ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ: ਮਾਲਵਿੰਦਰ ਸਿੰਘ ਕੰਗ
ਖਿਜ਼ਰਾਬਾਦ ਦੀ ਕਾਂਗਰਸੀ ਸਰਪੰਚ ਆਪ ਚ ਸ਼ਾਮਲ 
ਚੰਡੀਗੜ੍ਹ 25 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਆਮ ਆਦਮੀ ਪਾਰਟੀ ਦੇ ਹਲਕਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਅੱਜ ਖਿਜ਼ਾਰਾਬਾਦ ਵਿਖੇ ਭਰਵੀਂ ਚੋਣ ਮੀਟਿੰਗ ਸਰਪੰਚ ਗੁਰਿੰਦਰ ਸਿੰਘ ਅਤੇ ਰਾਣਾ ਕੁਸ਼ਲਪਾਲ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਆਗੂਆਂ ਨੇ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਅਤੇ ਲੋਕਤੰਤਰ ਬਚਾਉਣ ਲਈ ਵੋਟਾਂ ਮੰਗੀਆਂ।
ਮਹਾਰਾਣਾ ਆਸਰਾ ਧਰਮਸ਼ਾਲਾ ਵਿਖੇ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਮੁੱਚੇ ਦੇਸ਼ ਦੇ ਲੋਕ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਰਾਹੀਂ ਹੀ ਦੇਸ਼ ਵਾਸੀ ਭਾਜਪਾ ਦਾ ਹੰਕਾਰ ਤੋੜਨਗੇ। ਉਨ੍ਹਾਂ ਕਿਹਾ ਕਿ ਭਾਜਪਾ ਆਮ ਲੋਕਾਂ ਨੂੰ ਭੁਲਾ ਕੇ ਕਾਰਪੋਰੇਟ ਘਰਾਣਿਆਂ ਲਈ ਕੰਮ ਕਰਨ ਵਾਲੀ ਸਰਕਾਰ ਹੈ ਜਿਸਨੂੰ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ ਹੈ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਰਾਣਾ ਕੁਸ਼ਲਪਾਲ ਦੇ ‘ਆਪ’ ਵਿੱਚ ਸ਼ਾਮਿਲ ਹੋਣ ਸਬੰਧੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਮਾਨਦਾਰ ਤੇ ਜ਼ੁਰਅਤ ਵਾਲੇ ਆਗੂਆਂ ਨੂੰ ਪਸੰਦ ਕਰਦੀ ਹੈ, ਜੋ ਲੋਕਾਂ ਦੀ ਲੜਾਈ ਲੜ ਸਕਣ। ਉਨ੍ਹਾਂ ਕਿਹਾ ਕਿ ਸੱਚੇ – ਸੁੱਚੇ ਆਗੂਆਂ ਲਈ ਉਨ੍ਹਾਂ ਦੀ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁਲ੍ਹੇ ਹਨ। ਉਨ੍ਹਾਂ ਪਿੰਡ ਦੇ ਵਿਕਾਸ ਵਿੱਚ ਕੋਈ ਕਮੀ ਨਾ ਆਉਣ ਦੇਣ ਅਤੇ ਪਿੰਡ ਦੀਆਂ ਮੰਗਾਂ ਪਹਿਲ ਦੇ ਆਧਾਰ ‘ਤੇ ਪੂਰੀਆਂ ਕਰਨ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਮਤੀ ਮੈਂਬਰ ਸੰਦੀਪ ਕੌਰ, ਚੇਅਰਮੈਨ ਹਰੀਸ਼ ਰਾਣਾ, ਕੌਂਸਲਰ ਬਹਾਦਰ ਸਿੰਘ ਓਕੇ, ਪਰਦੀਪ ਰੂੜਾ, ਖੁਸ਼ਬੀਰ ਸਿੰਘ ਹੈਪੀ,ਸਤਨਾਮ ਸਿੰਘ, ਅਮਾਮ ਦੀਨ, ਜੀਵਨ ਕੁਮਾਰ, ਸ਼ੇਰ ਖਾਂ, ਬਲਵੀਰ ਸਿੰਘ ਮੰਗੀ, ਬਲਾਕ ਪ੍ਰਧਾਨ ਨਵਦੀਪ ਸਿੰਘ ਸੈਣੀ ਅਤੇ ਹੋਰ ਵੀ ਹਾਜ਼ਰ ਸਨ। ਇਸੇ ਮੀਟਿੰਗ ਦੌਰਾਨ ਖਿਜ਼ਰਾਬਾਦ ਦੀ ਕਾਂਗਰਸੀ ਸਰਪੰਚ ਜਸਵੀਰ ਕੌਰ ‘ਆਪ’ ਵਿੱਚ ਸ਼ਾਮਿਲ ਹੋਏ। ਅਨਮੋਲ ਗਗਨ ਮਾਨ ਤੇ ਮਾਲਵਿੰਦਰ ਸਿੰਘ ਕੰਗ ਨੇ ਜਸਵੀਰ ਕੌਰ ਤੇ ਬਿੱਟੂ ਰਾਣਾ ਮਾਜਰੀ ਦਾ ਪਾਰਟੀ ਵਿੱਚ ਸਵਾਗਤ ਕੀਤਾ ਹੈ।