ਸੁਭਾਸ ਸ਼ਰਮਾ ਨੂੰ ਜਿਤਾਉਣਾ ਸਾਡਾ ਫਰਜ : ਜੈਮਲ ਮਾਜਰੀ
ਚੰਡੀਗੜ੍ਹ 10 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਕੇਂਦਰ ਸਰਕਾਰ ਦੀਆਂ ਨੀਤੀਆਂ ਨਾਲ ਸਾਰਾ ਦੇਸ਼ ਖੁਸ਼ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਵਿੱਚ ਵੱਡੇ ਮੀਲ ਪੱਥਰ ਸਥਾਪਿਤ ਕੀਤੇ ਹਨ ਅਤੇ ਆਉਂਦੀਆਂ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਮੁੜ ਬਣਨ ਜਾ ਰਹੀ ਹੈ ਅਤੇ ਲੋਕ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਸੁਭਾਸ਼ ਸ਼ਰਮਾ ਨੂੰ ਜਿਤਾਉਣਾ ਸਾਡਾ ਫਰਜ਼ ਬਣਦਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਰਾਣਾ ਜੈਮਲ ਸਿੰਘ ਮਾਜਰੀ ਨੇ ਗੱਲਬਾਤ ਕਰਦਿਆਂ ਕੀਤਾ ਹੈ।
ਜੈਮਲ ਮਾਜਰੀ ਨੇ ਕਿਹਾ ਹੈ ਕਿ ਧਾਰਮਿਕ ਹਲਕਾ ਸ੍ਰੀ ਅਨੰਦਪੁਰ ਸਾਹਿਬ ਜੋ ਨੌ ਵਿਧਾਨ ਸਭਾ ਹਲਕਿਆਂ ਨੂੰ ਮਿਲਾ ਕੇ ਬਣਦਾ ਹੈ, ਇਸ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਦਾ ਵੋਟ ਬੈਂਕ ਹੈ। ਇਸ ਆਗੂ ਨੇ ਕਿਹਾ ਕਿ ਪਿੰਡਾਂ ਵਿੱਚ ਵੀ ਲੋਕ ਭਾਜਪਾ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹਨ, ਜਿਸ ਦੇ ਚਲਦਿਆਂ ਲੋਕ ਭਾਜਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਮੁੜ ਮੋਦੀ ਸਰਕਾਰ ਸੱਤਾ ਵਿੱਚ ਲੈ ਕੇ ਆਉਣਗੇ।
ਰਾਣਾ ਮਾਜਰੀ ਅਨੁਸਾਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਵੱਡੇ ਵੱਡੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ, ਜਿਸ ਵਿੱਚ ਇੱਕ ਵੱਡਾ ਵਾਅਦਾ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣਾ ਵੀ ਸ਼ਾਮਿਲ ਹੈ। ਇਹਨਾਂ ਨੇ ਕਿਹਾ ਕਿ ਲੋਕਾਂ ਨੂੰ ਲੱਗਦਾ ਸੀ ਕਿ ਵੱਡੇ ਬਹੁਮਤ ਨਾਲ ਜਿੱਤੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਦਲਾਅ ਲੈ ਕੇ ਆਵੇਗੀ, ਪਰ ਇਹ ਗੱਲਾਂ ਅਖਬਾਰ ਅਤੇ ਟੀਵੀ ਦੇ ਬਿਆਨ ਬਣ ਕੇ ਹੀ ਰਹਿ ਗਏ ਹਨ।
ਜੈਮਲ ਮਾਜਰੀ ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ 13 ਦੇ 13 ਉਮੀਦਵਾਰ ਭਾਜਪਾ ਦੇ ਹੀ ਜਿੱਤਣਗੇ, ਜੋ ਤਸਵੀਰ ਬਿਲਕੁਲ ਸਾਫ ਹੈ। ਇਹਨਾਂ ਕਿਹਾ ਕਿ ਖਾਸ ਕਰਕੇ ਨੌਜਵਾਨ ਨੂੰ ਚਾਹੀਦਾ ਹੈ ਕਿ ਉਹ ਪਾਰਟੀ ਨਾਲ ਜੁੜ ਕੇ ਪਾਰਟੀ ਦੀਆਂ ਨੀਤੀਆਂ ਨੂੰ ਸਮਝਣ ਅਤੇ ਪਾਰਟੀ ਨੂੰ ਵੋਟਾਂ ਪਾ ਕੇ ਆਪਣਾ ਫਰਜ਼ ਪਛਾਣਨ। ਇਹਨਾਂ ਕਿਹਾ ਕਿ ਅਸੀਂ ਪਾਰਟੀ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਹਲਕੇ ਨੂੰ ਸੁਭਾਸ਼ ਸ਼ਰਮਾ ਵਰਗੇ ਇਮਾਨਦਾਰ ਤੇ ਸੂਝਵਾਨ ਉਮੀਦਵਾਰ ਦਿੱਤੇ ਹਨ ਅਤੇ ਇਹ ਕੱਲ੍ਹ ਨੂੰ ਦਿੱਲੀ ਜਾ ਕੇ ਸਾਡੇ ਪਛੜੇ ਇਲਾਕੇ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਣਗੇ।

