ਗਰੀਬ ਵਿਦਿਆਰਥੀਆਂ ਦੀ ਬਾਂਹ ਫੜਨ ਸਮਾਜ ਸੇਵੀ : ਪੁਰੀ
ਚੰਡੀਗੜ੍ਹ 1 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


”ਬੇਸ਼ੱਕ ਸਾਡਾ ਦੇਸ਼ ਬਹੁਤ ਤਰੱਕੀ ਕਰ ਗਿਆ ਹੈ, ਪਰ ਅਜੇ ਵੀ ਬਹੁਤਾ ਗਰੀਬ ਤਬਕਾ ਸਾਡੇ ਦੇਸ਼ ਵਿੱਚ ਵਸਦਾ ਹੈ ਜੋ ਰੋਜ਼ਮਰਾ ਦੀਆਂ ਲੋੜਾਂ ਵੀ ਨਹੀਂ ਪੂਰੀਆਂ ਕਰ ਸਕਦਾ। ਸਮਾਜ ਸੇਵੀ ਲੋਕਾਂ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਗਰੀਬ ਵਿਦਿਆਰਥੀਆਂ ਦੀ ਜ਼ਰੂਰ ਬਾਂਹ ਫੜਨ, ਤਾਂ ਜੋ ਉਹ ਪੜ੍ਹ ਲਿਖ ਕੇ ਸਮਾਜ ਵਿੱਚੋਂ ਆਪਣਾ ਰੁਤਬਾ ਹਾਸਿਲ ਕਰ ਸਕਣ” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਤੇ ਬਿਲਡਰ ਬਲਜਿੰਦਰ ਸਿੰਘ ਪੁਰੀ ਨੇ ਨਿਊ ਚੰਡੀਗੜ੍ਹ ਵਿਖੇ ਗੱਲਬਾਤ ਰਾਹੀਂ ਕਰਦਿਆ ਕੀਤਾ ਹੈ। ਪੁਰੀ ਨੇ ਕਿਹਾ ਹੈ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਹੋ ਸਕੇ ਗਰੀਬ ਵਿਦਿਆਰਥੀਆਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੋ ਸਕਣ।
ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜੋ ਅਮੀਰ ਹੈ, ਉਹ ਅਮੀਰ ਹੋਈ ਜਾਂਦਾ ਹੈ ਅਤੇ ਜੋ ਗਰੀਬ ਹੈ, ਉਹ ਗਰੀਬੀ ਵਿੱਚ ਧੱਸਦਾ ਜਾਂਦਾ ਹੈ l ਅਲੱਗ ਅਲੱਗ ਸਮੇਂ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਮਦਦ ਕਰਨ ਵਾਲੇ ਇਸ ਸਮਾਜ ਸੇਵੀ ਬਲਜਿੰਦਰ ਪੁਰੀ ਨੇ ਕਿਹਾ ਹੈ ਕਿ ਵਿਦਿਆ ਦਾਨ ਸਭ ਤੋਂ ਵੱਡਾ ਦਾਨ ਹੈ। ਜੇਕਰ ਤੁਸੀਂ ਕਿਸੇ ਨੂੰ ਪੜ੍ਹਾ ਦਿੰਨੇ ਹੋ ਤਾਂ ਇਹ ਦਾਨ ਧਾਰਮਿਕ ਸਥਾਨਾਂ ਤੋਂ ਵੱਡਾ ਹੋ ਨਿਬੜਦਾ ਹੈ।
ਇਹਨਾਂ ਦੱਸਿਆ ਕਿ ਬਹੁਤ ਵਾਰੀ ਹੁੰਦਾ ਕੀ ਹੈ, ਘਰ ਦੀਆਂ ਲੋੜਾਂ ਪੂਰੀਆਂ ਨਾ ਹੋਣ ਕਾਰਨ ਬਚਪਨ ਵਿੱਚ ਹੀ ਛੋਟੇ ਬੱਚਿਆਂ ਨੂੰ ਕੰਮ ਕਰਨਾ ਪੈਂਦਾ ਹੈ ਅਤੇ ਉਹ ਕੰਮ ਨਾ ਤਾਂ ਗਰੀਬੀ ਵਿੱਚੋਂ ਕੱਢਦਾ ਹੈ ਅਤੇ ਨਾ ਹੀ ਪੜ੍ਹਾਈ ਵਾਲੇ ਪਾਸੇ ਜਾਣ ਦਿੰਦਾ ਹੈ। ਇੱਥੇ ਹੀ ਕੰਮ ਕਰਦਿਆਂ ਛੋਟੀ ਉਮਰ ਦੇ ਵਿੱਚ ਹੀ ਬੱਚੇ ਨਸ਼ਿਆਂ ਵੱਲ ਹੋ ਤੁਰਦੇ ਹਨ। ਨਸ਼ਿਆਂ ਦੀ ਪੂਰਤੀ ਦੇ ਲਈ ਫਿਰ ਉਹ ਮਾੜੇ ਕੰਮਾਂ ਨੂੰ ਵੀ ਅੰਜਾਮ ਦਿੰਦੇ ਹਨI
ਬਲਜਿੰਦਰ ਪੁਰੀ ਨੇ ਹੋਰ ਕਿਹਾ ਕਿ ਬੇਸ਼ੱਕ ਸਰਕਾਰਾਂ ਆਪਣੇ ਵੱਲੋਂ ਵੱਡੇ ਉਪਰਾਲੇ ਕਰਕੇ ਗਰੀਬ ਵਿਦਿਆਰਥੀਆਂ ਲਈ ਚੰਗੇ ਉਪਰਾਲੇ ਕਰ ਰਹੀਆਂ ਹਨ, ਪਰ ਫਿਰ ਵੀ ਬਹੁਤ ਪਰਿਵਾਰ ਅਜਿਹੇ ਹਨ ਜੋ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਨਹੀਂ ਪੜ੍ਹਾ ਸਕਦਾ। ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲ ਕੇ ਗਰੀਬ ਬੱਚਿਆਂ ਨੂੰ ਪੜਾਉਣ ਦਾ ਬੀੜਾ ਚੱਕੀਏ।

