ਸਰਲਤਾ ਤੇ ਸਪੱਸ਼ਟਤਾ, ਗ਼ਜ਼ਲਗੋ ਗਿਆਨ ਸਿੰਘ ਦਰਦੀ ਦੇ ਤਾਜ਼ਾ ਗ਼ਜ਼ਲ ਸੰਗ੍ਰਹਿ “ਸੰਵੇਦਨਾ” ਦੇ ਮੀਰੀ ਗੁਣ ਹਨ/ ਰਾਜ ਕੁਮਾਰ ਸਾਹੋਵਾਲ਼ੀਆ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 12 ਜੂਨ:
ਇਸ ਤੋਂ ਪਹਿਲਾਂ ਕਿ ਗ਼ਜ਼ਲਗੋ ਗਿਆਨ ਸਿੰਘ ਦਰਦੀ ਦੇ ਗ਼ਜ਼ਲ ਸੰਗ੍ਰਹਿ “ਸੰਵੇਦਨਾ” ‘ਤੇ ਗੱਲ ਕੀਤੀ ਜਾਵੇ, ਮੈਂ ਗ਼ਜ਼ਲ ਦੇ ਸਫਰ ‘ਤੇ ਪੰਛੀ ਝਾਤ ਪਾਉਣੀ ਚਾਹਾਂਗਾ। ਪੂਰਵ-ਇਸਲਾਮਿਕ ਅਰਬੀ ਕਾਵਿ-ਰੂਪ ਕਸੀਦਾ, (ਇੱਕ ਲੰਬੀ ਕਵਿਤਾ, ਜਿਸ ਵਿੱਚ 100 ਤੱਕ ਦੋਹੇ ਸ਼ਾਮਿਲ ਹੁੰਦੇ ਸਨ) ਤੋਂ ਗ਼ਜ਼ਲ ਦੀ ਉਤਪਤੀ ਹੋਈ ਮੰਨੀ ਜਾਂਦੀ ਹੈ। ਗ਼ਜ਼ਲ ਸ਼ਬਦ ਅਰਬੀ ਭਾਸ਼ਾ ਦਾ ਹੈ, ਜਿਸ ਦਾ ਅਰਥ ਔਰਤ ਜਾਂ ਪ੍ਰੇਮਿਕਾ ਨਾਲ ਵਾਰਤਾਲਾਪ। ਗ਼ਜ਼ਲ ਦਾ ਉਦੈ ਸੱਤਵੀਂ ਸ਼ਤਾਬਦੀ ਵਿੱਚ ਅਰਬੀ ਭਾਸ਼ਾ ਵਿੱਚ ਹੋਇਆ ਅਤੇ ਇੱਥੋਂ ਹੀ ਗ਼ਜ਼ਲ ਆਪਣੀ ਮਟਕਣੀ ਤੋਰ ਤੁਰਦੀ ਪਹਿਲਾਂ ਫਾਰਸੀ ਫਿਰ ਉਰਦੂ ਅਤੇ ਇਸ ਪਿੱਛੋਂ ਹੋਰ ਭਾਸ਼ਾਵਾਂ ਤੱਕ ਅੱਪੜੀ ਹੈ। ਆਰੰਭਲੇ ਦੌਰ ਵਿੱਚ ਗ਼ਜ਼ਲ ਦਾ ਮੁੱਖ ਵਿਸ਼ਾ ਰੁਮਾਂਸ ਹੀ ਸੀ, ਪਰ ਸਮੇਂ ਦੇ ਕਰਵਟ ਲੈਣ ਨਾਲ ਗ਼ਜ਼ਲ ਦਾ ਦਾਇਰਾ ਵਸੀਹ ਹੋਇਆ। ਭਾਵ ਗ਼ਜ਼ਲ ਇਸ਼ਕ-ਮਾਸ਼ੂਕੀ ਦੇ ਦਾਇਰੇ ਵਿੱਚੋਂ ਨਿਕਲ ਕੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਅਜੋਕੇ ਦੌਰ ਵਿੱਚ ਪੁੱਜੀ ਹੈ। ਅੱਜ ਗ਼ਜ਼ਲ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਵਿਸ਼ਿਆਂ ਨੂੰ ਵੀ ਕਲਾਵੇ ਵਿੱਚ ਲੈ ਕੇ ਨਵੇਂ ਪੂਰਨੇ ਪਾ ਰਹੀ ਹੈ। ਮੋਟੇ ਤੌਰ ‘ਤੇ ਗ਼ਜ਼ਲ ਦੋ ਕਿਸਮ ਦੀ ਮੰਨੀ ਜਾ ਸਕਦੀ ਹੈ। ਪਹਿਲੀ ਕਿਸਮ ਉਨ੍ਹਾਂ ਗ਼ਜ਼ਲਾਂ ਦੀ ਹੋ ਸਕਦੀ ਹੈ, ਜਿਨ੍ਹਾਂ ਵਿੱਚ ਹਰ ਸ਼ੇਅਰ ਆਜ਼ਾਦ ਹੁੰਦਾ ਹੈ, ਭਾਵ ਗ਼ਜ਼ਲ ਦਾ ਕੋਈ ਕੇਂਦਰੀ ਭਾਵ ਨਹੀਂ ਹੁੰਦਾ ਅਤੇ ਵਿਖਮ ਵਿਚਾਰਾਂ ਵਾਲੇ ਸ਼ੇਅਰਾਂ ਦਾ ਸਮੂਹ ਹੀ ਹੁੰਦੀ ਹੈ। ਦੂਸਰੀ ਕਿਸਮ ਵਿੱਚ ਉਹ ਗ਼ਜ਼ਲਾਂ ਰੱਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦਾ ਹਰ ਸ਼ੇਅਰ ਇੱਕ ਕੇਂਦਰੀ ਭਾਵ ਨੂੰ ਸਮਰਪਿਤ ਹੁੰਦਾ ਹੈ।


ਜੇਕਰ ਸ਼ਾਇਰ ਗਿਆਨ ਸਿੰਘ ਦਰਦੀ ਦੀ ਸਾਹਿਤ ਰਚਨਾ ਬਾਰੇ ਗੱਲ ਕਰੀਏ ਤਾਂ ਹੁਣ ਤੱਕ ਉਨ੍ਹਾਂ ਦੇ ਕਾਵਿ ਸੰਗ੍ਰਹਿ ਕੇਸਰ ਦੇ ਫੁੱਲ, ਆਥਣ ਦੀ ਲੋਅ, ਗ਼ਜ਼ਲ ਸੰਗ੍ਰਹਿ ਪੰਧ ਹਯਾਤੀ, ਸ਼ਬਦ ਨਾਦ ਤੇ ਅਕਾਸ਼ ਗੰਗਾ ਪਾਰਖੂਆਂ ਦੇ ਹੱਥਾਂ ਦੀ ਸ਼ੋਭਾ ਬਣ ਚੁੱਕੇ ਹਨ ਅਤੇ ਇਨ੍ਹਾਂ ਪੁਸਤਕਾਂ ਦੀ ਬਦੌਲਤ ਉਨ੍ਹਾਂ ਦੀ ਕਾਵਿ ਕਲਾ/ਲੇਖਣੀ ਪ੍ਰਵਾਨਿਤ ਵੀ ਹੋਈ ਹੈ। ਸਾਹਿਤ ਦੇ ਖੇਤਰ ਵਿੱਚ ਮਿਲੀ ਹੱਲਾਸ਼ੇਰੀ ਉਪਰੰਤ ਜੀਵਨ ਤਜ਼ਰਬਿਆਂ ਨਾਲ ਲਬਰੇਜ਼ ਹੁਣ ਛੇਵੀਂ ਗ਼ਜ਼ਲ ਪੁਸਤਕ “ਸੰਵੇਦਨਾ” ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੀ ਹੈ, ਜਿਸ ਦਾ ਅੱਜ ਲੋਕ ਅਰਪਣ ਹੋਇਆ ਹੈ। ਇਸ ਪੁਸਤਕ ਵਿੱਚ ਸ਼ੁਮਾਰ ਗ਼ਜ਼ਲਾਂ ਨੂੰ ਪੜ੍ਹਨ ‘ਤੇ ਪਤਾ ਲਗਦਾ ਹੈ ਕਿ ਉਨ੍ਹਾਂ ਕੋਲ ਜੀਵਨ ਭਰ ਦੇ ਕੌੜੇ ਕੁਸੈਲ਼ੇ ਤਜ਼ਰਬਿਆਂ ਤੋਂ ਇਲਾਵਾ ਡੂੰਘੀ ਸਮਾਜਿਕ ਸੂਝ ਵੀ ਹੈ ਤੇ ਉਨ੍ਹਾਂ ਨੂੰ ਆਪਣੀ ਗੱਲ ਪਾਠਕਾਂ ਅੱਗੇ ਪਰੋਸਣ ਦਾ ਵਲ ਵੀ ਬਾਖੂਬੀ ਆਉਂਦਾ ਹੈ।
ਸ਼ਾਇਰ ਗਿਆਨ ਸਿੰਘ ਦਰਦੀ ਗ਼ਜ਼ਲ ਸਿਨਫ ਦੀ ਸਿਰਜਣਾ ਲਈ ਸੰਜੀਦਾ ਹੈ ਅਤੇ ਉਸਦੇ ਸ਼ੇਅਰਾਂ ਵਿੱਚ ਸਾਦਗੀ ਵੀ ਵਿਦਮਾਨ ਹੈ। ਸ਼ਾਇਰ ਸਿਆਸਤ ਤੋਂ ਕੋਹਾਂ ਦੂਰ ਹੈ ਤੇ ਫੂੰ ਫਾਂ ਰੱਖਣ ਵਾਲੇ ਲੋਕਾਂ ਨੂੰ ਉੱਕਾ ਹੀ ਪਸੰਦ ਨਹੀਂ ਕਰਦਾ। ਉਸਨੇ ਲੋਕਾਂ ਦੀਆਂ ਲੋੜਾਂ ਤੇ ਥੁੜ੍ਹਾਂ ਨੂੰ ਜ਼ੁਬਾਨ ਦਿੱਤੀ ਹੈ, ਜਿਸ ਕਰਕੇ ਉਹ ਲੋਕਾਂ ਦਾ ਸ਼ਾਇਰ ਹੋ ਨਿੱਬੜਿਆ ਹੈ। ਉਹ ਇਨਸਾਨੀਅਤ ਤੇ ਮੁਹੱਬਤ ਵਿੱਚ ਵਿਸ਼ਵਾਸ ਰੱਖਣ ਨੂੰ ਹੀ ਸਭ ਤੋਂ ਵੱਡਾ ਮਜ਼ਹਬ ਸਮਝਦਾ ਹੈ। ਉਹ ਫੁੱਲਾਂ ਨਾਲ ਕੰਡਿਆਂ ਨੂੰ ਵੀ ਮੁਹੱਬਤ ਕਰਨ ਵਾਲਾ ਪਿਆਰਾ ਤੇ ਨਿਆਰਾ ਸ਼ਾਇਰ ਹੈ। ਗਿਆਨ ਸਿੰਘ ਦਰਦੀ ਸੰਵੇਦਨਸ਼ੀਲ ਕਾਵਿਕ ਮਨ ਵਾਲਾ ਇੱਕ ਚੰਗਾ ਇਨਸਾਨ ਹੈ। ਉਸਦੀ ਸ਼ਾਇਰੀ ਵਿੱਚ ਨਵੀਨਤਾ ਤੇ ਮੌਲਿਕਤਾ ਹੈ। ਉਸਦੀ ਸ਼ਾਇਰੀ ਦਾ ਮੰਤਵ ਮਾਨਵਤਾ ਦਾ ਕਲਿਆਣ ਕਰਨਾ ਹੈ। ਨਿੱਜ ਪੀੜਾ ਤੋਂ ਲੋਕ ਪੀੜਾ ਤੱਕ ਪਹੁੰਚਦੀ ਉਸਦੀ ਸ਼ਾਇਰੀ ਵਿਖਾਈ ਦਿੱਤੀ ਹੈ। ਉਹ ਪਕੇਰੇ ਮਨ ਦਾ ਮਾਲਕ ਹੋਣ ਦੇ ਨਾਲ-ਨਾਲ ਆਤਮ ਵਿਸ਼ਵਾਸ ਨਾਲ ਲਬਰੇਜ਼ ਇਨਸਾਨ ਕਿਹਾ ਜਾ ਸਕਦਾ ਹੈ। ਜਿੱਥੇ ਉਹ ਸਬਰ ਸੰਤੋਖ ਨਾਲ ਰਹਿਣ ਦੀ ਹਾਮੀ ਭਰਨ ਵਾਲਾ ਇਨਸਾਨ ਹੈ, ਉੱਥੇ ਆਫਤਾਂ ਦੇ ਮੂੰਹ ਭੰਨਣ ਦਾ ਹੌਸਲਾ ਵੀ ਰੱਖਦਾ ਹੈ। ਉਸ ਨੇ ਆਸ ਤੇ ਆਤਮ ਵਿਸ਼ਵਾਸ ਦਾ ਪੱਲਾ ਘੁੱਟ ਕੇ ਫੜਿਆ ਹੋਇਆ ਹੈ। ਨਰ ਨਾਰੀ ਨੂੰ ਇੱਕ ਦੂਜੇ ਦੇ ਪੂਰਕ ਮੰਨਣ ਵਾਲਾ ਤੇ ਔਰਤ ਦੀ ਆਸਮਾਨਤਾ ਬਾਰੇ ਰੱਬ ਨੂੰ ਵੀ ਸਵਾਲ ਕਰਨ ਦਾ ਹੌਸਲਾ ਰੱਖਣ ਵਾਲਾ ਨਿਵੇਕਲਾ ਸ਼ਾਇਰ ਹੈ, ਭਾਵ ਔਰਤ ਦੇ ਉਥਾਨ ਦਾ ਹਾਮੀ ਹੈ। ਸਰਲਤਾ ਤੇ ਸਪੱਸ਼ਟਤਾ ਹੱਥਲੇ ਗ਼ਜ਼ਲ ਸੰਗ੍ਰਹਿ “ਸੰਵੇਦਨਾ” ਦੇ ਮੀਰੀ ਗੁਣ ਹਨ। ਕਿਤੇ ਵੀ ਬੌਧਿਕਤਾ ਭਾਰੂ ਪੈਂਦੀ ਦਿਖਾਈ ਨਹੀਂ ਦਿੱਤੀ। ਸ਼ਾਇਰੀ ਪਿੰਗਲ ਤੇ ਅਰੂਜ ਦੀ ਕਸੌਟੀ ‘ਤੇ ਖਰੀ ਉਤਰਦੀ ਨਜ਼ਰੀਂ ਪੈਂਦੀ ਹੈ। ਢੁਕਵੇਂ ਅਲੰਕਾਰ ਅਤੇ ਪ੍ਰਤੀਕ ਵਧੀਆ ਢੰਗ ਨਾਲ ਵਰਤੇ ਗਏ ਹਨ।
ਲੇਖਕ ਦੇ ਤੁਖੱਲਸ ਮੁਤਾਬਿਕ ਉਸਦੀ ਲੇਖਣੀ ਵਿੱਚੋਂ ਦਰਦ ਛਲਕਦਾ ਵੀ ਨਜ਼ਰੀਂ ਪੈਂਦਾ ਹੈ, ਇਹ ਦਰਦ ਉਸਦਾ ਨਿੱਜ ਦਰਦ ਨਹੀਂ, ਲੋਕ ਦਰਦ ਹੈ ਜੋ ਬਰਸਾਤੀ ਨਾਲੇ ਦੇ ਵੇਗ ਵਾਂਗ ਆਪਣਾ ਰਸਤਾ ਆਪ ਬਣਾਉਂਦਾ ਹੋਇਆ ਵਹਿ ਤੁਰਿਆ ਹੈ। ਵਿਚਾਰਾਂ ਰੂਪੀ ਕਿਸ਼ਤੀ ਨੂੰ ਸ਼ਬਦ ਰੂਪੀ ਚੱਪੂ ਨਾਲ ਕਿਨਾਰੇ ਲਾਉਣ ਦੇ ਆਹਰ ਵਿੱਚ ਜੁਟਿਆ ਇਹ ਸ਼ਾਇਰ ਸਮਾਜ ਦੀ ਡੂੰਘੀ ਸੂਝ ਰੱਖਦਾ ਹੈ ਤੇ ਕਾਵਿਕ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਭਾਂਪ ਕੇ ਹੀ ਆਪਣੀ ਵੇਦਨਾ ਸਹੀ ਸ਼ਬਦ ਚੋਣ ਦੇ ਸਹਾਰੇ ਪ੍ਰਗਟਾਉਣ ਵਿੱਚ ਸਫਲ ਹੋਇਆ ਹੈ। ਪੁਸਤਕ ਵਿੱਚ ਸ਼ੁਮਾਰ ਸਾਰੀਆਂ ਗ਼ਜ਼ਲਾਂ ਨੂੰ ਜਿੱਥੇ ਢੁਕਵੇਂ ਸਿਰਲੇਖ ਦਿੱਤੇ ਗਏ ਹਨ, ਉੱਥੇ ਗ਼ਜ਼ਲ ਦੇ ਅੰਤ ਵਿੱਚ ਬਹਿਰ ਦਾ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ, ਜੋ ਕਿ ਇੱਕ ਚੰਗੀ ਪਿਰਤ ਹੈ।
ਪੰਨਾ 25 ਤੋਂ 127 ‘ਤੇ ਸ਼ਾਇਰ ਦੀ ਕਲਮ ਵਿੱਚੋਂ ਨਿਕਲੀਆਂ 103 ਗ਼ਜ਼ਲਾਂ ਅਤੇ ਅੰਤ ਵਿੱਚ ਪੰਨਾ 128 ‘ਤੇ ਜਸਪਾਲ ਸਿੰਘ ਦੇਸੂਵੀ ਚੇਅਰਮੈਨ, ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵਲੋਂ ਪੇਸ਼ ਕੀਤੀ ਇੱਕ ਕਵਿਤਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਪੁਸਤਕ ਦੀਆਂ ਸਾਰੀਆਂ ਰਚਨਾਵਾਂ ਹੀ ਆਪਣਾ ਵਧੀਆ ਪ੍ਰਭਾਵ ਛੱਡ ਰਹੀਆਂ ਹਨ, ਪ੍ਰੰਤੂ ਮੇਰੀ ਜਾਚੇ ਪੰਨਾ ਨੰ: 36, 48, 80, 87, 109, 113, 116, 124 ਅਤੇ 126 ਦਰਜ ਗ਼ਜ਼ਲਾਂ ਉੱਤਮ ਦਰਜੇ ਦੀਆਂ ਹੋ ਨਿੱਬੜੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਡੂੰਘੀਆਂ ਅਤੇ ਗੱਲਾਂ ਕੀਤੀਆਂ ਗਈਆਂ ਹਨ। ਸਮਾਜ ਨਾਲ ਜੁੜ ਕੇ ਰਹਿਣ, ਦਿਮਾਗ ਵਿੱਚੋਂ ਹੰਕਾਰ ਜਿਹੇ ਗੰਦ ਨੂੰ ਕੱਢਣ ਤੇ ਆਪਣੇ ਗੋਗੇ ਗਾਉਣ ਵਾਲੀ ਬਿਰਤੀ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਜਿੱਥੇ ਉਸ ਵਲੋਂ ਇਤਿਹਾਸ ਦੇ ਪੰਨਿਆਂ ਨੂੰ ਛੋਹਿਆ ਗਿਆ ਹੈ, ਉੱਥੇ ਚਲੰਤ ਮਾਮਲੇ ਵੀ ਰਚਨਾਵਾਂ ਦਾ ਹਿੱਸਾ ਬਣਾਏ ਗਏ ਹਨ। ਕਿਤੇ ਕਿਤੇ ਗ਼ਜ਼ਲ ਦੀਆਂ ਪਾਬੰਦੀਆਂ ਦੀ ਪਾਲਣਾ ਕਰਨ ਲਈ ਤੇਰੇ ਤੇ ਮੇਰੇ ਸ਼ਬਦ ਨੂੰ ਤਿਰੇ ਤੇ ਮਿਰੇ ਕਰਕੇ ਵਰਤਿਆ ਹੈ, ਪ੍ਰੰਤੂ ਫਿਰ ਵੀ ਰਚਨਾਵਾਂ ਪੂਰਨ ਸੁਹਜ ਸਵਾਦ ਦਿੰਦੀਆਂ ਵਿਖਾਈ ਦਿੱਤੀਆਂ।
ਸਾਫ ਜ਼ਮੀਰ ਵਾਲੇ ਲੋਕਾਂ ਨਾਲ ਖੜ੍ਹਨ, ਇਨਸਾਨੀਅਤ ਨੂੰ ਸੱਟ ਮਾਰਨ ਵਾਲੀ ਲਿਆਕਤ ਨੂੰ ਲਾਂਭੇ ਕਰਨ ਅਤੇ ਸਾਫ ਸੁਥਰਾ ਅਕਸ ਰੱਖਣ ਦੀ ਤਾਕੀਦ ਵੀ ਕੀਤੀ ਹੈ। ਪੁਸਤਕ ਦਾ ਸਿਰਲੇਖ ਢੁਕਵਾਂ ਤੇ ਭਾਵ ਪੂਰਤ ਹੈ। ਸ਼ਾਇਰ ਦੋਗਲੇ ਕਿਰਦਾਰ ਤੇ ਜੁਗਾੜ ਟੈਕਨਾਲੋਜੀ ਨੂੰ ਸਿਰੇ ਤੋਂ ਨਕਾਰਦਾ ਹੈ। ਉਸਨੂੰ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ੀ ਰੁਲਦੀ ਜਵਾਨੀ ਦਾ ਵੀ ਮਲਾਲ ਹੈ। ਸ਼ਾਇਰ ਆਸ਼ਾਵਾਦੀ ਹੈ, ਅਕ੍ਰਿਤਘਣ ਨੂੰ ਫਿਟਕਾਰਦਾ ਅਤੇ ਭਰਾ ਮਾਰੂ ਜੰਗ ਤੋਂ ਸੁਚੇਤ ਕਰਦਾ ਵੀ ਵਿਖਾਈ ਦਿੱਤਾ ਹੈ। ਉਹ ਅਵਾਮ ਨੂੰ ਲੁੱਟ ਖਸੁੱਟ ਦੇ ਖਿਲਾਫ ਜਾਗਰੂਕ ਕਰਨ ਅਤੇ ਜਿੰਦਗੀ ਦੀ ਖੇਡ ਨੂੰ ਚੰਗੇ ਢੰਗ ਨਾਲ ਖੇਡਣ ਦਾ ਹੋਕਾ ਵੀ ਦਿੰਦਾ ਨਜ਼ਰੀ ਪਿਆ ਹੈ। ਪਰਾਇਆ ਹੱਕ ਖਾਣ ਵਾਲੇ ਨੂੰ ਫਿਟਕਾਰ ਪਾਉਣ ਦੇ ਨਾਲ-ਨਾਲ ਗਰੀਬ ਦੀ ਹਾਅ ਤੋਂ ਬਚਣ, ਅਡੰਬਰ ਛੱਡਣ ਅਤੇ ਅੰਦਰੋਂ ਰੱਬ ਭਾਲਣ ਦਾ ਸੁਨੇਹਾ ਵੀ ਦਿੰਦਾ ਹੈ। ਇਸ ਤਰ੍ਹਾਂ ਇਹ ਇੱਕ ਵਧੀਆ ਤੇ ਸਾਂਭਣਯੋਗ ਕ੍ਰਿਤ ਬਣ ਗਈ ਹੈ। ਇਸ ਵਧੀਆ ਕਾਰਜ ਬਦਲੇ ਜਿੱਥੇ ਦਰਦੀ ਜੀ ਨੂੰ ਵਧਾਈ ਦੇਣੀ ਬਣਦੀ ਹੈ, ਉੱਥੇ ਉਸਦੀ ਕਲਮ ਤੋਂ ਭਵਿੱਖ ਵਿੱਚ ਹੋਰ ਵੀ ਉਸਾਰੂ ਸਿਰਜਣਾ ਦੀ ਆਸ ਕੀਤੀ ਜਾਣੀ ਬੇ-ਮਾਇਨੀ ਨਹੀਂ ਹੋਵੇਗੀ। ਇਸ ਸੋਹਣੀ ਦਿੱਖ ਵਾਲੀ ਪੁਸਤਕ ਦਾ ਸਾਹਿਤ ਦੇ ਵਿਹੜੇ ਪੈਰ ਰੱਖਣ ‘ਤੇ ਸਵਾਗਤ ਕਰਦਾ ਹੋਇਆ ਮੈਂ ਕਿਸੇ ਹੋਰ ਖੂਬਸੂਰਤ ਮੌਕੇ ‘ਤੇ ਮੁੜ ਮਿਲਣ ਦੀ ਆਸ ਨਾਲ ਵਿਦਾ ਲੈਂਦਿਆਂ ਸ਼ਾਇਰ ਨੂੰ ਵਧਾਈ ਪੇਸ਼ ਕਰਦਾ ਹਾਂ।
(ਨੋਟ: ਇਹ ਪਰਚਾ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਇੰਜੀ. ਜਸਪਾਲ ਸਿੰਘ ਦੇਸੂਵੀ ਦੀ ਅਗਵਾਈ ਵਿੱਚ ਗ਼ਜ਼ਲਗੋ ਗਿਆਨ ਸਿੰਘ ਦਰਦੀ ਦੇ ਗ਼ਜ਼ਲ ਸੰਗ੍ਰਹਿ ਸੰਵੇਦਨਾ ਬਾਰੇ ਕਰਵਾਈ ਗਈ ਵਿਚਾਰ ਚਰਚਾ ਦੌਰਾਨ ਮਿਤੀ 08-06-2024 ਨੂੰ ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਪੜ੍ਹਿਆ ਗਿਆ।)

