ਉੱਘੇ ਸ਼ਾਇਰ ਹਰਮੀਤ ਵਿਦਿਆਰਥੀ ਦੀ ਕਿਤਾਬ “ਜ਼ਰਦ ਰੁੱਤ ਦਾ ਹਲਫ਼ੀਆ ਬਿਆਨ” ਅਤੇ ਸੰਦੀਪ ਜਸਵਾਲ ਦੀ ਕਾਵਿ-ਕਿਤਾਬ “ਸਮੁੰਦਰ ਨੂੰ ਪੁੱਛੇ ਨਦੀ” ‘ਤੇ ਵਿਚਾਰ ਚਰਚਾ – ਜਗਦੀਪ ਸਿੱਧੂ
“ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ” ਵੱਲੋਂ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਇਹ ਸਮਾਗਮ – ਡਾ. ਯੋਗਰਾਜ


“ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ” ਵੱਲੋਂ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਅੱਜ ਪੰਜਾਬੀ ਵਿਭਾਗ ਵਿਖੇ ਉੱਘੇ ਸ਼ਾਇਰ ਹਰਮੀਤ ਵਿਦਿਆਰਥੀ ਦੀ ਕਿਤਾਬ “ਜ਼ਰਦ ਰੁੱਤ ਦਾ ਹਲਫ਼ੀਆ ਬਿਆਨ” ਅਤੇ ਸੰਦੀਪ ਜਸਵਾਲ ਦੀ ਕਾਵਿ-ਕਿਤਾਬ “ਸਮੁੰਦਰ ਨੂੰ ਪੁੱਛੇ ਨਦੀ” ‘ਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਦੋਵਾਂ ਕਵੀਆਂ ਨੇ ਸਰੋਤਿਆਂ ਨਾਲ਼ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ।
ਇਸ ਉਪਰੰਤ ਸੰਸਥਾ ਦੇ ਸੰਸਥਾਪਕ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ ਨੇ ਕਿਤਾਬਾਂ ਬਾਰੇ ਬੋਲਦਿਆਂ ਕਿਹਾ ਕਿ ਹਰਮੀਤ ਵਿਦਿਆਰਥੀ ਦੀ ਕਵਿਤਾ ਦਾ ਕੈਨਵਸ ਵੱਡਾ ਹੈ ਤੇ ਕਵੀ ਦੀ ਕਾਵਿ-ਉਡਾਰੀ ਹੀ ਦੱਸ ਪਾਉਂਦੀ ਹੈ ਕਿ ਇਹ ਵਧੀਆ ਕਵੀ ਹੈ। ਸੰਦੀਪ ਜਸਵਾਲ ਹੋਰਾਂ ਦੀ ਕਿਤਾਬ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਦੀਪ ਦੀ ਕਵਿਤਾ ਨੇ ਵਿਕਾਸ ਕੀਤਾ ਹੈ। ਉਨ੍ਹਾਂ ਕੁਝ ਨੁਕਤਿਆਂ ਬਾਰੇ ਸੁਆਲ ਵੀ ਉਠਾਏ।
ਇਸ ਤੋਂ ਬਾਅਦ ਡਾ. ਪਰਵੀਨ ਹੋਰਾਂ ਨੇ ਕਵਿਤਾ ਪਿੱਛੇ ਪਏ ਵਿਚਾਰਾਂ ਅਤੇ ਭਾਸ਼ਾ ‘ਤੇ ਚਾਨਣਾ ਪਾਇਆ। ਉਨ੍ਹਾਂ ਸੰਦੀਪ ਜਸਵਾਲ ਦੀ ਕਾਵਿ-ਕਿਤਾਬ “ਸਮੁੰਦਰ ਨੂੰ ਪੁੱਛੇ ਨਦੀ” ਦੀਆਂ ਕਵਿਤਾਵਾਂ ਬਾਰੇ ਨਿੱਠ ਕੇ ਆਪਣੇ ਵਿਚਾਰ ਪ੍ਰਗਟਾਏ। ਉੱਘੇ ਕਵੀ ਸ਼ਬਦੀਸ਼ ਨੇ ਜ਼ਰਦ ਰੁੱਤ ਦਾ ਹਲਫੀਆ ਬਿਆਨ ਬਾਰੇ ਆਪਣੀ ਗੱਲ ਕਰਦਿਆਂ ਕਿਹਾ ਕਿ ਕਵਿਤਾ ਵਿਚ ਰਿਦਮ, ਕਾਵਿਕਤਾ ਹੋਣੀ ਜ਼ਰੂਰੀ ਹੈ ਅਤੇ ਕਵਿਤਾ ਵਿਚ ਸਮਾਜ ਪ੍ਰਤੀ ਸਰੋਕਾਰਾਂ ਦਾ ਹੋਣਾ ਲਾਜ਼ਮੀ ਹੈ। ਉਹਨਾਂ ਕੁਝ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ।
ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਆਲੋਚਕ ਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਵਿਸਥਾਰ ਸਹਿਤ ਬੋਲਦਿਆਂ ਕਿਹਾ ਕਿ ਕਵਿਤਾ ਕਿਸੇ ਇਕ ਚੀਜ਼ ਨਾਲ਼ ਨਹੀਂ ਬਣਦੀ। ਇਸ ਵਿਚ ਕਾਵਿਕ ਤੱਤ, ਵਿਚਾਰ, ਵਿਚਾਰਧਾਰਾ ਮਹੱਤਵਪੂਰਨ ਹੈ; ਉਨ੍ਹਾਂ ਵਿਚਾਰ-ਚਰਚਾ ਦੀ ਸ਼ਲਾਘਾ ਕੀਤੀ। ਇਸ ਸਮਾਗਮ ਦਾ ਸੰਚਾਲਨ “ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਜ਼ਮ “ਸਾਹਿਤਕ ਪ੍ਰਬੰਧਕ” ਤੇ ਸ਼ਾਇਰ ਜਗਦੀਪ ਸਿੱਧੂ ਨੇ ਕੀਤਾ। ਇਸ ਸਮਾਗਮ ਵਿਚ ਡਾ. ਉਮਾ ਸੇਠੀ, ਡਾ. ਕੁਲਦੀਪ, ਡਾ. ਇਕਵਿੰਦਰ ਕੌਰ, ਸ੍ਰੀ ਰਾਜੇਸ਼, ਦੀਪ ਜਗਦੀਪ, ਮਨਜੀਤ ਪਾਲ ਸਿੰਘ, ਗੁਰਚਰਨ ਮੁਹਾਲੀ, ਸੁਰਜੀਤ ਸੁਮਨ, ਜਸਪਾਲ ਫਿਰਦੌਸੀ ਆਦਿ ਸ਼ਾਮਲ ਹੋਏ।

