www.sursaanjh.com > ਚੰਡੀਗੜ੍ਹ/ਹਰਿਆਣਾ > ਜੰਗਲਾਤ ਕਾਮਿਆਂ ‘ਤੇ ਲਟਕੀ ਛਾਂਟੀ ਦੀ ਤਲਵਾਰ, 25 ਅਪੈ੍ਲ ਨੂੰ ਮੰਤਰੀ ਦੇ ਹਲਕੇ ਵਿੱਚ ਲਾਉਣਗੇ ਧਰਨਾ

ਜੰਗਲਾਤ ਕਾਮਿਆਂ ‘ਤੇ ਲਟਕੀ ਛਾਂਟੀ ਦੀ ਤਲਵਾਰ, 25 ਅਪੈ੍ਲ ਨੂੰ ਮੰਤਰੀ ਦੇ ਹਲਕੇ ਵਿੱਚ ਲਾਉਣਗੇ ਧਰਨਾ

ਜੰਗਲਾਤ ਕਾਮਿਆਂ ‘ਤੇ ਲਟਕੀ ਛਾਂਟੀ ਦੀ ਤਲਵਾਰ, 25 ਅਪੈ੍ਲ ਨੂੰ ਮੰਤਰੀ ਦੇ ਹਲਕੇ ਵਿੱਚ ਲਾਉਣਗੇ ਧਰਨਾ
ਚੰਡੀਗੜ੍ਹ 19 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਸੁਬਾ ਪ੍ਰਧਾਨ ਅਮਰੀਕ ਸਿੰਘ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ ਜਸਵਿੰਦਰ ਸੋਜਾ ਤੇ ਵਿਰਸਾ ਸਿੰਘ ਅੰਮ੍ਰਿਤਸਰ ਦੀ ਅਗਵਾਈ ਹੇਠ ਵਣ ਭਵਨ ਮੁਹਾਲੀ ਵਿਖੇ ਹੋਈ, ਜਿਸ ਵਿੱਚ  ਫੈਸਲਾ ਕੀਤਾ ਗਿਆ ਕਿ 25 ਅਪ੍ਰੈਲ ਨੂੰ ਮਾਨਯੋਗ ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਦੇ ਹਲਕਾ ਭੋਆ ਵਿੱਚ ਵਿਸ਼ਾਲ ਰੈਲੀ ਤੇ ਰੋਸ ਮਾਰਚ ਕੀਤਾ ਜਾਵੇਗਾ, ਉਸ ਦੇ ਨਾਲ ਹੀ ਇਨਾ ਆਗੂਆਂ ਨੇ ਕਿਹਾ ਕਿ 22 ਅਤੇ 23 ਅਪੈ੍ਲ  ਨੂੰ ਵਣ ਮੰਡਲ ਅਫਸਰਾਂ ਦੇ ਦਫਤਰ ਅੱਗੇ  ਇੱਕਤਰ ਹੋ ਕੇ ਵਿਸਾਲ ਰੋਸ ਧਰਨੇ ਦੇਣ ਉਪਰੰਤ ਮੰਗ ਪੱਤਰ ਵਿਭਾਗੀ ਅਧਿਕਾਰੀਆਂ ਨੂੰ ਦਿੱਤੇ ਜਾਣਗੇ। ਇਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਸਰਕਾਰ ਵੱਲੋਂ ਜਾਰੀ ਪੱਤਰਾਂ ਨੂੰ ਦੇਖਦੇ ਹੋਏ ਉਸ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਸਰਕਾਰ ਇਸ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਡੂੰਘੀ ਚਾਲ ਚੱਲ ਰਹੀ ਹੈ, ਕਿਉਂਕਿ ਜਿੱਥੇ ਪਿਛਲੇ ਪੰਜ ਸਾਲ ਦੇ ਵਿੱਚ ਇਸ ਵਿਭਾਗ ਦੇ ਫ਼ੰਡਾਂ ਵਿੱਚ ਕੱਟ ਲਗਾਏ ਜਾਂਦੇ ਰਹੇ,  ਜਿਸ ਨਾਲ ਜੰਗਲਾਂ ਦੀ ਗਿਣਤੀ ਅਤੇ ਪੌਦਿਆਂ ਦੀ ਗਿਣਤੀ ਨੂੰ  ਲਗਾਤਾਰ  ਘਟਾਇਆ ਜਾ ਰਿਹਾ ਸੀ। ਪਰ ਇਸ ਸਾਲ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਇਹ ਤਾਂ ਹਦਾਇਤ ਕੀਤੀ ਗਈ ਕਿ ਵੱਡੇ ਪੱਧਰ ਤੇ ਜੰਗਲਾਤ ਵਿਭਾਗ ਅਧੀਨ ਰਕਬਾ ਵਧਾਇਆ ਜਾਵੇ।
ਉਹਨਾਂ ਪੱਤਰਾਂ ਤੋਂ ਉਹਨਾਂ ਦੀ ਮਨਸਾ ਇਹ ਸਾਫ ਜਾਹਿਰ ਕਰਦੀ ਹੈ ਕਿ ਪੱਤਰ ਇਕੱਲਾ ਰਕਬਾ ਵਧਾਉਣ ਦੀ ਗੱਲ ਨਹੀਂ ਕਰਦੇ, ਉਸਦੇ ਨਾਲ ਹੀ ਵਿਭਾਗ ਨੂੰ ਪੰਚਾਇਤੀਕਰਨ ਅਤੇ ਨਿੱਜੀਕਰਨ ਵੱਲ ਧੱਕਣ ਦੀ ਗੱਲ ਵੀ ਕਰਦੇ ਹਨ, ਜਿਸ ਕਾਰਨ ਜੰਗਲਾਤ ਕਾਮਿਆਂ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਉਹਨਾਂ ਨੂੰ ਸਪਸ਼ਟ ਚਮਕ ਰਿਹਾ ਹੈ ਕਿ ਜਿਹੜੇ ਇਹ ਵਿਭਾਗੀ ਪੱਤਰ ਹਨ, ਇਹ ਇਹਨਾਂ ਨੂੰ ਛਾਂਟੀ ਵੱਲ ਧੱਕਣਗੇ ਉਹਨਾਂ ਦੇ ਲਗਾਤਾਰ ਚਲਦੇ ਅਰਧ ਰੁਜ਼ਗਾਰ ਨੂੰ ਸੱਟ ਮਾਰਨਗੇ, ਜਿੱਥੇ ਜੰਗਲਾਤ ਵਿਭਾਗ ਦਾ ਕਾਮਾ ਲੰਮੇ ਸਮੇਂ ਤੋਂ ਪੱਕੇ ਹੋਣ ਦੀ ਉਮੀਦ ਲਗਾਈ ਬੈਠਾ ਸੀ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਗਿਆ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਸਾਰੇ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾਵੇਗਾ ਪਰ ਹੁਣ ਉਹ ਕੱਚੇ ਕਾਮੇ ਉਸ ਤੋਂ ਵੀ ਕੱਚੇ ਹੋਣ ਵਾਲੇ ਪਾਸੇ ਜਾ ਰਹੇ ਹਨ। ਕਿਉਂਕਿ ਵਿਭਾਗ ਇਹਨਾਂ ਕਾਮਿਆਂ ਨੂੰ ਆਪਣੇ ਵਿਭਾਗ  ਵਿੱਚ ਰੱਖਣ ਦੀ ਬਜਾਏ ਉਲਟਾ ਮਨਰੇਗਾ ਦੇ ਪੱਲੇ ਪਾਉਣ ਦੀਆਂ ਗੱਲਾਂ ਕਰ ਰਿਹਾ, ਜਿਸ ਨਾਲ ਜਿਥੇ ਇਨ੍ਹਾਂ ਕਾਮਿਆਂ ਦੀ ਪਿਛਲੇ ਸਮਿਆਂ ਦੀ ਸੀਨੀਆਰਤਾ ਵੀ ਪ੍ਰਭਾਵਿਤ ਹੋਵੇਗੀ ਸਾਰਾ ਸਾਲ ਮਿਲਦੇ ਰੁਜ਼ਗਾਰ ਤੇ ਵੀ ਪ੍ਸਨ ਚਿੰਨ ਲੱਗੇਗਾ, ਉਥੇ ਹੀ ਉਹਨਾਂ ਹਜ਼ਾਰਾਂ ਲੋਕਾਂ ਦੇ ਰੁਜ਼ਗਾਰ ਤੇ ਸੱਟ ਵੱਜੇਗੀ ਜਿਹੜੇ ਆਏ ਸਾਲ ਮਨਰੇਗਾ ਦੇ ਵਿੱਚ 100 ਦਿਨ ਜਾਂ 50 ਦਿਨ ਦਿਹਾੜੀ ਕਰਕੇ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਹਨ।
ਇਹਨਾਂ ਕਾਮਿਆਂ ਦੀ ਹਮਾਇਤ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਪ੍ਧਾਨ ਸਤੀਸ ਰਾਣਾ ਦਰਸ਼ਨ ਬੇਲੂ ਮਾਜਰਾ ,ਮਨਜੀਤ ਸੈਣੀ ਤੇ ਮੱਖਣ ਸਿੰਘ ਵਾਹਿਦਪੁਰੀ ਨੇ ਕਿਹਾ ਕੀ ਦੂਸਰੇ ਵਿਭਾਗਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਰਜ਼ ਤੇ ਜੰਗਲਾਤ ਵਿਭਾਗ ਵੀ ਉਸ ਪਾਸੇ ਨੂੰ ਸਾਬਤ ਕਦਮ ਪੁੱਟ ਰਿਹਾ ਹੈ, ਕਿਉਂਕਿ ਪਿਛਲੇ ਸਮੇਂ ਵਿੱਚ ਸਰਕਾਰ ਵੱਲੋਂ ਜਿੱਥੇ ਬਿਜਲੀ, ਸੜਕਾਂ ਤੇ ਪਾਣੀ ਨਿੱਜੀ ਹੱਥਾਂ ਵਿੱਚ ਦਿੱਤਾ ਗਿਆ, ਉਸੇ ਤਰ੍ਹਾਂ ਹੁਣ ਜਿਹੜੇ ਚਿੱਠੀ ਪੱਤਰ ਨੇ ਇਹ ਸਪਸ਼ਟ ਕਰਦੇ ਹਨ ਕਿ ਵਿਭਾਗ ਨੂੰ ਹੌਲੀ ਹੌਲੀ ਪੰਚਾਇਤੀ ਕਰਨ ਤੇ ਉਸ ਤੋਂ ਬਾਅਦ ਨਿੱਜੀ ਹੱਥਾਂ ਵੱਲ ਧੱਕਿਆ ਜਾ ਰਿਹਾ ਹੈ। ਇਸ ਨੂੰ ਪੰਜਾਬ ਦੇ ਲੋਕ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਨਗੇ, ਉਹ ਇਸਦਾ ਡੱਟ ਕੇ ਵਿਰੋਧ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੇਸ਼ਨ ਇਹਨਾਂ ਜੰਗਲਾਤ ਕਾਮਿਆਂ ਦੀ ਡਟ ਕੇ ਹਮਾਇਤ ਕਰੇਗੀ।
ਜੇਕਰ ਸਰਕਾਰ ਨੇ ਇਨਾ ਕਾਮਿਆਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੀਆ ਲੋਕ ਸਭਾ ਚੋਣਾਂ ਦੇ ਵਿੱਚ ਸਰਕਾਰ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ, ਸਤਨਾਮ ਸਿੰਘ ਸੰਗਰੂਰ, ਰਵੀਕਾਂਤ ਰੋਪੜ, ਮਲਕੀਤ ਮੁਕਤਸਰ, ਸੁਲੱਖਣ ਸਿੰਘ, ਰਣਜੀਤ ਸਿੰਘ ਗੁਰਦਾਸਪੁਰ, ਸ਼ੇਰ ਸਿੰਘ ਸਰਹਿੰਦ, ਜਗਤਾਰ ਸਿੰਘ ਸਾਹਪੁਰ, ਬੋਘ ਸਿੰਘ ਮਾਨਸਾ ਅਤੇ ਸੁਖਦੇਵ ਸਿੰਘ ਜਲੰਧਰ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਆਗੂ ਵੱਡੀ ਗਿਣਤੀ ਵਿੱਚ ਪੁੱਜੇ, ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਜਿੱਥੇ ਉਹ 22 ਅਤੇ 23 ਤਰੀਕ ਨੂੰ ਆਪਣੇ ਵਣ ਮੰਡਲਾਂ ਅੱਗੇ ਸਰਕਾਰ ਦੇ ਇਸ ਮੁਲਾਜ਼ਮ ਵਿਰੋਧੀ ਪੱਤਰਾਂ ਦਾ ਵਿਰੋਧ ਕਰਨਗੇ, ਉੱਥੇ 25 ਤਰੀਕ ਨੂੰ ਆਪਣੇ ਹਜ਼ਾਰਾਂ ਸਾਥੀਆਂ ਨਾਲ ਵਹੀਰਾ ਘੱਤ ਕੇ ਜੰਗਲਾਤ ਮੰਤਰੀ ਦੇ ਹਲਕਾ ਭੋਆ ਵਿੱਚ ਪਹੁੰਚਣਗੇ ਤੇ ਆਪਣਾ ਵਿਰੋਧ ਜਤਾਉਣਗੇ।

Leave a Reply

Your email address will not be published. Required fields are marked *