ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਸਭਿਆਚਾਰਕ ਲੋਹੜੀ ਜਸ਼ਨ ਮਨਾਇਆ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜਨਵਰੀ:
ਪੰਜਾਬ ਸਿਵਲ ਸਕੱਤਰੇਤ ਸਾਹਿਤ ਸਭਾ ਵੱਲੋਂ ਬੀਤੇ ਦਿਨੀਂ ਸਭਿਆਚਾਰਕ ਲੋਹੜੀ ਜਸ਼ਨ ਮਨਾਇਆ ਗਿਆ, ਜਿਸ ਵਿੱਚ ਸਕੱਤਰੇਤ ਦੇ ਮੁਲਾਜ਼ਮਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਹ ਪ੍ਰੋਗਰਾਮ ਨਿਰੋਲ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨਵੇਂ ਵਰ੍ਹੇ 2024 ਦੇ ਪਹਿਲੇ ਤਿਉਹਾਰ ਲੋਹੜੀ ਨੂੰ ਸਮਰਪਿਤ ਸੀ। ਪ੍ਰੋਗਰਾਮ ਦੇ ਮੁੱਖ ਮਹਿਮਾਨ ਤੇਜਦੀਪ ਸਿੰਘ ਸੈਣੀ, PCS ਸੰਯੁਕਤ ਸਕੱਤਰ ਸਕੱਤਰੇਤ ਪ੍ਰਸ਼ਾਸਨ, ਰਾਜਦੀਪ ਕੌਰ, PCS, ਡਾਇਰੈਕਟਰ ਪ੍ਰਾਹੁਣਚਾਰੀ ਵਿਭਾਗ ਅਤੇ ਹਰਬੀਰ ਕੌਰ PCS ਨੇ ਲੋਹੜੀ ਦੀ ਸਮਾਂ ਰੌਸਨ ਕੀਤੀ। ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਮੁਲਾਜ਼ਮ ਛੰਦ ਸੁਣਾਏ। ਮੁਲਾਜ਼ਮਾਂ ਦੇ ਭਰਵੇਂ ਇਕੱਠ ਨੂੰ ਵੇਖ ਕੇ ਉਨਾਂ ਹਰ ਸਾਲ ਲੋਹੜੀ ਜਸ਼ਨ ਮਨਾਉਣ ਦੀ ਗੱਲ ਵੀ ਕਹੀ।


ਇਸ ਮੌਕੇ ਮੁਲਾਜ਼ਮਾਂ ਨੇ ਲੋਹੜੀ ਬਾਲ ਕੇ ਤਿਲਾਂ ਨਾਲ ਮੱਥਾ ਟੇਕਿਆ ਅਤੇ ਸਕੱਤਰੇਤ ਦੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਰੰਗ ਕਰਮੀਆਂ ਵੱਲੋਂ ਵੰਨ-ਸੁਵੰਨੀਆ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸਟੇਟ ਐਵਾਰਡੀ ਪ੍ਰੋਟੋਕੋਲ ਅਫਸਰ ਦਵਿੰਦਰ ਸਿੰਘ ਜੁਗਨੀ ਵੱਲੋਂ ਤਿਆਰ ਕੀਤੀਆਂ ਗਿੱਧਾ ਭੰਗੜਾ ਟੀਮਾਂ ਨੇ ਕਲ੍ਹਾ ਦੇ ਜੌਹਰ ਵਿਖਾਏ। ਸਟੇਟ ਐਵਾਰਡੀ ਪਰਮਦੀਪ ਸਿੰਘ ਭਬਾਤ ਨੇ ਸਾਰੇ ਕਲਾਕਾਰਾਂ ਦੀ ਹੌਸਲਾ ਅਫਜਾਈ ਕੀਤੀ। ਸਭਾ ਦੇ ਵਿੱਤ ਸਕੱਤਰ ਬਲਜਿੰਦਰ ਬੱਲੀ ਵੱਲੋਂ ਧਾਰਮਿਕ ਗੀਤ ਸੁਣਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਪ੍ਰੋਗਰਾਮ ਵਿੱਚ ਸਭਾ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਸਹੋਤਾ ਉੱਘੇ ਸਾਹਿਤਕਾਰ ਅਤੇ ਸਾਬਕਾ ਖਜਾਨਚੀ ਗੁਰਮੀਤ ਸਿੰਗਲ ਕਹਾਣੀਕਾਰ ਨੂੰ ਸਨਮਾਨਿਤ ਕੀਤਾ ਗਿਆ।
ਦਵਿੰਦਰ ਜੁਗਨੀ ਅਤੇ ਲੱਖੀ ਸਿੰਘ ਵੱਲੋਂ ਬੋਲੀਆਂ ਪੇਸ਼ ਕੀਤੀਆਂ ਅਤੇ ਜਾਗੋ ਸਿੱਠਣੀਆਂ ਦੀ ਪੇਸ਼ਕਾਰੀ ਦਿੱਤੀ ਗਈ, ਜਿਹਨਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਗਿੱਧੇ ਵਿੱਚ ਨੱਚਣ ਵਾਲੀਆਂ ਮਟਿਆਰਾਂ ਵਿੱਚ ਜਸਬੀਰ ਕੌਰ, ਸ਼ੁਦੇਸ਼ ਕੁਮਾਰੀ, ਅਲਕਾ ਚੋਪੜਾ, ਉਮਾ ਰਾਣੀ, ਮਨਦੀਪ ਕੌਰ, ਮੈਰੀ ਗਿੱਲ, ਸੁਖਜੀਤ ਕੌਰ ਸਮੇਤ ਹੋਰ ਬਹੁਤ ਸਾਰੀਆਂ ਕਰਮਚਾਰਨਾਂ ਨੇ ਨੱਚ ਨੱਚ ਕੇ ਧਮਾਲਾਂ ਪਾਈਆਂ। ਮੁੰਡਿਆਂ ਦੇ ਮਲਵਈ ਗਿੱਧੇ ਵਿੱਚ ਭੁਪਿੰਦਰ ਝੱਜ, ਦਵਿੰਦਰ ਜੁਗਨੀ, ਜਸਪ੍ਰੀਤ ਰੰਧਾਵਾ, ਪਰਮਦੀਪ ਭਬਾਤ, ਕਮਲ ਸ਼ਰਮਾਂ, ਰੁਪਿੰਦਰ ਰੂਪੀ ਅਤੇ ਕੁਲਵੰਤ ਸਿੰਘ ਆਦਿ ਨੇ ਪੇਸ਼ਕਾਰੀ ਕੀਤੀ। ਰਾਜਵਿੰਦਰ ਕੌਰ ਨੇ ਗੀਤ ਤੇ ਬਹੁਤ ਵਧੀਆ ਡਾਂਸ ਕੀਤਾ।
ਗਾਇਕਾ ਗੁਰਮੀਤ ਕੁਲਾਰ ਨੇ ਲੋਹੜੀ ਦਾ ਗੀਤ ਸੁਣਾਇਆ। ਲੱਖੀ ਸਿੰਘ ਅਤੇ ਸੰਦੀਪ ਕੰਬੋਜ ਵੱਲੋਂ ਸੁੰਦਰ ਮੁੰਦਰੀਏ ਹੋ ਗੀਤ ਸੁਣਾਇਆ। ਚੰਡੀਗੜ ਪੁਲਿਸ ਦੇ ਇੰਸਪੈਕਟਰ ਭੁਪਿੰਦਰ ਸਿੰਘ ਨੇ ਟਰੈਫਿਕ ਪੁਲਿਸ ਦਾ ਗੀਤ ਸੁਣਾਇਆ। ਲੱਖੀ ਸਿੰਘ ਦੀ ਅਗਵਾਈ ਹੇਠ ਫਤਿਹ ਅਕੈਡਮੀ ਵੱਲੋਂ ਛੋਟੇ ਛੋਟੇ ਬੱਚਿਆਂ ਦੀ ਕੋਰਿਓਗਰਾਫੀ ਪੇਸ਼ ਕੀਤੀ ਗਈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਤੇਜਦੀਪ ਸਿੰਘ ਸੈਣੀ, ਪੀ.ਸੀ.ਐਸ., ਸੰਯੁਕਤ ਸਕੱਤਰ ਸਕੱਤਰੇਤ ਪ੍ਰਸ਼ਾਸ਼ਨ ਵੱਲੋਂ ਦੁੱਲੇ ਭੱਟੀ ਨਾਲ ਸਬੰਧਤ ਦੰਦ ਕਥਾ ਬਾਰੇ ਚਾਨਣਾ ਪਾਇਆ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਪਰਮਦੀਪ ਸਿੰਘ ਭਬਾਤ, ਦਵਿੰਦਰ ਸਿੰਘ ਜੁਗਨੀ, ਭੁਪਿੰਦਰ ਸਿੰਘ ਝੱਜ, ਜਸਪ੍ਰੀਤ ਸਿੰਘ ਰੰਧਾਵਾ, ਕਮਲ ਸ਼ਰਮਾਂ, ਗੁਰਿੰਦਰ ਬੈਦਵਾਣ, ਹਰਪ੍ਰੀਤ ਬਲੱਗਣ, ਸੰਦੀਪ ਕੰਬੋਜ, ਕੁਲਵੰਤ ਸਿੰਘ ਨੇ ਸਕੱਤਰੇਤ ਮੁਲਾਜ਼ਮਾਂ ਦੇ ਨਾਲ ਮਿਲ ਕੇ ਭੰਗੜਾ ਪਾਇਆ।

