www.sursaanjh.com > ਚੰਡੀਗੜ੍ਹ/ਹਰਿਆਣਾ > ਸਿਸਵਾਂ ਵਿੱਚ ਅਕਸਰ ਲੱਗਣ ਲੱਗੇ ਜਾਮ

ਸਿਸਵਾਂ ਵਿੱਚ ਅਕਸਰ ਲੱਗਣ ਲੱਗੇ ਜਾਮ

ਸਿਸਵਾਂ ਵਿੱਚ ਅਕਸਰ ਲੱਗਣ ਲੱਗੇ ਜਾਮ
ਚੰਡੀਗੜ੍ਹ 8 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬੀਤੇ ਦਿਨੀ ਕੁਰਾਲੀ ਤੋਂ ਬੱਦੀ ਰੋਡ ਤੇ ਸਥਿਤ ਪਿੰਡ ਸਿਸਵਾਂ ਵਿਖੇ ਇੱਕ ਕੈਮੀਕਲ ਨਾਲ ਭਰਿਆ ਟੈਂਕਰ ਰਾਤ ਵੇਲੇ ਚੜ੍ਹਾਈ ਉਤੋਂ ਪਿੱਛੇ ਮੁੜ ਆਇਆ ਅਤੇ ਉਸ ਕਾਰਨ ਰਾਹਗੀਰਾਂ ਨੂੰ ਜਾਮ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏਐੱਸਆਈ ਜਗੀਰ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਨੇ ਦੱਸਿਆ ਕਿ ਰਾਤੀਂ ਇੱਕ ਕੈਮੀਕਲ ਨਾਲ ਭਰੇ ਟੈਂਕਰ ਦੇ ਚੜ੍ਹਾਈ ਨਾ ਚੜ੍ਹਨ ਕਾਰਨ ਉਸ ਵਿੱਚ ਤੇਲ ਵਰਗਾ ਕੈਮੀਕਲ ਟੈਂਕਰ ਦੇ ਪਿੱਛੋਂ  ਲੀਕ ਕਰਨਾ ਸ਼ੁਰੂ ਹੋ ਗਿਆ, ਜਿਸ ਕਾਰਨ ਪੂਰੀ ਸੜਕ ਤੇ ਵੀ ਚਿਕਨਾਹਟ ਹੋ ਜਾਣ ਕਾਰਨ ਹੋਰਨਾਂ ਵਾਹਨਾਂ ਨੂੰ ਵੀ ਸੜਕ ਤੇ ਚੱਲਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਦੱਸਿਆ ਕਿ ਗੱਡੀਆਂ ਸਲਿਪਿੰਗ ਕਰ ਰਹੀਆਂ ਸਨ। ਸਾਰੀ ਰਾਤ ਕਈ ਵਾਰ ਜਾਮ ਲੱਗਾ ਤਾਂ ਕਈ ਵਾਰ ਜਾਮ ਖੁਲ੍ਹਵਾਇਆ ਗਿਆ, ਪਰ ਸਵੇਰ ਹੁੰਦਿਆਂ ਹੀ ਇੱਕ ਹੈਡਰਾ ਮੰਗਵਾ ਕੇ ਇਸ ਟੈਂਕਰ ਨੂੰ ਸਾਈਡ ਕੀਤਾ ਗਿਆ ਤੇ ਜੇਸੀਬੀ ਤੇ ਇੱਕ ਟਰੈਕਟਰ ਨਾਲ ਟੋਚਨ ਪਾ ਕੇ ਫਿਰ ਇਹ ਚੜ੍ਹਾਈ ਚੜਾਇਆ ਗਿਆ। ਇਸ ਤੋਂ ਇਲਾਵਾ ਜੇਸੀਬੀ ਅਤੇ ਟਰੈਕਟਰ ਟਰਾਲੀ ਦੀ ਮਦਦ ਨਾਲ ਸੜਕ ਤੇ ਹੋਈ ਚਿਕਨਾਹਟ ਨੂੰ ਦੂਰ ਕਰਨ ਲਈ ਸੜਕ ਤੇ ਮਿੱਟੀ ਪਾਈ ਗਈ ਅਤੇ ਇਸ ਤੋਂ ਬਾਅਦ ਆਵਾਜਾਈ ਬਹਾਲ ਕੀਤੀ ਗਈ। ਉਨ੍ਹਾਂ ਇਸ ਰੋਡ ਤੋਂ ਲੰਘਣ ਵਾਲੇ ਭਾਰੀ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਸਮੇਂ ਆਪਣੇ ਵਾਹਨ ਚੈੱਕ ਕਰ ਕੇ ਚੱਲਣ ਤਾਂ ਜੋ ਉਨ੍ਹਾਂ ਦੇ ਨਾਲ ਨਾਲ ਹੋਰ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦਾ ਸਮੂਹ ਸਟਾਫ਼ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਵੀ ਹਾਜ਼ਰ ਸੀ।

Leave a Reply

Your email address will not be published. Required fields are marked *