ਜੰਗਲ ਵਿੱਚੋਂ ਕੀਮਤੀ ਲੱਕੜ ਕੱਟਣ ਦਾ ਮਾਮਲਾ ਫਿਰ ਆਇਆ ਸਾਹਮਣੇ
ਚੰਡੀਗੜ੍ਹ 30 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਵਸੇ ਪਿੰਡਾਂ ਦੀ ਖੂਬਸੂਰਤੀ ਨੂੰ ਵਧਾਉਣ ਵਿੱਚ ਜਿੱਥੇ ਹਰੇ ਭਰੇ ਜੰਗਲ ਸਹਾਈ ਹੋ ਰਹੇ ਹਨ, ਉੱਥੇ ਹੀ ਜੰਗਲਾਤ ਦੇ ਕੁਝ ਭ੍ਰਿਸ਼ਟ ਅਫਸਰਾਂ ਦੀ ਬਦੌਲਤ ਅਤੇ ਲੱਕੜ ਮਾਫੀਆ ਦੀ ਭੁੱਖ ਕਾਰਨ ਜੰਗਲਾਂ ਨੂੰ ਉਜਾੜਿਆ ਜਾ ਰਿਹਾ ਹੈ। ਸਮੇਂ ਸਮੇਂ ‘ਤੇ ਖਬਰਾਂ ਸਾਹਮਣੇ ਨਿਕਲ ਕੇ ਆਉਂਦੀਆਂ ਹਨ ਕਿ ਰਾਜਧਾਨੀ ਦੇ ਨੇੜੇ ਹਰੇ ਭਰੇ ਜੰਗਲਾਂ ਚੋਂ ਅਕਸਰ ਚੋਰ ਖੈਰ ਦੀ ਕੀਮਤੀ ਲੱਕੜ ਕੱਟ ਕੇ ਲੈ ਜਾਂਦੇ ਹਨ ਤੇ ਅਧਿਕਾਰੀ ਲਿਪਾ-ਪੋਚੀ ਕਰਦੇ ਰਹਿੰਦੇ ਹਨ।
ਨਵਾਂ ਮਾਮਲਾ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਗਰੀਬਦਾਸ ਤੋਂ ਸਾਹਮਣੇ ਆਇਆ ਹੈ, ਜਿੱਥੇ ਆਈਪੀਐਸ ਕਲੋਨੀ ਦੇ ਨਾਲ ਜੰਗਲ ਵਿੱਚੋ ਤਿੰਨ ਦਰਜਨ ਖੈਰ ਦੇ ਕੀਮਤੀ ਲੱਕੜ ਕੱਟੇ ਜਾਣ ਬਾਰੇ ਪਤਾ ਲੱਗਿਆ ਹੈ। ਦੱਸ ਦਈਏ ਕਿ ਇਹ ਮਾਮਲਾ ਕੋਈ ਪਹਿਲਾ ਨਹੀਂ ਹੈ, ਕਿਉਂਕਿ ਜੇਕਰ ਸਾਰੇ ਨਹੀਂ ਤਾਂ ਕੁਝ ਅਫਸਰਾਂ ਦੀ ਮਿਲੀ ਭੁਗਤ ਨਾਲ ਇਹ ਚੋਰ ਬਜ਼ਾਰੀ ਚੱਲ ਰਹੀ ਹੈ। ਪਿਛਲੇ ਦਿਨੀ ਪਿੰਡ ਤਾਰਾਪੁਰ ਦੇ ਜੰਗਲ ਵਿੱਚੋਂ ਵੀ ਲੱਕੜ ਕੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਹ ਨਵਾਂ ਮਾਮਲਾ ਫਿਰ ਚਰਚਾ ਦੇ ਵਿੱਚ ਹੈ।
ਦੱਸ ਦਈਏ ਕਿ ਜੰਗਲਾਤ ਵਿਭਾਗ ਵੱਲੋਂ ਵੱਡੀ ਪੱਧਰ ਤੇ ਅਲੱਗ ਅਲੱਗ ਅਫਸਰ ਅਤੇ ਮੁਲਾਜ਼ਮ ਨਿਯੁਕਤ ਕੀਤੇ ਗਏ ਹਨ ਜੋ ਲੱਕੜ ਚੋਰੀ ਹੋਣ ਤੋਂ ਰੋਕ ਸਕਣ, ਪਰ ਫਿਰ ਵੀ ਇਹਨਾਂ ਸਾਰਿਆਂ ਦੇ ਨੱਕ ਥੱਲੇ ਤੋਂ ਲੱਕੜ ਮਾਫੀਆ ਖੈਰ ਦੀ ਕੀਮਤੀ ਲੱਕੜ ਦਿਨ ਦਿਹਾੜੇ ਵੱਢ ਲੈ ਜਾਂਦਾ ਹੈ। ਇਸ ਸਬੰਧੀ ਜਿਲਾ ਵਣ ਮੰਡਲ ਅਫਸਰ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਹੈ ਅਤੇ ਜਿਵੇਂ ਹੀ ਮੈਨੂੰ ਇਸ ਬਾਰੇ ਪਤਾ ਲੱਗਿਆ ਤਾਂ ਮੈਂ ਆਪ ਜਾ ਕੇ ਇਹ ਮਾਮਲਾ ਦੇਖਿਆ ਤੇ ਕੱਟੇ ਦਰਖਤਾਂ ਦੀ ਗਿਣਤੀ ਕੀਤੀ ਗਈ ਜੋ 34 ਬਣਦੀ ਹੈ। ਇਹਨਾਂ ਦੱਸਿਆ ਕਿ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ, ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਨਾ ਹੋਵੇ ਇਸ ਬਾਰੇ ਵੀ ਧਿਆਨ ਰੱਖਿਆ ਜਾਵੇਗਾ।
ਦੱਸ ਦਈਏ ਕਿ ਪਹਿਲੇ ਜ਼ਿਲਾ ਵਣ ਮੰਡਲ ਅਫਸਰ ਬਿਮਾਰ ਹੋਣ ਕਰਕੇ ਨਵੇਂ ਅਫਸਰ ਚਰਨਜੀਤ ਸਿੰਘ ਹੁਣ ਜਿਲਾ ਮੋਹਾਲੀ ਦਾ ਕੰਮ ਦੇਖਣਗੇ। ਇਥੇ ਇਹਨਾਂ ਦੀ ਤਾਰੀਫ ਕਰਨੀ ਵੀ ਬਣਦੀ ਹੈ ਕਿ ਜਿਵੇਂ ਹੀ ਇਹਨਾਂ ਨੂੰ ਇਸ ਕੱਟੀ ਲੱਕੜ ਬਾਰੇ ਪਤਾ ਲੱਗਿਆ ਤਾਂ ਇਹ ਉਸੇ ਸਮੇਂ ਹੀ ਮੌਕੇ ਤੇ ਪਹੁੰਚ ਗਏ ਹਨ, ਜਦਕਿ ਪਹਿਲੇ ਸਮਿਆਂ ਵਿੱਚ ਅਜਿਹਾ ਨਹੀਂ ਹੁੰਦਾ ਸੀ, ਸਗੋਂ ਅਫ਼ਸਰਾਂ – ਮੁਲਾਜਮਾਂ ਵੱਲੋਂ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਇਸ ਮੌਕੇ ਕੁਝ ਸਮਾਜ ਸੇਵੀਆਂ ਨੇ ਕਿਹਾ ਕਿ ਕਹਿਣ ਨੂੰ ਤਾਂ ਜੰਗਲਾਤ ਦੇ ਰੂਲਾਂ ਬਹੁਤ ਸਖਤਾਈ ਵਾਲੇ ਹੁੰਦੇ ਹਨ, ਪਰ ਜੇਕਰ ਕੋਈ ਆਪਣੇ ਘਰ ਵਾਸਤੇ ਇੱਕ ਰੇਹੜਾ ਤੱਕ ਮਿੱਟੀ ਦਾ ਭਰ ਲਵੇ ਜਾਂ ਕੋਈ ਸੁੱਕੀ ਲੱਕੜ ਆਪਣੇ ਘਰ ਨੂੰ ਲੈ ਆਵੇ ਤਾਂ ਜੰਗਲਾਤ ਵਾਲੇ ਉਸੇ ਸਮੇਂ ਹੀ ਕਾਰਵਾਈ ਧਿਆਨ ਵਿੱਚ ਲਿਆਉਂਦੇ ਹਨ, ਪਰ ਕਿੰਨੀ ਹੀ ਨਜਾਇਜ਼ ਲੱਕੜ ਕੱਟੀ ਜਾਵੇ, ਇਹ ਜੰਗਲਾਤ ਦੇ ਅਧਿਕਾਰੀਆਂ ਨੂੰ ਨਹੀਂ ਦਿਸਦਾ ਹੈ।
ਇਸ ਮਾਮਲੇ ਵਿੱਚ ਲੱਕੜ ਕੱਟਣ ਵਾਸਤੇ ਪੈਟਰੋਲ ਵਾਲੇ ਆਰੇ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿੱਚ ਇਸ ਦਾ ਮੁੱਢ ਅਤੇ ਬਾਕੀ ਟਾਹਣੀਆਂ ਉਥੇ ਹੀ ਛੱਡੀਆਂ ਗਈਆਂ ਹਨ ਤੇ ਲਾਲੀ ਵਾਲਾ ਤਣਾ ਗਾਇਬ ਹੈ। ਹੁਣ ਦੇਖਦੇ ਹਾਂ ਕਿ ਨਵੇਂ ਵਣ ਮੰਡਲ ਅਫਸਰ ਕਿਵੇਂ ਕਾਰਵਾਈ ਅਮਲ ਵਿੱਚ ਲਿਆਉਂਦੇ ਹਨ ਅਤੇ ਲੋਕਾਂ ਦਾ ਵਿਸ਼ਵਾਸ਼ ਜਿੱਤਦੇ ਹਨ।