ਲੋਕ ਭਾਜਪਾ ਦੀਆ ਨੀਤੀਆ ਤੋਂ ਅੱਕੇ
ਨਿਊ ਚੰਡੀਗੜ੍ਹ (ਅਵਤਾਰ ਨਵਲ਼ੀਆ-ਸੁਰ ਸਾਂਝ ਡਾਟ ਕਾਮ ਬਿਊਰੋ), 8 ਅਪਰੈਲ:


”ਲੋਕਾਂ ਨਾਲ ਵਿਕਾਸ ਦਾ ਵਾਅਦਾ ਕਰਨ ਵਾਲੀ ਭਾਜਪਾ ਦੇਸ਼ ਨੂੰ ਹੋਰ ਪਾਸੇ ਲੈ ਕੇ ਜਾ ਰਹੀ ਹੈ। ਹੁਣ ਦੇਸ਼ ਦੇ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਸੱਤਾ ਵਿੱਚ ਲਿਆ ਕੇ ਦੇਸ਼ ਨੂੰ ਮੁੜ ਪੈਰਾਂ ਸਿਰ ਕਰਨਗੇ” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਰਾਣਾ ਕੁਸ਼ਲਪਾਲ ਖਿਜਰਾਬਾਦ ਨੇ ਗੱਲਬਾਤ ਕਰਦਿਆਂ ਕੀਤਾ ਹੈ। ਰਾਣਾ ਕੁਸ਼ਲਪਾਲ ਨੇ ਕਿਹਾ ਹੈ ਕਿ ਕਾਂਗਰਸ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ, ਕਿਉਂਕਿ ਜਿੰਨੇ ਵੀ ਵੱਡੇ ਵਿਕਾਸ ਹੋਏ ਹਨ, ਉਹ ਕਾਂਗਰਸ ਦੀ ਸਰਕਾਰ ਵੇਲੇ ਹੋਏ ਹਨ।
ਪ੍ਰਧਾਨ ਮੰਤਰੀ ਰਹੇ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਭਾਰਤ ਦੇਸ਼ ਨੇ ਪੱਕੀਆਂ ਲੀਹਾਂ ਪਾਈਆਂ ਹਨ। ਇਸ ਨੌਜਵਾਨ ਕਾਂਗਰਸੀ ਆਗੂ ਨੇ ਕਿਹਾ ਕਿ ਇਸ ਵਾਰ ਲੋਕ ਭਾਜਪਾ ਨੂੰ ਨਕਾਰ ਕੇ ਕਾਂਗਰਸ ਨੂੰ ਸੱਤਾ ਵਿੱਚ ਲਿਆਉਣਗੇ। ਇਸ ਆਗੂ ਨੇ ਕਿਹਾ ਕਿ ਕਾਂਗਰਸ ਇੱਕ ਅਜਿਹੀ ਪਾਰਟੀ ਹੈ, ਜੋ ਕਿਸੇ ਨੂੰ ਧਰਮ ਅਤੇ ਫਿਰਕੇ ਵਿੱਚ ਨਹੀਂ ਵੰਡਦੀ, ਸਗੋਂ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਸਾਡਾ ਦੇਸ਼ ਹੀ ਇੱਕ ਅਜਿਹਾ ਦੇਸ਼ ਹੈ, ਜਿੱਥੇ ਬਹੁ-ਗਿਣਤੀ ਧਰਮ ਹਨ ਤੇ ਸਾਰੇ ਲੋਕ ਆਪਸੀ ਪਿਆਰ ਨਾਲ ਰਹਿੰਦੇ ਹਨ। ਸਿਆਸੀ ਪਾਰਟੀਆਂ ਨੂੰ ਆਮ ਲੋਕਾਂ ਵਿੱਚ ਧਰਮ ਦੇ ਨਾਂ ਤੇ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ। ਇਹਨਾਂ ਕਿਹਾ ਕਿ ਜਿੱਥੇ ਦੇਸ਼ ਦੇ ਰਾਜਨੀਤਿਕ ਲੋਕਾਂ ਤੋਂ ਲੋਕ ਅੱਕ ਚੁੱਕੇ ਹਨ, ਉੱਥੇ ਹੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਰਾਜਨੀਤਿਕ ਫਿਜ਼ਾ ਵੀ ਵੱਡਾ ਬਦਲਾਅ ਆਵੇਗਾ। ਇਹ ਬਦਲਾਅ ਲੋਕਾਂ ਦੀ ਵੋਟ ਨਾਲ ਹੀ ਹੋ ਸਕਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਆਉਂਦਿਆਂ ਚੋਣਾ ਵਿੱਚ ਸੂਝ-ਬੂਝ ਨਾਲ ਵੋਟ ਪਾਉਣ ਤਾਂ ਜੋ ਸਾਡੇ ਦੇਸ਼ ਦੀ ਭਾਈਚਾਰਕ ਸਾਂਝ ਬਣੀ ਰਹੇ।

