ਸਕੱਤਰੇਤ ਵਿੱਚ ਲੋਹੜੀ ਜਸ਼ਨ 12 ਜਨਵਰੀ ਨੂੰ – ਮਲਕੀਤ ਸਿੰਘ ਔਜਲਾ
ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਜਨਵਰੀ:
ਪੰਜਾਬ ਸਿਵਲ ਸਕੱਤਰੇਤ ਸਾਹਿਤ ਸਭਾ ਵੱਲੋਂ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ 12 ਜਨਵਰੀ 2024, ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ ਮੇਨ ਸਕੱਤਰੇਤ ਦੀ ਸਕੂਟਰ ਪਾਰਕਿੰਗ ਵਾਲੇ ਵਿਹੜੇ ਵਿੱਚ ਲੋਹੜੀ ਜਸ਼ਨ-2024 ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਕੱਤਰੇਤ ਦੇ ਸਾਰੇ ਮੁਲਾਜ਼ਮ ਹੁੰਮ-ਹੁਮਾ ਕੇ ਹਿੱਸਾ ਲੈਣਗੇ।


ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਬਕਾਇਦਾ ਲੋਹੜੀ ਬਾਲ ਕੇ ਤਿਲਾਂ ਨਾਲ ਮੱਥਾ ਟੇਕਿਆ ਜਾਵੇਗਾ ਅਤੇ ਖਾਣ ਪੀਣ ਲਈ ਮੂੰਗਫਲੀ ਰਿਓੜੀਆਂ ਵੰਡੀਆਂ ਜਾਣਗੀਆਂ। ਇਸ ਤੋਂ ਇਲਾਵਾ ਸਕੱਤਰੇਤ ਦੇ ਕਰਮਚਾਰੀਆਂ ਅਤੇ ਕਰਮਚਾਰਨਾਂ ਵੱਲੋਂ ਗਿੱਧਾ ਭੰਗੜਾ ਪੇਸ਼ ਕੀਤਾ ਜਾਵੇਗਾ, ਬੋਲੀਆਂ ਪਾਈਆਂ ਜਾਣਗੀਆਂ ਅਤੇ ਲੋਹੜੀ ਦੇ ਗੀਤ ਗਾਏ ਜਾਣਗੇ। ਉਹਨਾਂ ਸਕੱਤਰੇਤ ਦੇ ਵੱਖ ਵੱਖ ਕਾਡਰਾਂ ਵਿੱਚ ਵੱਖ ਵੱਖ ਅਹੁਦਿਆਂ ‘ਤੇ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੂੰ ਅਤੇ ਰਿਟਾਇਰ ਹੋ ਚੁੱਕੇ ਸੀਨੀਅਰ ਸਾਥੀਆਂ ਨੂੰ ਲੋਹੜੀ ਜਸ਼ਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਪ੍ਰੋਟੋਕੋਲ ਅਫਸਰ ਦਵਿੰਦਰ ਸਿੰਘ ਜੁਗਨੀ ਦੀ ਟੀਮ ਵੱਲੋਂ ਜਾਗੋ ਕੱਢੀ ਜਾਵੇਗੀ ਅਤੇ ਸਿੱਠਣੀਆਂ ਦਾ ਮੁਕਾਬਲਾ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਸਕੱਤਰੇਤ ਦੇ ਮੁਲਾਜਮਾਂ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਕਾਫੀ ਉਤਸ਼ਾਹ ਬਣਿਆ ਹੋਇਆ ਹੈ ਅਤੇ ਹਰ ਕੋਈ ਤਿਆਰੀਆਂ ਵਿੱਚ ਰੁਝਿਆ ਹੋਇਆ ਹੈ।
ਇਸ ਪ੍ਰੋਗਰਾਮ ਨੂੰ ਲੈ ਕੇ ਅੱਜ ਸਾਹਿਤ ਸਭਾ ਦੀ ਮੀਟਿੰਗ ਹੋਈ, ਜਿਸ ਵਿੱਚ ਪਰਮਦੀਪ ਸਿੰਘ ਭਬਾਤ, ਦਵਿੰਦਰ ਜੁਗਨੀ, ਭੁਪਿੰਦਰ ਝੱਜ, ਬਲਜਿੰਦਰ ਬੱਲੀ, ਜਸਪ੍ਰੀਤ ਰੰਧਾਵਾ, ਗੁਰਿੰਦਰ ਬੈਦਵਾਣ ਤੇ ਕਈ ਹੋਰ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਗਈ ਅਤੇ ਡਿਊਟੀਆਂ ਵੰਡੀਆਂ ਗਈਆਂ।
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਮਨਜੀਤ ਸਿੰਘ ਰੰਧਾਵਾ, ਸ਼ੁਸ਼ੀਲ ਕੁਮਾਰ, ਕੁਲਵੰਤ ਸਿੰਘ, ਅਲਕਾ ਚੋਪੜਾ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਬਲਰਾਜ ਸਿੰਘ, ਜਗਤਾਰ ਸਿੰਘ, ਮਹੇਸ਼ ਕੁਮਾਰ ਆਦਿ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਹਮਾਇਤ ਦੀ ਪੇਸ਼ਕਸ਼ ਕੀਤੀ।

