ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਦੀ ਅਪਰੈਲ ਮਹੀਨੇ ਦੀ ਮਾਸਿਕ- ਇਕੱਤਰਤਾ ਪ੍ਰਸਿੱਧ ਪੰਜਾਬੀ ਸ਼ਾਇਰ ਮਿੰਦਰ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਲਾਇਬ੍ਰੇਰੀ ਵਿਖੇ ਹੋਈ ਇਕੱਤਰਤਾ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਪਰੈਲ:
ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਦੀ ਅਪਰੈਲ ਮਹੀਨੇ ਦੀ ਮਾਸਿਕ-ਇਕੱਤਰਤਾ ਪ੍ਰਸਿੱਧ ਪੰਜਾਬੀ ਸ਼ਾਇਰ ਮਿੰਦਰ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਲਾਇਬ੍ਰੇਰੀ, ਸੈਕਟਰ 69 , ਮੁਹਾਲੀ ਵਿਖੇ ਹੋਈ। ਵਿਸਾਖੀ ਦੇ ਖੁਸ਼ਹਾਲੀ ਭਰੇ ਤਿਉਹਾਰ ਨੂੰ ਸਮਰਪਿਤ ਪੰਜਾਬੀ ਕਵੀਆਂ ਦਾ ਇਹ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ।


ਪ੍ਰਧਾਨਗੀ ਮੰਡਲ ਵਿੱਚ ਉਸਤਾਦ ਗਜ਼ਲਗੋ ਸ਼੍ਰੀ ਸਿਰੀ ਰਾਮ ਅਰਸ਼, ਡਾ ਦੀਪਕ ਮਨਮੋਹਨ ਸਿੰਘ, ਡਾ ਸ਼ਿੰਦਰ ਪਾਲ ਸਿੰਘ ਬਿਰਾਜਮਾਨ ਸਨ। ਪੰਜਾਬੀ ਜਨ-ਜੀਵਨ ਅਤੇ ਸਭਿਆਚਾਰ ਵਿੱਚ ਵਿਸਾਖੀ ਦਾ ਤਿਉਹਾਰ ਅੰਨਦਾਣੇ ਦੀਆਂ ਬਰਕਤਾਂ ਲੈ ਕੇ ਆਉਂਦਾ ਹੈ। ਸਾਲ ਭਰ ਦੀ ਸਖਤ ਮਿਹਨਤ ਦਾ ਫਲ ਇਸ ਮਹੀਨੇ ਵਿੱਚ ਪ੍ਰਾਪਤ ਹੁੰਦਾ ਹੈ। ਧਾਰਮਿਕ ਸਥਾਨਾਂ, ਕਸਬਿਆਂ ਦਰਿਆਵਾਂ ਕਿਨਾਰੇ ਵਿਸਾਖੀ ਦਾ ਮੇਲਾ ਭਰਦਾ ਹੈ। ਲੋਕ ਖੁਸ਼ੀ ਵਿੱਚ ਖੀਵੇ ਹੋਏ ਨੱਚਦੇ ਗਾਉਂਦੇ ਹਨ। ਘਰਾਂ ਵਿੱਚ ਬਰਕਤ ਅਤੇ ਰਹਿਮਤ ਦਾ ਆਗਮਨ ਹੁੰਦਾ ਹੈ।
ਕਵੀ ਦਰਬਾਰ ਦੇ ਆਰੰਭ ਵਿੱਚ ਸ਼੍ਰੀ ਭੁਪਿੰਦਰ ਸਿੰਘ ਮਟੌਰਵਾਲਾ ਅਤੇ ਸ਼੍ਰੀ ਹਰਿੰਦਰ ਹਰ ਦੀ ਜੌੜੀ ਨੇ ਖਾਲਸੇ ਦੀ ਵਾਰ ਗਾ ਕੇ ਖੁਸ਼ ਰੰਗ ਬੰਨ੍ਹਿਆ। ਉਸ ਤੋਂ ਪਿੱਛੋਂ ਸ਼੍ਰੀ ਸਿਰੀ ਰਾਮ ਅਰਸ਼, ਸ਼੍ਰੀ ਬਲਵਿੰਦਰ ਢਿੱਲੋਂ, ਸ਼੍ਰੀ ਗੁਰਿੰਦਰ ਬਰਾੜ, ਸ਼੍ਰੀ ਪੰਨਾ ਲਾਲ ਮੁਸਤਫਾਬਾਦ, ਸ਼੍ਰੀ ਗੁਰਦਰਸ਼ਨ ਸਿੰਘ ਮਾਵੀ, ਸ਼੍ਰੀ ਸ਼ੁਸੀਲ ਦੁਸਾਂਝ, ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ, ਸ਼੍ਰੀ ਮਲਕੀਤ ਸਿੰਘ ਨਾਗਰਾ, ਸ਼੍ਰੀ ਦਰਸ਼ਨ ਤਿਓਣਾ, ਸ਼੍ਰੀਮਤੀ ਮਨਜੀਤ ਕੌਰ ਮੁਹਾਲੀ, ਪ੍ਰੋ .ਅਵਤਾਰ ਸਿੰਘ, ਸ਼੍ਰੀ ਜਸਬੀਰ ਸਿੰਘ ਡਾਵਰ ਨੇ ਆਪਣੀਆਂ ਵਿਸਾਖੀ ਨੂੰ ਸਮਰਪਿਤ ਕਾਵਿਂ-ਰਚਨਾਵਾਂ ਸੁਣਾਈਆਂ।
ਪ੍ਰਧਾਨਗੀ ਭਾਸ਼ਣ ਵਿੱਚ ਸ਼ਾਇਰ ਮਿੰਦਰ ਨੇ ਖਾਲਸੇ ਦੀ ਸਿਰਜਨਾ ਦੇ ਪ੍ਰਸੰਗ ਵਿੱਚ ਦਸਵੇਂ ਗੁਰੂ ਵਲੋਂ ਸਿੱਖੀ ਦੀ ਸਿਰਜਣਾ ਬਾਰੇ ਵਿਸਥਾਰ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੀ ਤਾਜ਼ਾ ਛਪੀ ਪੰਜਾਬੀ ਕਵਿਤਾਵਾਂ ਦੀ ਪੁਸਤਕ ਵੀ ਰਿਲੀਜ਼ ਕੀਤੀ ਗਈ। ਡਾ. ਦੀਪਕ ਮਨਮੋਹਨ ਸਿੰਘ ਨੇ ਮਿੰਦਰ ਨਾਲ ਇਕੱਠੇ ਐਮ.ਏ (ਪੰਜਾਬੀ) ਕਰਨ ਅਤੇ ਉਨ੍ਹਾਂ ਦੀ ਸਖਸ਼ੀਅਤ ਦੇ ਕਈ ਪਹਿਲੂ ਸਾਝੇ ਕਰਦਿਆਂ ਵਿਸਾਖੀ ਕਵੀ ਦਰਬਾਰ ਦੀ ਸ਼ਲਾਘਾ ਕੀਤੀ। ਡਾ. ਸ਼ਿੰਦਰ ਪਾਲ ਸਿੰਘ ਨੇ ਵੀ ਮਿੰਦਰ ਦੀਆਂ ਕੁਝ ਕਵਿਤਾਵਾਂ ਦਾ ਜ਼ਿਕਰ ਕੀਤਾ ਅਤੇ ਅੰਤ ਵਿੱਚ ਸਭਾ ਵਿੱਚ ਸ਼ਾਮਲ ਅਦੀਬਾਂ ਦਾ ਵੀ ਧੰਨਵਾਦ ਕੀਤਾ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ

