www.sursaanjh.com > ਅੰਤਰਰਾਸ਼ਟਰੀ > ਇਲਾਕੇ ਦੇ ਆਗੂਆਂ ਵੱਲੋਂ ਦੀਵਾਲੀ ਮੌਕੇ ਪ੍ਰਦੁਸ਼ਣ ਨਾ ਫੈਲਾਉਣ ਦੀ ਅਪੀਲ

ਇਲਾਕੇ ਦੇ ਆਗੂਆਂ ਵੱਲੋਂ ਦੀਵਾਲੀ ਮੌਕੇ ਪ੍ਰਦੁਸ਼ਣ ਨਾ ਫੈਲਾਉਣ ਦੀ ਅਪੀਲ

ਇਲਾਕੇ ਦੇ ਆਗੂਆਂ ਵੱਲੋਂ ਦੀਵਾਲੀ ਮੌਕੇ ਪ੍ਰਦੁਸ਼ਣ ਨਾ ਫੈਲਾਉਣ ਦੀ ਅਪੀਲ 
ਚੰਡੀਗੜ੍ਹ 9 ਨਵੰਬਰ (ਅਵਤਾਰ ਨਗਲੀਆ-ਸੁਰ ਸਾਂਝ ਡਾਟ ਕਾਮ ਬਿਊਰੋ):
ਦੀਵਾਲੀ ਹਿੰਦੁਸਤਾਨ ਦਾ ਸਭ ਤੋਂ ਵੱਡਾ ਤਿਉਹਾਰ ਹੈ ਤੇ ਇਸ ਮੌਕੇ ਸਭ ਧਰਮਾਂ ਦੇ ਲੋਕਾਂ ਵਿੱਚ ਸਾਂਝੇ ਤੌਰ ਤੇ ਖੁਸ਼ੀ ਮਨਾਈ ਜਾਂਦੀ ਹੈ ਤੇ ਗੁਰੂਆਂ ਦੁਆਰਾ ਦਿੱਤੇ ਸੰਦੇਸ਼ ਅਨੁਸਾਰ ਕੁਦਰਤ ਨੂੰ ਪਿਆਰ ਕਰਨਾ ਇਨਸਾਨ ਦਾ ਮੁਢਲਾ ਫਰਜ਼ ਹੋਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਪਾਣੀ ਤੇ ਹਵਾ ਨੂੰ ਸਭ ਤੋਂ ਪਵਿੱਤਰ ਦੱਸਿਆ ਗਿਆ ਹੈ ਪਰ ਦੀਵਾਲੀ ਮੌਕੇ ਬਹੁਤ ਲੋਕ ਪ੍ਰਦੂਸ਼ਣ ਵੀ ਫੈਲਾਉਂਦੇ ਹਨ ਜੋ ਨਹੀਂ ਫੈਲਾਉਣਾ ਚਾਹੀਦਾ ਹੈ। ਦੀਵਾਲੀ ਭਾਈਚਾਰਕ ਤੇ ਸਾਂਝਾਂ ਦਾ ਤਿਉਹਾਰ ਹੈ, ਸਾਨੂੰ ਗਰੀਨ ਦੀਵਾਲੀ ਹੀ ਮਨਾਉਣੀ ਚਾਹੀਦੀ ਹੈ – ਯੂਥ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ।
ਦੀਵਾਲੀ ਮੌਕੇ ਅਕਸਰ ਦੇਖਿਆ ਜਾਂਦਾ ਕਿ ਪ੍ਰਦੂਸ਼ਣ ਸਾਡੇ ਵਾਤਾਵਰਨ ਨੂੰ ਗੰਧਲਾ ਕਰਦਾ ਹੈ। ਇਸ ਦੇ ਜ਼ਿੰਮੇਵਾਰ ਵੀ ਅਸੀਂ ਆਮ ਲੋਕ ਹੀ ਹਾਂ। ਇਹਨਾਂ ਦਿਨਾਂ ਚ ਹੀ ਖੇਤਾਂ ਵਿੱਚੋਂ ਝੋਨੇ ਦੀ ਫਸਲ ਕੱਟੀ ਜਾਂਦੀ ਹੈ ਤੇ ਬਹੁਤ ਪਿੰਡਾਂ ਦੇ ਲੋਕ ਖੇਤਾਂ ਚ ਪਰਾਲੀ ਨੂੰ ਅੱਗ ਲਾਉਂਦੇ ਹਨ, ਜਿਸ ਦਾ ਧੂੰਆ ਵਾਤਾਵਰਨ ਨੂੰ ਗੰਧਲਾ ਕਰਦਾ ਹੈ। ਪਰ ਸਾਡੇ ਪਿੰਡ ਦੀ ਖਾਸੀਅਤ ਹੈ ਕਿ ਸਾਡੇ ਪਿੰਡ ਚ ਕੋਈ ਵੀ ਕਿਸਾਨ ਪਰਾਲੀ ਵਾਲੇ ਖੇਤਾਂ ਨੂੰ ਅੱਗ ਨਹੀਂ ਲਾਉਂਦਾ। ਮੇਰੀ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਕਿਰਪਾ ਕਰਕੇ ਖੇਤਾਂ ਵਿੱਚ ਅੱਗ ਨਾ ਲਾਈ ਜਾਵੇ ਤਾਂ ਜੋ ਵਾਤਾਵਰਣ ਸਾਫ ਸੁਥਰਾ ਰਹੇ – ਸਰਪੰਚ ਗੁਰਿੰਦਰ ਸਿੰਘ ਪਿੰਡ ਖਿਜ਼ਰਾਬਾਦ।
ਅੱਜ ਪੰਜਾਬ ਵਿੱਚ ਇਹਨਾਂ ਦਿਨਾਂ ਵਿੱਚ ਆ ਕੇ ਬਹੁਤ ਲੋਕ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਂਦੇ ਹਨ। ਇਸ ਦਾ ਵੱਡਾ ਕਾਰਨ ਪ੍ਰਦੂਸ਼ਣ ਹੁੰਦਾ ਹੈ ਪਿਛਲੇ ਕਈ ਸਾਲਾਂ ਤੋਂ ਜਿੱਥੇ ਕਰੋਨਾ ਨੇ ਵੱਡੀ ਮਾਰ ਪਾਈ ਹੈ ਉਸ ਤੋਂ ਬਾਅਦ ਸਰੀਰਕ ਬਿਮਾਰੀਆਂ ਵੀ ਲੱਗੀਆਂ ਹਨ ਕਿਉਂਕਿ ਇਹਨਾਂ ਦਿਨਾਂ ਵਿੱਚ ਆ ਕੇ ਖੁੱਲੇ ਵਾਤਾਵਰਨ ਵਿੱਚ ਪ੍ਰਦੂਸ਼ਣ ਦਾ ਵਾਧਾ ਹੁੰਦਾ ਹੈ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਦੀਵਾਲੀ ਮੌਕੇ ਜਿੱਥੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਸਾਡਾ ਮੁੱਢਲਾ ਫਰਜ ਹੈ , ਉਥੇ ਅਸੀਂ ਘਾਤਕ ਆਤਿਸ਼ਬਾਜ਼ੀ ਤੋਂ ਵੀ ਬਚਣਾ ਹੈ ਤਾਂ ਜੋ ਪ੍ਰਗਤੀ ਨੂੰ ਨਰਾਜ਼ ਨਾ ਕੀਤਾ ਜਾਵੇ – ਸੀਨੀਅਰ ਕਾਂਗਰਸ ਆਗੂ  ਰਾਣਾ ਕੁਸ਼ਲਪਾਲ।
ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਜਿੱਥੇ ਹੋਰ ਜਰੂਰੀ ਕੰਮ ਕਰਦੇ  ਹਾਂ ਉਥੇ ਹੀ ਵਾਤਾਵਰਣ ਨੂੰ ਬਚਾਉਣਾ ਵੀ ਸਾਡੀ ਜਿੰਮੇਵਾਰੀ ਹੈ ਇਸ ਕਰਕੇ ਸਾਡੀ ਸਾਰਿਆਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਡੇ ਘਰ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਸਾਨੂੰ ਬੂਟੇ ਜਰੂਰ ਲਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਜਿੱਥੇ ਆਪਣੀ ਸਿਹਤ ਦੀ ਸੰਭਾਲ ਕਰਨੀ ਹੈ ਉਥੇ ਆਉਣ ਵਾਲੀ ਪੀੜੀ ਨੂੰ ਵੀ ਅਸੀਂ ਸਾਫ ਸੁਥਰਾ ਵਾਤਾਵਰਨ ਦਈਏ ਤੇ ਗੰਧਲੇ ਹੁੰਦੇ ਪ੍ਰਦੂਸ਼ਣ ਤੋਂ ਵਾਤਾਵਰਨ ਬਚਾਈਏ ਇਸ ਨਾਲ ਹੀ ਸਾ ਸਾਡੀ ਦੀਵਾਲੀ ਖੁਸ਼ੀਆਂ ਭਰੀ ਹੋ ਸਕਦੀ ਹੈ। ਆਓ ਸਾਰੇ ਰਲ ਮਿਲ ਕੇ ਇਸ ਦੀਵਾਲੀ ਮੌਕੇ ਵਾਅਦਾ ਕਰੀਏ ਕਿ  ਅਸੀਂ ਪ੍ਰਦੂਸ਼ਣ ਨਹੀਂ ਫੈਲਾਉਣਾ ਹੈ – ਨੰਬਰਦਾਰ ਰਾਜ ਕੁਮਾਰ ਸਿਆਲਬਾ। 
ਅੱਜ ਸਾਰੇ ਸੰਸਾਰ ਵਿੱਚ ਸਾਡੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ। ਕਿਸੇ ਵੀ ਸ਼ਹਿਰ – ਪਿੰਡ ਦੇ ਬਾਜ਼ਾਰ ਵਿੱਚ ਦੇਖ ਲਓ ਸਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ ਤੇ ਰੌਣਕਾਂ ਲੱਗਣੀਆਂ ਵੀ ਚਾਹੀਦੀਆਂ ਹਨ ਅਤੇ ਮੇਰੀ ਅਪੀਲ ਵੀ ਹੈ ਕਿ ਸਾਨੂੰ ਸਾਰਿਆਂ ਨੂੰ ਪਿਆਰ ਦੇ ਨਾਲ ਦੁਨੀਆਂ ਚ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੇ ਜਾਣ ਤੋਂ ਬਾਅਦ ਲੋਕ ਸਾਨੂੰ ਯਾਦ ਰੱਖਣ ਨਾਲ ਹੀ ਮੇਰੀ ਇੱਕ ਬੇਨਤੀ ਵੀ ਹੈ ਕਿ ਖਾਸ ਕਰਕੇ ਨੌਜਵਾਨ ਨੂੰ ਕਿ  ਗੰਧਲੇ ਹੋ ਰਹੇ ਵਾਤਾਵਰਨ ਵੱਲ ਜਰੂਰ ਧਿਆਨ ਦੇਣ ਕਿਉਂਕਿ ਦੀਵਾਲੀ ਮੌਕੇ ਬਹੁਤ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਜਿੱਥੇ ਆਤਿਸ਼ਬਾਜੀ ਤੋਂ ਪਰਹੇਜ਼ ਕਰਨਾ ਹੈ ਉੱਥੇ ਪਾਣੀ ਅਤੇ ਹਵਾ ਨੂੰ ਵੀ ਸਾਫ ਰੱਖਣਾ ਸਾਡੀ ਜਿੰਮੇਵਾਰੀ ਹੈ ਅਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ – ਸਰਪੰਚ ਬਲਵੀਰ ਸਿੰਘ ਬਿੱਟੂ ਪਿੰਡ ਸੁਹਾਲੀ।
ਸਾਡਾ ਇਲਾਕਾ ਸ਼ਿਵਾਲਿਕ ਦੀਆਂ ਖੂਬਸੂਰਤ ਪਹਾੜੀਆਂ ਦੇ ਨਾਲ ਵੱਸਦਾ ਹੈ ਤੇ ਇਹ ਇਲਾਕਾ ਪੰਜਾਬ ਦੇ ਹੋਰ ਇਲਾਕਿਆਂ ਨਾਲੋਂ ਵੱਖਰਾ ਨਜ਼ਾਰਾ ਪੇਸ਼ ਕਰਦਾ ਹੈ। ਪਰ ਕੁਝ ਸਾਲਾਂ ਤੋਂ ਇਹ ਇਲਾਕਾ ਪਹਿਲਾਂ ਜਿੰਨਾ ਸਾਫ ਸੁਥਰਾ ਨਹੀਂ ਰਿਹਾ। ਬੇਸ਼ੱਕ ਵਿਕਾਸ ਦੀ ਹਨੇਰੀ ਚੱਲ ਰਹੀ ਹੈ ਪਰ ਵਿਕਾਸ ਦੀ ਹਨੇਰੀ ਚ ਵਾਤਾਵਰਨ ਵੀ ਗੰਧਲਾ ਹੋ ਰਿਹਾ ਹੈ। ਆਓ, ਸਾਰੇ ਦੀਵਾਲੀ ਮੌਕੇ ਅਸੀਂ ਸਹੁੰ ਖਾਈਏ ਕਿ ਅਸੀਂ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਚ ਅਹਿਮ ਭੂਮਿਕਾ ਨਿਭਾਉਣੀ ਹੈ ਅਤੇ ਦੀਵਾਲੀ ਨੂੰ ਭਾਈਚਾਰਕ ਸਾਂਝ ਨਾਲ ਮਨਾ ਕੇ ਅਸੀਂ ਗੁਰੂਆਂ ਪੀਰਾਂ ਦੀ ਦਿੱਤੀ ਸੇਧ ਮੁਤਾਬਕ ਚੱਲ ਕੇ ਹਵਾ ਪਾਣੀ ਤੇ ਆਮ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨੀ ਹੈ – ਨੌਜਵਾਨ ਆਗੂ ਮਨੋਜ ਕੌਸ਼ਲ ਖਿਜਰਾਬਾਦ।
ਆਉਣ ਵਾਲੀ ਦੀਵਾਲੀ ਦੀਆਂ ਸਾਰੇ ਸੰਸਾਰ ਦੇ ਲੋਕਾਂ ਨੂੰ ਜਿੱਥੇ ਮੈਂ ਆਪਣੇ ਵੱਲੋਂ ਮੁਬਾਰਕਬਾਦ ਦਿੰਨਾ ਹਾਂ ਉਥੇ ਹੀ ਕਿਸਾਨ ਭਰਾਵਾਂ ਦੀਆਂ ਮੁਸ਼ਕਿਲਾਂ ਵੀ ਸਮਝਦਾ ਹਾਂ ਤੇ ਸਰਕਾਰ ਨੂੰ ਬੇਨਤੀ ਵੀ ਕਰਦਾ ਹਾਂ ਕਿ ਗਰੀਬ ਕਿਸਾਨਾਂ ਦੀ ਬਾਂਹ ਫੜੀ ਜਾਵੇ ਅਤੇ ਉਹਨਾਂ ਨੂੰ ਲੋੜੀਦੀ ਮਸ਼ੀਨਰੀ ਦੇ ਕੇ ਉਹਨਾਂ ਦੀ ਪਰਾਲੀ ਦੀ ਸੰਭਾਲ ਕੀਤੀ ਜਾਵੇ ਅਕਸਰ ਹੀ ਹੁੰਦਾ ਕਿ ਝੋਨਾ ਕੱਟਣ ਤੋਂ ਬਾਅਦ ਖੇਤਾਂ ਵਿੱਚ ਅੱਗ ਲਗਾਈ ਜਾਂਦੀ ਹੈ ਬੇਸ਼ੱਕ ਇਹ ਅੱਗ ਵਾਤਾਵਰਨ ਲਈ ਠੀਕ ਨਹੀਂ ਹੈ ਪਰ ਕਿਸਾਨ ਦੀਆਂ ਵੱਡੀਆਂ ਮਜਬੂਰੀਆਂ ਵੀ ਹਨ ਤੇ ਨਾਲ ਹੀ ਮੈਂ ਉਹਨਾਂ ਨਫਾ ਖੋਰਾ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਜੋ ਕੁਝ ਪੈਸਿਆਂ ਦੇ ਲਈ ਵਾਤਾਵਰਨ ਨੂੰ ਦੂਸ਼ਿਤ ਕਰ ਰਹੇ ਹਨ ਤੇ ਆਮ ਲੋਕਾਂ ਨੂੰ ਵੀ ਬੇਨਤੀ ਹੈ ਕਿ ਉਹ ਹਵਾ ਪਾਣੀ ਨਾਲ ਵਾਤਾਵਰਨ ਦੀ ਵੀ ਸੰਭਾਲ ਕਰੇ ਤਾਂ ਜੋ ਅਸੀਂ ਹਰ ਦੀਵਾਲੀ  ਖੁਸ਼ੀਆਂ ਤੇ ਚਾਵਾਂ ਨਾਲ ਮਨਾਈਏ – ਕਿਸਾਨ ਆਗੂ ਸੁਖਦੇਵ ਸਿੰਘ ਸੁੱਖਾ ਕੰਸਾਲਾ।
ਦੁਨੀਆ ਵਿੱਚ ਲਗਭਗ ਹਰ ਇਨਸਾਨ ਆਪਣੇ ਤੇ ਆਪਣੇ ਪਰਿਵਾਰ ਲਈ ਜਿਉਂਦਾ ਹੈ ਪਰ ਇਹ ਵੱਡੀ ਗੱਲ ਹੈ ਕਿ ਅਸੀਂ ਕਿਸੇ ਹੋਰ ਦੇ ਵੀ ਕੰਮ ਆ ਸਕੀਏ ਅਤੇ ਕਿਸੇ ਦਾ ਸਹਾਰਾ ਬਣ ਸਕੀਏ ਇਸ ਲਈ ਸਾਡੀ ਜਿੰਮੇਵਾਰੀ ਹੋਰ ਵੀ ਇੱਕ ਬਣ ਜਾਂਦੀ ਹੈ ਕਿ ਜਿੱਥੇ ਅਸੀਂ ਹੋਰ ਜਿੰਮੇਵਾਰੀਆਂ ਨਿਭਾਉਣੀਆਂ ਹਨ ਉਥੇ ਕੁਦਰਤ ਨਾਲ ਪਿਆਰ ਰੱਖਣਾ ਵੀ ਸਾਡਾ ਮੁਢਲਾ ਫਰਜ ਹੋਣਾ ਚਾਹੀਦਾ ਹੈ ਪਰ ਅਸੀਂ ਦੇਖਦੇ ਹਾਂ ਕਿ ਦੀ ਵਾਲੀ ਮੌਕੇ ਕੁਦਰਤ ਨੂੰ ਨਰਾਜ਼ ਕਰਨ ਵਿੱਚ ਇਨਸਾਨ ਕੋਈ ਕਸਰ ਨਹੀਂ ਛੱਡਦਾ ਆਓ ਕੋਸ਼ਿਸ਼ ਕਰੀਏ ਕਿ ਇਸ ਦੀਵਾਲੀ ਤੇ ਅਸੀਂ ਪ੍ਰਦੂਸ਼ਣ ਫੈਲਾਉਣ ਤੋਂ ਕਿਨਾਰਾ ਕਰੀਏ ਜਰੂਰੀ ਨਹੀਂ ਅਸੀਂ ਸਿਰਫ ਦੀਵਾਲੀ ਦਾ ਹੀ ਤਿਉਹਾਰ ਮਨਾਉਣਾ ਹੈ ਅਸੀਂ ਹੋਰ ਤਿਉਹਾਰ ਵੀ ਮਨਾਉਣੇ ਹਨ ਅਤੇ ਹੋਰ ਖੁਸ਼ੀਆਂ ਦੇ ਪ੍ਰੋਗਰਾਮ ਵੀ ਦੇਖਣੇ ਹਨ ਆਓ ਕੋਸ਼ਿਸ਼ ਕਰੀਏ ਕਿ ਇਸ ਦੀਵਾਲੀ ਅਸੀਂ ਵਾਤਾਵਰਨ ਸਾਫ ਰੱਖਣਾ ਹੈ ਅਤੇ ਨਾਲ ਦਿਆਂ ਨੂੰ ਵੀ ਪ੍ਰੇਰਿਤ ਕਰਨਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਾ ਫੈਲਾਈਏ ਇਹੀ ਸਾਡਾ ਦੀਵਾਲੀ ਮੌਕੇ ਉਦੇਸ਼ ਹੋਣਾ ਚਾਹੀਦਾ – ਸੀਨੀਅਰ ਭਾਜਪਾ ਆਗੂ ਜੈਮਲ ਸਿੰਘ ਮਾਜਰੀ।
ਅੱਜ ਪੈਸੇ ਦੀ ਦੌੜ ਵਿੱਚ ਅਸੀਂ ਬਹੁਤ ਕੁਝ ਗਲਤ ਕਰਦੇ ਜਾ ਰਹੇ ਹਾਂ। ਝੂਠੀ ਸ਼ੋਹਰਤ ਖਾਤਰ ਇਨਸਾਨ ਕੁਦਰਤ ਤੇ ਸੱਚਾਈ ਤੋਂ ਦੂਰ ਹੁੰਦਾ ਜਾ ਰਿਹਾ ਹੈ। ਝੂਠੀ ਡਰਾਮੇਬਾਜ਼ੀ ਦੇ ਵਿੱਚ ਸਾਡੇ ਕੁਦਰਤ ਪ੍ਰਤੀ ਕੀ ਫਰਜ਼ ਹਨ, ਅਸੀਂ ਉਹ ਜਮਾਂ ਹੀ ਭੁੱਲ ਗਏ ਹਾਂ। ਘੱਟੋ ਘੱਟ ਇਸ ਦੀਵਾਲੀ ਤੇ ਇਹ  ਕੋਸ਼ਿਸ਼ ਕਰੀਏ ਕਿ ਕੁਦਰਤ ਪਹਿਲਾਂ ਹੀ ਬਹੁਤ ਨਰਾਜ਼ ਹੈ। ਛੋਟਾ ਉਪਰਾਲਾ ਕਰਕੇ ਵੱਡੇ ਹੋਣ ਦਾ ਸਬੂਤ ਦਈਏ ਕਿ ਦੀਵਾਲੀ ਮੌਕੇ ਵਾਤਾਵਰਨ ਸਾਫ ਰੱਖਣ ਦੀ ਹਾਮੀ ਭਰੀਏ ਤਾਂ ਜੋ ਕੁਦਰਤ ਨਾਲ ਤਾਲਮੇਲ ਰੱਖ ਕੇ ਅਸੀਂ ਚਾਰ ਦਿਨ ਵੱਧ ਜੀਣ ਦਾ ਹੀਲਾ ਕਰ ਸਕੀਏ, ਕਿਉਂਕਿ ਕੁਦਰਤ ਦੇ ਨਾਲ ਰਹਿ ਕੇ ਅਤੇ ਵਾਤਾਵਰਨ ਦੀ ਸੰਭਾਲ ਕਰਕੇ ਹੀ ਅਸੀਂ ਵੱਡੇ ਅਖਵਾ ਸਕਦੇ ਹਾਂ – ਪ੍ਰਿੰਸੀਪਲ ਸਤਨਾਮ ਸਿੰਘ ਸ਼ੌਕਰ ਨਿਊ ਚੰਡੀਗੜ੍ਹ।
ਮੇਰੇ ਮਾਂ – ਪਿਓ ਸਕੂਲ ਟੀਚਰ ਸਨ ਅਤੇ ਹਮੇਸ਼ਾ ਹੀ ਉਹਨਾਂ ਸਾਨੂੰ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਹੈ । ਮੈਂ ਵੀ ਇੱਕ ਪ੍ਰੋਫੈਸਰ ਹਾਂ ਅਤੇ ਸਾਡਾ ਵੀ ਇਹੀ ਉਦੇਸ਼ ਹੈ ਕਿ ਅਸੀਂ ਬੱਚਿਆਂ ਵਿੱਚ ਜਾਗਰੂਤੀ ਪੈਦਾ ਕਰੀਏ ਕਿ ਅਸੀਂ ਆਪਣੇ ਵਾਤਾਵਰਨ ਤੇ ਆਲੇ ਦੁਆਲੇ ਨੂੰ ਕਿਵੇਂ ਸਾਫ ਰੱਖਣਾ। ਜ਼ਰੂਰੀ ਨਹੀਂ ਕਿ ਕੋਈ ਹੋਰ ਪਹਿਲ ਕਰੇ। ਸਾਨੂੰ ਖੁਦ ਹੀ ਪਹਿਲ ਕਰਨੀ ਚਾਹੀਦੀ ਹੈ। ਸਾਡੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਕੁਝ ਸਾਥੀਆਂ ਨਾਲ ਮਿਲ ਕੇ ਅਸੀਂ ਲੋਕਾਂ ਨੂੰ ਸੁਚੇਤ ਕਰੀਏ ਕਿ ਵਾਤਾਵਰਨ ਨੂੰ ਗੰਧਲਾ ਕਰਨਾ ਕਿੰਨਾ ਖਤਰਨਾਕ ਹੈ। ਆਓ, ਇਸ ਦੀਵਾਲੀ ਮੌਕੇ ਸਾਰੇ ਰਲ-ਮਿਲ ਕੇ ਵਾਤਾਵਰਨ ਸਾਫ ਰੱਖਣ ਦਾ ਹੋਕਾ ਦਈਏ – ਲੈਕਚਰਾਰ  ਰਾਜਨ ਸ਼ਰਮਾ ਕੁਰਾਲੀ। 
ਹਰ ਇਨਸਾਨ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਸਦਾ ਆਪਣਾ ਵਧੀਆ ਮਕਾਨ ਹੋਵੇ ਤੇ ਉਸਦੇ ਬੱਚੇ ਵਧੀਆ ਪੜ੍ਹ-ਲਿਖ ਕੇ ਆਪਣੇ ਚੰਗੇ ਕੰਮ-ਕਾਰ ਤੇ ਲੱਗ ਜਾਣ ਪਰ ਦੋਸਤੋ ਸੱਚ ਜਾਣਿਓ ਜੇਕਰ ਸਾਡਾ ਵਾਤਾਵਰਨ ਹੀ ਸਾਫ ਨਹੀਂ ਹੋਵੇਗਾ ਤਾਂ ਸਾਡੇ ਵੱਡੇ ਮਕਾਨ, ਵਧੀਆ ਪੜੇ-ਲਿਖੇ ਬੱਚੇ ਤੇ ਹੋਰ ਐਸ਼ੋ-ਆਰਾਮ ਕੀ ਕਰੇਗਾ? ਜੇਕਰ ਸਾਡੀ ਸਿਹਤ ਹੀ ਠੀਕ ਨਹੀਂ ਹੈ? ਜ਼ਿਆਦਾਤਰ ਸਿਹਤ ਖਰਾਬ ਹੋਣ ਦਾ ਕਾਰਨ ਸੰਸਾਰ ਵਿੱਚ ਫੈਲ ਰਿਹਾ ਪ੍ਰਦੂਸ਼ਣ ਹੈ। ਦੀਵਾਲੀ ਮੌਕੇ ਕੋਸ਼ਿਸ਼ ਕਰੀਏ ਕਿ ਅਸੀਂ ਆਪਣਾ ਆਲਾ-ਦੁਆਲਾ ਸਾਫ ਰੱਖੀਏ ਅਤੇ ਰੰਗੀਨ ਦੀਵਾਲੀ ਮਨਾਉਣ ਨੂੰ ਪਹਿਲ ਦਈਏ ਜ਼ਰੂਰੀ ਨਹੀਂ ਕਿ ਸਾਡੇ ਜੀਣ ਲਈ ਹੀ ਵਾਤਾਵਰਨ ਸਾਫ ਚਾਹੀਦਾ ਹੈ। ਆਉਣ ਵਾਲੀ ਪੀੜ੍ਹੀ ਵਾਸਤੇ ਵੀ ਸਾਨੂੰ ਵਾਤਾਵਰਨ ਸਾਫ-ਸੁਥਰਾ ਰੱਖਣਾ ਚਾਹੀਦਾ ਹੈ – ਬਲਜਿੰਦਰ ਪੁਰੀ ਬਿਲਡਰ ਅਤੇ ਪ੍ਰਾਪਰਟੀ ਸਲਾਹਕਾਰ ਨਿਊ ਚੰਡੀਗੜ੍ਹ।
ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਹਨ ਤੇ ਆਉਂਦੀਆਂ ਜਾਂਦੀਆਂ ਰਹਿਣਗੀਆਂ, ਪਰ ਕੁਦਰਤ ਨਾਲ ਪਿਆਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ। ਪਿਛਲੇ ਦਿਨੀ ਕੁਦਰਤੀ ਨਰਾਜ਼ਗੀ ਦਾ ਸਿੱਟਾ ਸੀ ਕਿ ਬਰਸਾਤਾਂ ਦੇ ਵਿੱਚ ਕਿਵੇਂ ਜਾਨ-ਮਾਲ ਦੇ ਨੁਕਸਾਨ ਹੋਏ ਹਨ। ਆਓ, ਅਸੀਂ ਨੌਜਵਾਨ ਇਕੱਠੇ ਹੋ ਕੇ ਕੋਸ਼ਿਸ਼ ਕਰੀਏ ਕਿ ਸਾਡੇ ਸਭ ਤੋਂ ਵੱਡੇ ਪਵਿੱਤਰ ਤਿਉਹਾਰ ਦੀ ਵਾਲੀ ਮੌਕੇ ਅਸੀਂ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਤਾਂ ਜੋ ਕੁਦਰਤ ਨੂੰ ਇਨਸਾਨ ਤੋਂ ਕੋਈ ਨਰਾਜ਼ਗੀ ਨਾ ਰਹੇ। ਜੇਕਰ ਅਸੀਂ ਇਸ ਤਰਾਂ ਦੇ ਉਪਰਾਲੇ ਕਰਾਂਗੇ ਤਾਂ ਅਸੀਂ ਆਉਣ ਵਾਲੀ ਪੀੜੀ ਲਈ ਜਿੱਥੇ ਸਾਫ ਸੁਥਰਾ ਵਾਤਾਵਰਨ ਰੱਖਾਂਗੇ, ਉੱਥੇ ਅਸੀਂ ਆਪਣੇ ਆਪ ਨਾਲ ਵੀ ਨਜ਼ਰਾਂ ਮਿਲਾ ਸਕਦੇ ਹਾਂ ਕਿ ਅਸੀਂ ਸੰਸਾਰ ਵਿੱਚ ਕੋਈ ਵਧੀਆ ਕਾਰਜ ਕੀਤਾ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਸ ਦੀਵਾਲੀ ਮੌਕੇ ਪ੍ਰਦੂਸ਼ਣ ਨਾ ਫੈਲਾ ਕੇ ਸੱਚੇ ਇਨਸਾਨ ਹੋਣ ਦਾ ਸਬੂਤ ਦਈਏ – ਯੂਥ ਆਗੂ ਲੱਕੀ ਮਾਵੀ ਪਿੰਡ ਬਜੀਦਪੁਰ।

Leave a Reply

Your email address will not be published. Required fields are marked *