ਡਾ ਦਲਬੀਰ ਸਿੰਘ ਕਥੂਰੀਆ ਤੇ ਇਕਬਾਲ ਮਾਹਲ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਡਾ ਦਲਬੀਰ ਸਿੰਘ ਕਥੂਰੀਆ ਨੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਤੇ ਹਾਜ਼ਰੀਨ ਮਹਿਮਾਨਾਂ ਦਾ ਧੰਨਵਾਦ ਕੀਤਾ ।
ਰਮਿੰਦਰ ਵਾਲੀਆ, ਸਹਿਯੋਗੀ ਵਿਸ਼ਵ ਪੰਜਾਬੀ ਸਭਾ, ਇੰਚਾਰਜ ਵਿਸ਼ਵ ਪੰਜਾਬੀ ਭਵਨ।

