‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਨਾਟਕ ਦੀ ਸਫ਼ਲ ਪੇਸ਼ਕਾਰੀ
ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 13 ਦਸੰਬਰ:
ਮਾਣਯੋਗ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਉੱਘੀ ਪੰਜਾਬੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਉੱਤੇ ਅਧਾਰਿਤ ਇਕ ਪਾਤਰੀ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦਾ ਸਫਲ ਮੰਚਨ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ, ਸੈਕਟਰ 26, ਚੰਡੀਗੜ੍ਹ ਦੇ ਓਪਨ ਏਅਰ ਥੀਏਟਰ ਵਿਖੇ ਕੀਤਾ ਗਿਆ। ਪ੍ਰਸਿੱਧ ਰੰਗ-ਕਰਮੀ ਰਾਜਵਿੰਦਰ ਸਮਰਾਲਾ ਦੀ ਲੇਖਣੀ ਅਤੇ ਨਿਰਦੇਸ਼ਨ ਹੇਠ ਅਦਾਕਾਰਾ ਕਮਲ ਨੂਰ ਦੀ ਅਦਾਕਾਰੀ ਨਾਲ ਸੁਸਜਿਤ ਇਹ ਨਾਟਕ ਅਕਸ ਰੰਗਮੰਚ, ਸਮਰਾਲਾ ਵੱਲੋਂ ਖੇਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਵੱਲੋਂ ਸ਼ਿਰਕਤ ਕੀਤੀ ਗਈ। ਨਾਟ-ਸਮਾਗਮ ਦੀ ਪ੍ਰਧਾਨਗੀ ਸਰਦਾਰ ਗੁਰਦੇਵ ਸਿੰਘ (ਸੇਵਾ ਮੁਕਤ ਆਈ.ਏ.ਐੱਸ.) ਅਤੇ ਵਿਸ਼ੇਸ਼ ਮਹਿਮਾਨ ਵਜੋਂ ਕਰਨਲ ਜਸਮੇਰ ਬਾਲਾ ਸ਼ਾਮਲ ਹੋਏ।


ਨਾਟ-ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ-26, ਚੰਡੀਗੜ੍ਹ ਦੇ ਵਿਦਿਆਰਥੀਆਂ ਦੇ ਸ਼ਬਦ ਗਾਇਣ ਨਾਲ ਕੀਤੀ ਗਈ। ਇਸ ਉਪਰੰਤ ਪ੍ਰਿੰਸੀਪਲ ਸ਼੍ਰੀਮਤੀ ਅਮਨਪ੍ਰੀਤ ਕੌਰ ਵੱਲੋਂ ਮਹਿਮਾਨਾਂ ਅਤੇ ਸਮੂਹ ਦਰਸ਼ਕਾਂ ਨੂੰ ‘ਜੀ ਆਇਆਂ ਨੂੰ’ ਆਖਿਆ ਗਿਆ। ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਦੇ ਸਹਾਇਕ ਡਾਇਰੈਕਟਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਨਾਟ-ਸਮਾਗਮ ਦੀ ਰੂਪਰੇਖਾ ਸਾਂਝੀ ਕਰਦਿਆਂ ਸਮੂਹ ਦਰਸ਼ਕਾਂ ਦਾ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਆਖਿਆ ਗਿਆ ਕਿ ਇਸ ਨਾਟਕ ਦੀ 25ਵੀਂ ਪੇਸ਼ਕਾਰੀ ਚੰਡੀਗੜ੍ਹ ਦੀ ਸਟੇਜ ‘ਤੇ ਹੋਣੀ ਬੜੀ ਖੁਸ਼ੀ ਵਾਲੀ ਗੱਲ ਹੈ। ਉਪਰੰਤ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਰਾਹੀਂ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਅਤੇ ਮਰਦ ਪ੍ਰਧਾਨ ਸਮਾਜ ਵਿਚ ਔਰਤ ਦੀ ਸਥਿਤੀ ਨੂੰ ਦੋ ਘੰਟਿਆਂ ਦੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਸਾਹਮਣੇ ਬੜੀ ਬਾਖ਼ੂਬੀ ਪੇਸ਼ ਕੀਤਾ ਗਿਆ। ਨਾਟਕ ਦੇਖਦਿਆਂ ਦਰਸ਼ਕਾਂ ਦੀਆਂ ਅੱਖਾਂ ਵਾਰ-ਵਾਰ ਨਮ ਹੁੰਦੀਆਂ ਵੇਖੀਆਂ ਗਈਆਂ। ਅਦਾਕਾਰਾ ਨੂਰ ਕਮਲ ਨੇ ਆਪਣੀ ਬਾਕਮਾਲ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ।
ਸ਼ਾਇਰਾ ਸੁਖਵਿੰਦਰ ਅੰਮ੍ਰਿਤ ਵੱਲੋਂ ਆਖਿਆ ਗਿਆ ਕਿ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦੀ ਹਰ ਪੇਸ਼ਕਾਰੀ ਮੈਨੂੰ ਭਾਵੁਕ ਕਰ ਦਿੰਦੀ ਹੈ ਅਤੇ ਮੈਂ ਮੁੜ ਉਸ ਬੀਤੇ ਸਮੇਂ ਵਿਚ ਪਹੁੰਚ ਜਾਂਦੀ ਹਾਂ। ਮੈਂ ਸਾਰੇ ਦਰਸ਼ਕਾਂ ਦੀ ਮਸ਼ਕੂਰ ਹਾਂ, ਜਿਨ੍ਹਾਂ ਦੇ ਅਥਾਹ ਪਿਆਰ ਨੇ ਮੈਨੂੰ ਅਸਹਿਣਯੋਗ ਅਤੀਤ ਦੀ ਪੀੜ ਨੂੰ ਡੀਕ ਲਾ ਕੇ ਪੀਣ ਦੀ ਹਿੰਮਤ ਦਿੱਤੀ ਹੈ। ਸਰਦਾਰ ਗੁਰਦੇਵ ਸਿੰਘ (ਸੇਵਾ ਮੁਕਤ ਆਈ.ਏ.ਐੱਸ.) ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਇਸ ਨਾਟਕ ਦੀ ਪ੍ਰਭਾਵਮਈ ਲੇਖਣੀ ਅਤੇ ਪੇਸ਼ਕਾਰੀ ਨੇ ਹਰ ਦਰਸ਼ਕ ਨੂੰ ਉਂਗਲ ਫੜ੍ਹ ਕੇ ਆਪਣੇ ਨਾਲ ਤੋਰ ਲਿਆ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਨੇ ਸਾਡੀ ਸੰਸਥਾ ਨੂੰ ਇਸ ਨਾਟਕ ਦੀ ਮੇਜ਼ਬਾਨੀ ਕਰਨ ਦਾ ਮੌਕਾ ਦਿੱਤਾ। ਕਰਨਲ ਜਸਮੇਰ ਬਾਲਾ ਵੱਲੋਂ ਆਖਿਆ ਗਿਆ ਕਿ ਇਸ ਨਾਟਕ ਐਨਾ ਪ੍ਰਭਾਵਸ਼ਾਲੀ ਸੀ ਕਿ ਹਰ ਦਰਸ਼ਕ ਨੇ ਇਸ ਨਾਟਕ ਵਿਚਲੀਆਂ ਘਟਨਾਵਾਂ ਨੂੰ ਆਪਣੇ ਨਾਲ ਵਾਪਰਦਿਆਂ ਮਹਿਸੂਸ ਕੀਤਾ ਤਾਂ ਹੀ ਹਰ ਦਰਸ਼ਕ ਦੀ ਅੱਖ ਨਮ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅੱਜ ਸੁਖਵਿੰਦਰ ਅੰਮ੍ਰਿਤ ਜੀ ਦੇ ਜਨਮ ਦਿਨ ਮੌਕੇ ਇਸ ਨਾਟਕ ਦੀ ਪੇਸ਼ਕਾਰੀ ਸਾਡੀ ਸੰਸਥਾ ਦੀ ਸਟੇਜ ‘ਤੇ ਹੋਣੀ ਬੜੀ ਖੁਸ਼ੀ ਦੀ ਗੱਲ ਹੈ।
ਇਸ ਨਾਟਕ ਨੂੰ ਉਚੇਚੇ ਤੌਰ ‘ਤੇ ਵੇਖਣ ਲਈ ਡਾ. ਮਨਮੋਹਨ (ਸੇਵਾਮੁਕਤ ਆਈ.ਪੀ.ਐੱਸ.), ਸ਼੍ਰੀ ਜੰਗ ਬਹਾਦਰ ਗੋਇਲ (ਸੇਵਾਮੁਕਤ ਆਈ.ਏ.ਐੱਸ.), ਡਾ. ਸਾਹਿਬ ਸਿੰਘ, ਡਾ. ਦੇਵਿੰਦਰ ਦਮਨ, ਸ਼੍ਰੀ ਇੰਦਰਜੀਤ ਸਿੰਘ (ਡਾਇਰੈਕਟਰ, ਡੇਅਰੀ ਵਿਕਾਸ, ਪੰਜਾਬ), ਸ਼੍ਰੀ ਕਰਨਜੀਤ ਸਿੰਘ ਚੀਮਾ, ਸ਼੍ਰੀ ਸ਼ਬਦੀਸ਼, ਉੱਘੀ ਅਦਾਕਾਰਾ ਅਨੀਤਾ ਸ਼ਬਦੀਸ਼, ਡਾ. ਸੁਰਿੰਦਰ ਗਿੱਲ, ਵਿੱਕੀ ਸਿੰਘ, ਜਗਦੀਪ ਸਿੱਧੂ, ਪ੍ਰੋ. ਦਿਲਬਾਗ ਸਿੰਘ, ਸ਼੍ਰੀ ਭੁਪਿੰਦਰ ਮਲਿਕ, ਸ਼੍ਰੀਮਤੀ ਅਗਮਜੋਤ ਕੌਰ ਮਾਨ, ਡਾ. ਦਰਸ਼ਨ ਕੌਰ, ਜਤਿੰਦਰਪਾਲ ਸਿੰਘ, ਬਲਦੇਵ ਸਿੰਘ, ਪਰਦੀਪ ਸਿੰਘ, ਹਰਮਨ ਸਿੰਘ, ਜਪਨੀਤ ਕੌਰ ਤੋਂ ਇਲਾਵਾ ਪੰਜਾਬੀ ਸਾਹਿਤ ਜਗਤ ਦੀਆਂ ਕਈ ਅਦਬੀ ਹਸਤੀਆਂ, ਸਕੂਲ ਸਟਾਫ਼ ਅਤੇ ਵਿਦਿਆਰਥੀ ਪਹੁੰਚੇ ਹੋਏ ਸਨ। ਨਾਟ ਸਮਾਗਮ ਦੇ ਅੰਤ ਵਿਚ ਸਿੱਖ ਐਜੂਕੇਸ਼ਨਲ ਸੁਸਾਇਟੀ, ਚੰਡੀਗੜ੍ਹ ਦੀ ਪ੍ਰਬੰਧਕੀ ਟੀਮ ਅਤੇ ਸਹਾਇਕ ਡਾਇਰੈਕਟਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਮਹਿਮਾਨਾਂ ਅਤੇ ਨਾਟਕ ਮੰਡਲੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।

