www.sursaanjh.com > ਅੰਤਰਰਾਸ਼ਟਰੀ > ਮਾਨਵਵਾਦ, ਪਾਰ-ਮਾਨਵਵਾਦ ਅਤੇ ਉੱਤਰ-ਮਾਨਵਵਾਦ ਦੇ ਵਿਸ਼ਿਆਂ ‘ਤੇ ਰਚਾਇਆ ਗਹਿਨ ਸੰਵਾਦ

ਮਾਨਵਵਾਦ, ਪਾਰ-ਮਾਨਵਵਾਦ ਅਤੇ ਉੱਤਰ-ਮਾਨਵਵਾਦ ਦੇ ਵਿਸ਼ਿਆਂ ‘ਤੇ ਰਚਾਇਆ ਗਹਿਨ ਸੰਵਾਦ

ਮਾਨਵਵਾਦ, ਪਾਰ-ਮਾਨਵਵਾਦ ਅਤੇ ਉੱਤਰ-ਮਾਨਵਵਾਦ ਦੇ ਵਿਸ਼ਿਆਂ ‘ਤੇ ਰਚਾਇਆ ਗਹਿਨ ਸੰਵਾਦ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਪਰੈਲ:
ਪੰਜਾਬ ਸਾਹਿਤ ਅਕਾਦਮੀ ਵੱਲੋਂ ‘ਮਨੁੱਖ ਤੋਂ ਪਾਰ ਮਨੁੱਖਤਾ : ਉੱਤਰ ਮਾਨਵਵਾਦੀ ਸੰਦਰਭ ਵਿਚ’ ਵਿਸ਼ੇ ‘ਤੇ ਸ਼ੁਰੂ ਹੋਏ ਦੋ ਰੋਜ਼ਾ ਸੈਮੀਨਾਰ ਦਾ ਪਹਿਲਾ ਦਿਨ ਇਸ ਵਿਸ਼ੇ ‘ਤੇ ਹੋਈ ਗਹਿਰ ਗੰਭੀਰ ਚਰਚਾ ਨਾਲ ਸੰਪੰਨ ਹੋਇਆ। ਉਦਘਾਟਨੀ ਸੈਸ਼ਨ ਦਾ ਆਗਾਜ਼ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ, ਜਿਸ ਵਿਚ ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮਨੁੱਖ ਹਉਮੈ ਵਿੱਚੋਂ ਨਿਕਲ ਕੇ ਇਸ ਨੂੰ ਸੁਣਨ ਲਈ ਪਾਬੰਦ ਹੋਵੇ। ਮਨੁੱਖ ਗਲੋਬਲ ਮਾਨਸਿਕਤਾ ਦੇ ਦੌਰ ਵਿੱਚ ਦਾਖ਼ਲ ਹੋ ਗਿਆ ਹੈ ਅਤੇ ਈਕੋ ਸਿਸਟਮ ਤਹਿਤ ਮਨੁੱਖ ਮਸ਼ੀਨ ਅਤੇ ਕੁਦਰਤ ਦਾ ਸਾਂਝਾ ਨੈਟਵਰਕ ਸਥਾਪਿਤ ਹੋਇਆ ਹੈ।
ਅਕਾਦਮੀ ਦੇ ਜਨਰਲ ਸਕਤੱਰ ਡਾ. ਰਵੇਲ ਸਿੰਘ ਨੇ ਮਸ਼ੀਨੀ ਬੁੱਧੀਮਤਾ ਦੀ ਆਮਦ ਨਾਲ ਪੈਦਾ ਹੋਣ ਵਾਲੇ ਖਤਰਿਆਂ ਨੂੰ ਬਹੁਤ ਸਾਰੇ ਸੂਖਮ ਸਵਾਲਾਂ ਦੇ ਹਵਾਲੇ ਨਾਲ ਹਾਊਸ ਦੇ ਸਾਮ੍ਹਣੇ ਅਗਲੀ ਚਰਚਾ ਲਈ ਰੱਖਿਆ। ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਕਿਹਾ ਕਿ ਮਨੁੱਖ ਹਮੇਸ਼ਾ ਤੋਂ ਹੀ ਆਪਣੇ ਲਈ ਚੁਣੌਤੀਆਂ ਖੜ੍ਹਾ ਕਰਦਾ ਆਇਆ ਹੈ ਅਤੇ ਉਹਨਾਂ ਦੇ ਹੱਲ ਵੀ ਕਰਦਾ ਆਇਆ ਹੈ। ਉਹਨਾਂ ਵਿਸ਼ਵ ਦੇ ਪ੍ਰਮੁੱਖ ਚਿੰਤਕਾਂ ਦੇ ਹਵਾਲੇ ਨਾਲ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੁਨੀਆ ਦੀ ਮਹਾਨ ਪੁਸਤਕ ਹੈ, ਜੋ ਮਨੁੱਖੀ ਵਿਹਾਰ ਅਤੇ ਕਿਰਦਾਰ ਦੇ ਅਨੇਕ ਸਵਾਲਾਂ ਦੇ ਰੂਬਰੂ ਹੁੰਦੀ ਹੈ।
ਮੁੱਖ ਬੁਲਾਰੇ ਅਮਰਜੀਤ ਗਰੇਵਾਲ ਨੇ ਕਿਹਾ ਕਿ ਉੱਤਰ ਮਾਨਵਵਾਦ ਮਨੁੱਖਤਾ ਦੇ ਸਾਹਮਣੇ ਆ ਰਹੇ ਵੱਡੇ ਖਤਰਿਆਂ ਦੇ ਪ੍ਰਭਾਵ ਵਜੋਂ ਪੈਦਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਵਰਤਮਾਨ ਵਿਵਸਥਾ ਇਹਨਾਂ ਵੱਡੇ ਖਤਰਿਆਂ ਦਾ ਸਾਮ੍ਹਣਾ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਮਸ਼ੀਨੀ ਬੁੱਧੀਮਤਾ ਦੇ ਦੌਰ ਵਿੱਚ ਉੱਤਰ ਮਾਨਵਵਾਦ ਦਾ ਸੰਕਲਪ ਨਵੀਆਂ ਅੰਤਰਦ੍ਰਿਸ਼ਟੀਆਂ ਲੈਕੇ ਆਉਂਦਾ ਹੈ। ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹੀ ਸ਼ਕਤੀ ਹੈ, ਜਿਸ ਨਾਲ ਮਨੁੱਖੀ ਨੈਤਿਕਤਾ ਦਾ ਪ੍ਰਸ਼ਨ ਹੱਲ ਕਰਕੇ ਮਸ਼ੀਨੀ ਬੁੱਧੀਮਤਾ ਨੂੰ ਮਨੁੱਖੀ ਭਲੇ ਲਈ ਵਰਤਿਆ ਜਾ ਸਕਦਾ ਹੈ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਸੁਰਜੀਤ ਪਾਤਰ ਨੇ ਮਿਰਜ਼ਾ ਗ਼ਾਲਿਬ, ਅਲਾਹਮਾ ਇਕਬਾਲ ਅਤੇ ਸਿੱਖ ਦਰਸ਼ਨ ਦੇ ਹਵਾਲੇ ਨਾਲ ਉੱਤਰ ਮਾਨਵਵਾਦ ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਕੁਦਰਤ ਨਾਲ ਮੁਹੱਬਤ ਕਰਨ ਦਾ ਰਾਹ ਹੀ ਆਉਣ ਵਾਲੇ ਯੁੱਗ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦਾ ਰਾਹ ਹੈ। ਇਸ ਸੈਸ਼ਨ ਦਾ ਧੰਨਵਾਦ ਪ੍ਰੋ. ਯੋਗਰਾਜ ਨੇ ਕੀਤਾ ਅਤੇ ਮੰਚ ਸੰਚਾਲਨ ਡਾ. ਪ੍ਰਵੀਨ ਕੁਮਾਰ ਨੇ ਕੀਤੀ।
ਦੂਜੇ ਸ਼ੈਸ਼ਨ ਵਿਚ ਪ੍ਰੋ. ਅਜੈ ਨੇ ਸਸਿਊਰ ਅਤੇ ਯੂਆਲ ਨੋ ਹਰਾਰੀ ਵਰਗੇ ਚਿੰਤਕਾਂ ਦੇ ਹਵਾਲੇ ਨਾਲ ਟਰਾਂਸ ਹਿਉਮਨਿਜ਼ਮ ਤੋਂ ਪੋਸਟ ਹਿਉਮਨਿਜ਼ਮ ਤਕ ਦੇ ਵਿਕਾਸ ਨੂੰ ਚਿਹਨਤ ਕਰਦੇ ਹੋਏ ਕਿਹਾ ਕਿ ਟਰਾਂਸ ਹਿਉਮਨਿਜ਼ਮ ਨੇ ਗਿਆਨ ਦੀ ਮੋਨੋਪਲੀ ਕਾਇਮ ਕਰਕੇ ਮਨੁੱਖਤਾ ਲਈ ਵੱਡੇ ਖਤਰੇ ਖੜੇ ਕੀਤੇ, ਜਿਨ੍ਹਾਂ ਵਿਚੋਂ ਪੋਸਟ ਹਿਊਮਨਿਜ਼ਮ ਦਾ ਸੰਕਲਪ ਪੈਦਾ ਕੀਤਾ। ਪ੍ਰੋ. ਲੱਲਨ ਬਘੇਲ ਸਿੰਘ ਨੇ ਫਿਲਾਸਫੀ ਦੇ ਹਵਾਲੇ ਨਾਲ ਉਤੱਰ ਮਾਨਵਵਾਦ ਤੇ ਚਰਚਾ ਕੀਤੀ। ਉਸ ਨੇ ਫੂਕੋ ਦੀਆਂ ਕਈ ਧਾਰਨਾਵਾਂ ‘ਤੇ ਸਵਾਲ ਖੜੇ ਕਰਦੇ ਹੋਏ ਉੱਤਰ ਮਾਨਵਵਾਦ ਪ੍ਰਤੀ ਹੋਰ ਚਿੰਤਕਾਂ ਦੀਆਂ ਧਾਰਨਾਵਾਂ ਨੂੰ ਪੇਸ਼ ਕੀਤਾ। ਇਸ ਸ਼ੈਸ਼ਨ ਦੀ ਪ੍ਰਧਾਨਗੀ ਪ੍ਰੋ. ਰੇਣੁਕਾ ਸਿੰਘ ਨੇ ਕੀਤੀ। ਉਹਨਾਂ ਇਸ ਸੈਸ਼ਨ ਵਿੱਚ ਪੜ੍ਹੇ ਗਏ ਦੀ ਰਿਸਰਚ ਪੇਪਰਾਂ ਤੇ ਚਰਚਾ ਕਰਦੇ ਹੋਏ ਉੱਤਰ ਮਾਨਵਵਾਦ ਬਾਰੇ ਆਪਣੀਆਂ ਧਾਰਨਾਵਾਂ ਪੇਸ਼ ਕੀਤੀਆਂ।
ਦੂਜੇ ਸੈਸ਼ਨ ਵਿੱਚ ਡਾ. ਜੈਅੰਤੀ ਦੱਤਾ ਨੇ ਆਪਣੇ ਪਰਚੇ ਵਿਚ ਜਗਦੀਸ਼ ਚੰਦਰ ਬੋਸ, ਰਾਮਾਇਣ ਅਤੇ ਜਾਤਕ ਕਥਾਵਾਂ ਦੇ ਵਰਗੀਆਂ ਪੁਸਤਕਾਂ ਰਾਹੀਂ ਉੱਤਰ ਮਾਨਵਵਾਦ ਦੇ ਮੁੱਦੇ ਨੂੰ ਪ੍ਰੀਭਾਸ਼ਿਤ ਕਰਦੇ ਹੋਏ ਕਿਹਾ ਕਿ ਇਹਨਾਂ ਪੁਸਤਕਾਂ ਵਿਚ ਜਿਸ ਤਰ੍ਹਾਂ ਮਨੁੱਖ ਦਾ ਰੁੱਖਾਂ ਅਤੇ ਪਸ਼ੂ ਪੰਛੀਆਂ ਨਾਲ ਸਹਿਹੋਂਦ ਦਾ ਰਿਸ਼ਤਾ ਸਾਮ੍ਹਣੇ ਆਉਂਦਾ ਹੈ, ਪੋਸਟ ਹਿਊਮਨਿਜ਼ਮ ਵਿਚ ਇਸ ਤਰ੍ਹਾਂ ਦਾ ਰਿਸ਼ਤਾ ਬਣਾਉਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਮਨੁੱਖ ਦੁਆਰਾ ਬ੍ਰਹਿਮੰਡ ਦੀ ਹਰੇਕ ਨਸਲ ਨਾਲ ਇਕ ਸੁਖਾਵੇਂ ਰਿਸ਼ਤੇ ਵਿੱਚ ਬੱਝ ਕੇ ਉੱਤਰ ਮਾਨਵਵਾਦ ਦੇ ਸਵਾਲ ਨਾਲ ਨਜਿੱਠਿਆ ਜਾ ਸਕਦਾ ਹੈ।
ਰਿਸਰਚ ਸਕਾਲਰ ਸੁਖਮਨਪ੍ਰੀਤ ਕੌਰ ਨੇ ਕਿਹਾ ਕਿ ਮਾਨਵਵਾਦੀ ਸਥਿਤੀਆਂ ਨੂੰ ਸਮਝੇ ਬਗੈਰ ਉਤੱਰ ਮਾਨਵਵਾਦੀ ਸਥਿਤੀਆਂ ਨੂੰ ਨਹੀਂ ਸਮਝਿਆ ਜਾ ਸਕਦਾ। ਉਸ ਨੇ ਕਿਰਤ ਦੇ ਸੰਕਲਪ ਦੇ ਦੂਹਰੇ ਅਰਥਾਂ ਤੇ ਚਾਨਣਾ ਪਾਇਆ। ਇਕ ਪਾਸੇ ਕਿਰਤ ਦਾ ਅਰਥ ਰੋਟੀ ਹੈ ਅਤੇ ਦੂਜੇ ਪਾਸੇ ਇਸਦਾ ਪ੍ਰਤੀਕਾਤਮਕ ਅਰਥ ਹੈ। ਉਸ ਨੇ ਕਿਹਾ ਕਿ ਨੀਤਸ਼ੇ ਦੇ ਮਹਾਂਮਾਨਵ ਵਿਚੋਂ ਅੱਗੇ ਜਾ ਕੇ ਹਿਟਲਰ ਪੈਦਾ ਹੁੰਦਾ ਹੈ ਅਤੇ ਦੂਜੇ ਪਾਸੇ ਗੁਰਬਾਣੀ ਦੇ ਮਹਾਂਮਾਨਵ ਵਿੱਚੋ ਅੱਗੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਵਰਗੇ ਮਹਾਂ-ਇਨਸਾਨ ਪੈਦਾ ਹੁੰਦੇ ਹਨ।
ਇਸ ਦਿਨ ਦੇ ਤੀਜੇ ਅਤੇ ਆਖਰੀ ਸੈਸ਼ਨ ਵਿਚ ਪ੍ਰਸਿੱਧ ਚਿੰਤਕ ਕੁਮਾਰ ਸੁਸ਼ੀਲ ਨੇ ਕਿਹਾ ਕਿ ਪੋਸਟ ਹਿਊਮਨਿਜ਼ਮ ਦੀ ਅਸਲ ਪਰਖ ਕਿਰਤ ਅਤੇ ਕਿਰਤੀ ਦੇ ਪ੍ਰਸੰਗ ਵਿਚ ਹੀ ਹੋਣੀ ਚਾਹੀਦੀ ਹੈ। ਕਿਰਤ ਨੇ ਬਾਹਰੀ ਰੂਪ ਤਾਂ ਬਦਲਿਆ ਪਰ  ਇਸਦਾ ਅੰਦਰੂਨੀ ਸਰੂਪ ਨਹੀਂ ਬਦਲਿਆ। ਅੰਦਰੂਨੀ ਪੱਧਰ ‘ਤੇ ਅੱਜ ਵੀ ਕਿਰਤੀ ਉੱਤੇ ਤਸ਼ੱਦਦ ਜਾਰੀ ਹਨ ਅਤੇ ਉਹਨਾਂ ਦਾ ਲਗਾਤਾਰ ਸੋਸ਼ਣ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮਾਰਕਸ ਦੀ ਧਾਰਨਾ ਅਨੁਸਾਰ ਮਨੁੱਖਾਂ ਦਾ ਮਨੁੱਖੀਕਰਨ ਕੀਤੇ ਜਾਣਾ ਜ਼ਰੂਰੀ ਹੈ।
ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਪੁਸ਼ਪਿੰਦਰ ਸਿਆਲ ਤਿੰਨਾਂ ਪਰਚਿਆਂ ਦੇ ਹਵਾਲੇ ਨਾਲ ਆਪਣੀਆਂ ਧਾਰਨਾਵਾਂ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਵਰਤਮਾਨ ਦੌਰ ਦੀਆਂ ਚੁਣੌਤੀਆਂ ਦਾ ਹੱਲ ਆਪਣੀਆਂ ਸਥਾਨਕ ਸਥਿਤੀਆਂ ਨੂੰ ਸਮਝ ਕੇ ਕਰਨਾ ਪਵੇਗਾ। ਉਹਨਾਂ ਵਰਤਮਾਨ ਕਾਰਪੋਰੇਟ ਅਤੇ ਬਜ਼ਾਰ ਦੀਆਂ ਨੀਤੀਆਂ ਨੂੰ ਸਮਝਣਾ ਪਏਗਾ ਅਤੇ ਇਸਦੇ ਪ੍ਰਸੰਗ ਵਿਚ ਹੀ ਉੱਤਰ ਮਾਨਵਵਾਦ ਨੂੰ ਪਰਿਭਾਸ਼ਿਤ ਕਰਨਾ ਹੋਵੇਗਾ। ਇਸ ਮੌਕੇ ਨਾਟਕਕਾਰ ਦਵਿੰਦਰ ਦਮਨ, ਡਾ. ਸਾਹਿਬ ਸਿੰਘ, ਜੰਗ ਬਹਾਦਰ ਗੋਇਲ, ਡਾ. ਕੁਲਦੀਪ ਸਿੰਘ ਦੀਪ, ਬਲਕਾਰ ਸਿੱਧੂ, ਸਵਰਨਜੀਤ ਸਵੀ, ਡਾ. ਵਨੀਤਾ, ਸੁਰਜੀਤ ਸੁਮਨ, ਪ੍ਰੀਤਮ ਰੁਪਾਲ, ਜਗਦੀਪ ਸਿੱਧੂ ਅਤੇ ਦਿਲਬਾਗ ਸਿੰਘ ਹਾਜ਼ਿਰ ਸਨ।

Leave a Reply

Your email address will not be published. Required fields are marked *