ਚਰਚਿਤ ਨਾਵਲਕਾਰ ਜਸਪਾਲ ਮਾਨਖੇੜਾ ਵੱਲੋਂ ਲਿਖੀ ਜੀਵਨੀ ਰੋਹੀ ਦਾ ਲਾਲ-ਹਰਦੇਵ ਅਰਸ਼ੀ ‘ਤੇ ਵਿਚਾਰ ਚਰਚਾ 13 ਨਵੰਬਰ ਨੂੰ
ਪ੍ਰਗਤੀਸ਼ੀਲ ਲੇਖਕ ਸੰਘ ਬਠਿੰਡਾ ਇਕਾਈ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਸਮਾਗਮ
ਮੁੱਖ ਮਹਿਮਾਨ ਵਜੋਂ ਜਗਰੁੂਪ ਸਿੰਘ ਗਿੱਲ, ਵਿਸ਼ੇਸ਼ ਮਹਿਮਾਨ ਅਸ਼ੋਕ ਸਦਿਓੜਾ, ਬੰਤ ਬਰਾੜ, ਮੁੱਖ ਵਕਤਾ ਡਾ. ਸੁਖਦੇਵ ਸਿਰਸਾ, ਵਕਤਾ ਡਾ. ਕੁਲਦੀਪ ਸਿੰਘ ਦੀਪ ਸ਼ਾਮਲ ਹੋਣਗੇ ਅਤੇ ਪ੍ਰੋ. ਸੁਰਜੀਤ ਜੱਜ ਕਰਨਗੇ ਪ੍ਰਧਾਨਗੀ


ਬਠਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਨਵੰਬਰ:
ਪ੍ਰਗਤੀਸ਼ੀਲ ਲੇਖਕ ਸੰਘ ਬਠਿੰਡਾ ਇਕਾਈ ਵੱਲੋਂ ਚਰਚਿਤ ਨਾਵਲਕਾਰ ਜਸਪਾਲ ਮਾਨਖੇੜਾ ਵੱਲੋਂ ਰਚਿਤ ਪੁਸਤਕ “ਰੋਹੀ ਦਾ ਲਾਲ-ਹਰਦੇਵ ਅਰਸ਼ੀ” ‘ਤੇ ਵਿਚਾਰ ਗੋਸ਼ਟੀ ਮਿਤੀ 13 ਨਵੰਬਰ 2023, ਦਿਨ ਸੋਮਵਾਰ ਨੂੰ ਟੀਚਰਜ਼ ਹੋਮ, ਨੇੜੇ ਫੌਜੀ ਚੌਕ, ਬਠਿੰਡਾ ਵਿਖੇ ਕਰਵਾਈ ਜਾ ਰਹੀ ਹੈ। ਇਸ ਵਿਚਾਰ ਗੋਸ਼ਟੀ ਵਿੱਚ ਮੁੱਖ ਮਹਿਮਾਨ ਵਜੋਂ ਜਗਰੁੂਪ ਸਿੰਘ ਗਿੱਲ, ਵਿਸ਼ੇਸ਼ ਮਹਿਮਾਨ ਅਸ਼ੋਕ ਸਦਿਓੜਾ, ਬੰਤ ਬਰਾੜ, ਮੁੱਖ ਵਕਤਾ ਡਾ. ਸੁਖਦੇਵ ਸਿਰਸਾ, ਵਕਤਾ ਡਾ. ਕੁਲਦੀਪ ਸਿੰਘ ਦੀਪ ਸ਼ਾਮਲ ਹੋ ਰਹੇ ਹਨ ਜਦਕਿ ਪ੍ਰੋ. ਸੁਰਜੀਤ ਜੱਜ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਜਸਪਾਲ ਮਾਨ ਖੇੜਾ ਨੇ ਆਪਣੇ ਲਿਖਤ ਬਿਆਨ ਵਿੱਚ ਕਿਹਾ ਕਿ “ਮੈਂ ਇਹ ਕਿਤਾਬ ਇਸ ਆਸ ਨਾਲ ਲਿਖੀ ਹੈ ਕਿ ਕਾਮਰੇਡ ਹਰਦੇਵ ਅਰਸ਼ੀ ਵਰਗੇ ਅਸਲੀ ਇਨਸਾਨ ਦੀ ਕਹਾਣੀ, ਡਿਗਦਿਆਂ ਨੂੰ ਬਾਹੋਂ ਫੜ ਕੇ ਉਠਾਵੇਗੀ। ਉਨ੍ਹਾਂ ਨੂੰ ਜੱਫੀ ਵਿਚ ਲੈ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਆਏ ਹੰਝੂ ਪੂੰਝੇਗੀ। ਜੀਵਨ ਲਈ ਲੜਨ ਦੀ ਪ੍ਰੇਰਨਾ ਬਣੇਗੀ, ਜਿਸ ਪ੍ਰੇਰਨਾ ਦੀ ਅੱਜ ਪੰਜਾਬ, ਪੰਜਾਬੀਆਂ ਅਤੇ ਭਾਰਤ ਵਾਸੀਆਂ ਨੂੰ ਸਖ਼ਤ ਲੋੜ ਹੈ।”
ਇਨ੍ਹਾਂ ਸ਼ਬਦਾਂ ਰਾਹੀਂ ਆਪਣੇ ਮਨ ਵਿਥਿਆ ਪ੍ਰਗਟ ਕਰਦਿਆਂ ਪ੍ਰਸਿੱਧ ਨਾਵਲਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ “ਕਾਮਰੇਡ ਹਰਦੇਵ ਅਰਸ਼ੀ ਦੀ ਜੀਵਨੀ ਲਿਖਦਿਆਂ ਮੈਨੂੰ ਆਸ ਬੱਝੀ ਹੈ ਕਿ ਪਾਠਕ “ਰੋਹੀ ਦਾ ਲਾਲ-ਹਰਦੇਵ ਅਰਸ਼ੀ” ਪੁਸਤਕ ਪੜ੍ਹ ਕੇ ਲੋਕ ਹਿਤਾਂ ਲਈ ਲੜਨ/ ਖੜ੍ਹਨ ਦੀ ਪ੍ਰੇਰਨਾ ਜ਼ਰੂਰ ਲੈਣਗੇ।”

