www.sursaanjh.com > ਚੰਡੀਗੜ੍ਹ/ਹਰਿਆਣਾ > ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਨੇ ਮੰਗਿਆ ਪੂਰਾ ਮਹਿੰਗਾਈ ਭੱਤਾ

ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਨੇ ਮੰਗਿਆ ਪੂਰਾ ਮਹਿੰਗਾਈ ਭੱਤਾ

ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਨੇ ਮੰਗਿਆ ਪੂਰਾ ਮਹਿੰਗਾਈ ਭੱਤਾ 
ਡੀ.ਏ. ਮੁੜ ਤੋਂ ਲਿੰਕ ਕਰਨ ਦੀ ਕੀਤੀ ਮੰਗ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਦਸੰਬਰ:
ਪੰਜਾਬ ਸਿਵਲ ਸਕੱਤਰੇਤ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ 4% ਮਹਿੰਗਾਈ ਭੱਤਾ ਦੇਣ ‘ਤੇ ਮੁੱਖ ਮੰਤਰੀ, ਪੰਜਾਬ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਬਾਕੀ ਰਹਿੰਦਾ 8% ਮਹਿੰਗਾਈ ਭੱਤਾ ਵੀ ਜਲਦੀ ਰਲੀਜ਼ ਕੀਤਾ ਜਾਵੇ।  ਸਕੱਤਰੇਤ ਅਫਸਰ ਐਸੋਸੀਏਸ਼ਨ, ਪਰਸਨਲ ਸਟਾਫ ਐਸੋਸੀਏਸ਼ਨ, ਸਕੱਤਰੇਤ ਸਟਾਫ ਐਸੋਸੀਏਸ਼ਨ, ਐਫ.ਸੀ.ਆਰ. ਇੰਪਲਾਈਜ਼ ਐਸੋਸੀਏਸ਼ਨ, ਡੀ.ਪੀ.ਆਰ. ਕਰਮਚਾਰੀ ਯੂਨੀਅਨ, ਦਰਜਾ-4 ਕਰਮਚਾਰੀ ਯੂਨੀਅਨ ਅਤੇ ਪ੍ਰਹੁਣਾਚਾਰੀ ਵਿਭਾਗ ਕਰਮਚਾਰੀ ਯੂਨੀਅਨ ਦੇ ਮੁਲਾਜ਼ਮ ਆਗੂਆਂ ਵੱਲੋਂ ਕਿਹਾ ਗਿਆ ਕਿ ਸਰਕਾਰ ਇਸ ਵੇਲੇ ਪੰਜਾਬ ਦੇ ਖਜ਼ਾਨੇ ਵਿੱਚੋਂ ਤਨਖਾਹਾਂ ਲੈਣ ਵਾਲੇ ਆਈ.ਏ.ਐਸ., ਆਈ.ਪੀ.ਐਸ. ਅਤੇ ਜੂਡੀਸ਼ੀਅਲ ਅਫਸਰਾਂ ਨੂੰ ਕੇਂਦਰ ਸਰਕਾਰ ਦੀ ਤਰਜ ‘ਤੇ 46% ਮਹਿੰਗਾਈ ਭੱਤਾ ਦੇ ਰਹੀ ਹੈ, ਪ੍ਰੰਤੂ ਰਾਜ ਦੇ ਬਾਕੀ ਕਰਮਚਾਰੀਆਂ ਨੂੰ 34% ਦੇ ਰਹੀ ਹੈ ਜੋ ਕਿ ਹੁਣ ਵਧਾ ਕੇ 38% ਕੀਤਾ ਗਿਆ ਹੈ।
ਮੁਲਾਜ਼ਮ ਆਗੂਆਂ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਬਾਦਲ ਸਰਕਾਰ ਨੇ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀ ਵੀ ਮੁਲਾਜ਼ਮਾਂ ਨਾਲ ਲਿੰਕ ਕਰਕੇ ਇਕਸਾਰਤਾ ਕਾਇਮ ਕੀਤੀ ਹੋਈ ਸੀ,  ਜਿਸ ਕਰਕੇ ਸਾਰਿਆਂ ਨੂੰ ਮਹਿੰਗਾਈ ਭੱਤਾ ਇਕੱਠਾ ਮਿਲਦਾ ਸੀ ਪ੍ਰੰਤੂ ਕੈਪਟਨ ਸਰਕਾਰ ਵੱਲੋਂ ਉਹਨਾਂ ਨੂੰ ਡੀ-ਲਿੰਕ ਕਰਕੇ ਮੁਲਾਜ਼ਮਾਂ ਨਾਲ ਬੇਇਨਸਾਫੀ ਕੀਤੀ ਗਈ, ਜਿਸ ਤੋਂ ਬਾਅਦ  ਅਫਸਰਾਂ ਅਤੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ ਪਾੜਾ ਪੈਣਾ ਸ਼ੁਰੂ ਹੋਇਆ।  ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੂਡੀਸ਼ੀਅਲ ਕਰਮਚਾਰੀਆਂ ਨੂੰ ਵੀ 46% ਮਹਿੰਗਾਈ ਭੱਤਾ ਦੇ ਕੇ ਵੱਖ ਕਰ ਦਿੱਤਾ।
ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਈ.ਏ.ਐਸ., ਆਈ.ਪੀ.ਐਸ. ਅਤੇ ਜੂਡੀਸ਼ੀਅਲ ਅਧਿਕਾਰੀਆਂ ਨੂੰ ਮੁੜ ਤੋਂ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਨਾਲ ਲਿੰਕ ਕਰਕੇ ਮੁੜ ਤੋਂ ਇਕਸਾਰਤਾ ਕਾਇਮ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਮਹਿੰਗਾਈ ਭੱਤੇ ਨੂੰ ਲੈ ਕੇ ਮੁਲਾਜ਼ਮ ਰੋਸ ਮੁਜ਼ਾਹਰੇ ਨਾ ਕਰਨ।  ਇਸ ਮੀਟਿੰਗ ਵਿੱਚ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਮਨਜੀਤ ਸਿੰਘ ਰੰਧਾਵਾ,  ਮਲਕੀਤ ਸਿੰਘ ਔਜਲਾ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਸ਼ੁਸੀਲ ਕੁਮਾਰ, ਇੰਦਰਪਾਲ ਭੰਗੂ, ਸਾਹਿਲ ਸ਼ਰਮਾਂ, ਸ਼ੁਸ਼ੀਲ ਕੁਮਾਰ, ਮਿਥੁਨ ਚਾਵਲਾ, ਕੁਲਵੰਤ ਸਿੰਘ, ਅਲਕਾ ਚੋਪੜਾ, ਜਗਤਾਰ ਸਿੰਘ, ਬਲਰਾਜ ਸਿੰਘ ਦਾਊਂ, ਮਹੇਸ਼ ਕੁਮਾਰ ਅਤੇ ਬਜਰੰਗ ਯਾਦਵ ਆਦਿ ਹਾਜ਼ਰ ਹੋਏ।

Leave a Reply

Your email address will not be published. Required fields are marked *