ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਮਈ ਮਹੀਨੇ ਦੀ ਮਾਸਿਕ ਇਕੱਤਰਤਾ ਵਿੱਚ ਸਦਾ ਲਈ ਵਿਛੜੇ ਡਾ ਸੁਰਜੀਤ ਪਾਤਰ, ਕਵੀ ਅਜਮੇਰ ਸਾਗਰ, ਬੀਬੀ ਸੁਰਜੀਤ ਕੌਰ ਬੈਂਸ ਦੇ ਪਤੀ ਅਤੇ ਜਸਪਾਲ ਦੇਸੂਵੀ ਦੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 27 ਮਈ:


ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਮਈ ਮਹੀਨੇ ਦੀ ਮਾਸਿਕ ਇਕੱਤਰਤਾ ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸੰਪੂਰਨ ਹੋਈ। ਪਿਛਲੇ ਦਿਨਾਂ ਵਿੱਚ ਸਾਡੇ ਤੋਂ ਸਦਾ ਲਈ ਵਿਛੜੇ ਸੱਜਣਾਂ ਡਾ ਸੁਰਜੀਤ ਪਾਤਰ , ਕਵੀ ਅਜਮੇਰ ਸਾਗਰ, ਬੀਬੀ ਸੁਰਜੀਤ ਕੌਰ ਬੈਂਸ ਦੇ ਪਤੀ ਅਤੇ ਜਸਪਾਲ ਦੇਸੂਵੀ ਦੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਡਾ ਸੁਰਜੀਤ ਪਾਤਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਭਾ ਦੇ ਸਰਪ੍ਰਸਤ ਡਾ ਦੀਪਕ ਮਨਮੋਹਨ ਸਿੰਘ ਨੇ ਪਾਤਰ ਜੀ ਦੀ ਸਖਸ਼ੀਅਤ, ਕਾਵਿ-ਪ੍ਰਵਚਨ ਅਤੇ ਉਨ੍ਹਾਂ ਨਾਲ ਬਿਤਾਏ ਸਮੇਂ ਦੀਆਂ ਨਿੱਘੀਆਂ ਯਾਦਾਂ ਨੂੰ ਸਾਝਾਂ ਕੀਤਾ। ਪਾਤਰ ਜੀ ਦਾ ਲੋਕਾਂ ਵਿੱਚ ਪਿਆਰ, ਸ਼ਰਧਾ ਦੀ ਹੱਦ ਨੂੰ ਪਾਰ ਕਰ ਚੁੱਕਾ ਸੀ। ਵਾਰਿਸ ਤੋਂ ਬਾਅਦ ਸ਼ਿਵ ਬਟਾਲਵੀ, ਪਾਸ਼ ਤੇ ਹੁਣ ਸੁਰਜੀਤ ਪਾਤਰ ‘ਜਨ ਜਨ ਦਾ ਸ਼ਾਇਰ’ ਵਾਲਾ ਮਾਣ ਹਾਸਲ ਕਰ ਚੁੱਕੇ ਹਨ। ਲੋਕ ਉਨ੍ਹਾਂ ਦੇ ਸ਼ਿਅਰ, ਕਾਵਿ ਪ੍ਰਵਚਨ ਆਪਣੇ ਭਾਸ਼ਣਾਂ ਵਿੱਚ ਅਕਸਰ ਕੋਟ ਕਰਦੇ ਹਨ।
ਡਾ ਸਵੈਰਾਜ ਸੰਧੂ ਨੇ ਪਾਤਰ, ਪਾਸ਼ ਤੇ ਅਮਿਤੋਜ ਦੀ ਸਮਕਾਲੀ-ਤਿੱਕੜੀ ਬਾਰੇ ਉਨ੍ਹਾਂ ਦੇ ਕਾਵਿ-ਸਫਰ ਦੀ ਗੱਲ ਕਰਿਦਆਂ ਪਾਤਰ ਦੀ ਕਾਵਿਕ ਵਿਲੱਖਣਤਾ ਬਾਰੇ ਗੱਲ ਕੀਤੀ। ਜਿਵੇਂ ਕਿ ਗੁਰਬਾਣੀ ਵਿੱਚ ਅਤੇ ਖਾਸ ਕਰਕੇ ਨਾਨਕ ਬਾਣੀ ਸਮੁੱਚੇ ਰੂਪ ਵਿੱਚ ਪਾਤਰ-ਕਾਵਿ ਵਿੱਚ ਜੜੀ ਹੋਈ ਹੈ।
ਇਸ ਉਪਰੰਤ ਹਾਜ਼ਰ ਕਵੀਆਂ ਨੇ ਸਰਵਸ੍ਰੀ ਭੁਪਿੰਦਰ ਸਿੰਘ ਮਟੌਰਵਾਲਾ, ਦਰਸ਼ਨ ਤਿਓਣਾ, ਅਮਰਜੀਤ ਸਿੰਘ ਸੁਖਗੜ, ਸੁਖਵੀਰ ਸਿੰਘ ਨਾਮਧਾਰੀ, ਬੇਅੰਤ ਸਿੰਘ ਲਾਲੜੂ, ਡਾ ਪੰਨਾ ਲਾਲ ਮੁਸਤਫਾਬਾਦ ਅਤੇ ਉਨ੍ਹਾਂ ਦੀ ਦੋਹਤੀ ਬੇਬੀ ਹਰਦਿਆ ਨੇ ਆਪਣਾ ਆਪਣਾ ਕਲਾਮ ਪੇਸ਼ ਕੀਤਾ।
ਪ੍ਰਧਾਨਗੀ ਭਾਸ਼ਣ ਵਿੱਚ ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ ਨੇ ਪਾਤਰ ਜੀ ਨਾਲ ਯਾਦਾਂ ਸਾਂਝੀਆਂ ਕਰਦਿਆਂ ਪੜ੍ਹੀਆਂ ਹੋਈਆਂ ਰਚਨਾਵਾਂ ਦੀ ਤਾਰੀਫ ਕੀਤੀ।
ਅੰਤ ਵਿੱਚ ਸਭਾ ਦੇ ਪ੍ਰਧਾਨ ਡਾ ਸ਼ਿੰਦਰਪਾਲ ਸਿੰਘ ਨੇ ਪਾਤਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤਿ ਦੀ ਗਰਮੀ ਵਿੱਚ ਆਏ ਸਭ ਅਦੀਬਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ, ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ।

