ਜਸਵੰਤ ਸਿੰਘ ਕੰਵਲ ਜਨਮ ਦਿਨ ਵਿਸਾਰਨ ਬਾਦ ਖ਼ਿਮਾ ਯਾਚਨਾ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੂਨ:
ਕਦੇ ਸੁਰਜੀਤ ਪਾਤਰ ਜੀ ਨੇ ਲਿਖਿਆ ਸੀ, ਰੇਤਾ ਉੱਤੋਂ ਪੈੜ ਮਿਟਦਿਆਂ, ਫਿਰ ਵੀ ਕੁਝ ਪਲ ਲੱਗਦੇ ਨੇ, ਕਿੰਨੀ ਛੇਤੀ ਭੁੱਲ ਗਏ ਸਾਨੂੰ ਮੇਰੇ ਯਾਰ ਨਗਰ ਦੇ ਲੋਕ।
27 ਜੂਨ ਪੰਜਾਬੀ ਦੇ ਸਿਰਮੌਰ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਜਨਮ ਦਿਨ ਸੀ। ਸੱਚੀਂ ਯਾਦ ਨਹੀਂ ਸੀ ਆਉਣਾ ਜੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਚੇਤੇ ਨਾ ਕਰਵਾਉਂਦੇ। ਕੰਵਲ ਸਾਹਿਬ ਨੂੰ ਉਹ ਬੇਅੰਤ ਪਿਆਰ ਕਰਦੇ ਹਨ। 18 ਮਾਰਚ 2007 ਨੂੰ ਉਨ੍ਹਾਂ ਨੇ ਪੀ ਏ ਯੂ ਕਿਸਾਨ ਮੇਲੇ ਤੇ ਕੰਵਲ ਸਾਹਿਬ ਦੇ ਨਾਵਲ ਪੁੰਨਿਆਂ ਦਾ ਚਾਨਣ ਨੂੰ ਲੋਕ ਅਰਪਨ ਕੀਤਾ ਸੀ।
ਲਾਹੌਰ ਬੁੱਕ ਸ਼ਾਪ ਵਾਲੇ ਸ. ਜੀਵਨ ਸਿੰਘ ਦੇ ਪੋਤਰੇ ਗੁਰਮੰਨਤ ਸਿੰਘ ਨੇ ਹੀ ਮੈਨੂੰ ਕਿਹਾ ਸੀ ਕਿ ਇਹ ਕੰਵਲ ਸਾਹਿਬ ਦੀ ਇੱਛਾ ਹੈ ਕਿ ਨਾਵਲ ਵਿਸ਼ਾਲ ਲੋਕ ਇਕੱਠ ਵਿੱਚ ਲੋਕ ਅਰਪਨ ਹੋਵੇ। ਮੇਰੀ ਬੇਨਤੀ ਪ੍ਰਵਾਨ ਕਰਕੇ ਡਾ. ਕ੍ਰਿਪਾਲ ਸਿੰਘ ਔਲਖ ਸਾਹਿਬ ਨੇ ਇਹ ਕਾਰਜ ਖਿੜੇ ਮੱਥੇ ਕੀਤਾ ਸੀ।
ਇੱਕ ਗੱਲ ਹੋਰ 30 ਸਤੰਬਰ 2019 ਦੀ ਯਾਦ ਆ ਰਹੀ ਹੈ। ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਜਸਵੰਤ ਜਫ਼ਰ ਤੇ ਮੈਂ ਪਾਸ਼ ਮੈਮੋਰੀਅਲ ਟਰਸਟ ਦੇ ਮੋਗਾ ਚ ਹੋਏ ਸਮਾਗਮ ਤੋਂ ਪਰਤਦਿਆਂ ਢੁੱਡੀਕੇ (ਮੋਗਾ) ਚ ਸ: ਜਸਵੰਤ ਸਿੰਘ ਕੰਵਲ ਜੀ ਨੂੰ ਚਰਨ ਬੰਦਨਾ ਕਰਨ ਚਲੇ ਗਏ। “ਪਾਸ਼ ਦੀਆਂ ਵਾਰਤਕ ਲਿਖਤਾਂ“ ਦੀ ਅਮੋਲਕ ਸਿੰਘ ਵੱਲੋਂ ਸੰਪਾਦਿਤ ਪੁਸਤਕ ਕੰਵਲ ਸਾਹਿਬ ਨੂੰ ਭੇਂਟ ਕੀਤੀ ਜੋ ਮੈਨੂੰ ਉਥੇ ਪ੍ਰਧਾਨਗੀ ਮੰਡਲ ਚ ਸ਼ਾਮਲ ਹੋਣ ਕਰਕੇ ਮਿਲੀ ਸੀ। ਬਾਪੂ ਕੰਵਲ ਨੇ ਸਾਨੂੰ ਇਕੱਲੇ ਇਕੱਲੇ ਨੂੰ ਪਛਾਣਿਆ ਤੇ ਪਿਆਰ ਕੀਤਾ ਭਾਵੇਂ ਉਹ ਉਮਰ ਦੀ ਸਦੀ ਪੂਰੀ ਕਰਨ ਵਾਲੇ ਸਨ ਉਦੋਂ।
ਬਾਪੂ ਬੋਲਿਆ, ਹੁਕਮ ਕਰੋ। ਕਿਵੇਂ ਆਏ ਹੋ? ਮੈਂ ਕਿਹਾ, ਬਾਪੂ, ਹੁਕਮ ਨਹੀਂ ਕਰ ਸਕਦੇ, ਬੇਨਤੀ ਹੈ ਕਿ ਕੋਈ ਬਚਨ ਸੁਣਾਉ! ਬਾਪੂ ਕੰਵਲ ਹੱਸ ਕੇ ਬੋਲਿਆ,
ਤੂੰ ਬੇਨਤੀਆਂ ਵਾਲਾ ਕਦੋਂ ਤੋਂ ਹੋ ਗਿਆ? ਕੰਵਲ ਸਾਹਿਬ ਦੇ ਬਹੁਤ ਢਿੱਲੇ ਰਹਿਣ ਉਪਰੰਤ ਪੁੱਤਰ ਸਰਬਜੀਤ ਤੇ ਉਸ ਦੀ ਜੀਵਨ ਸਾਥਣ ਦੀ ਮਿਹਨਤ ਰੰਗ ਲਿਆਈ ਸੀ।
ਬਾਪੂ ਹੁਣੀਂ ਹੁਣ ਸਵੇਰ ਸ਼ਾਮ ਸੈਰ ਵੀ ਕਰਦੇ ਹਨ। ਅਖ਼ਬਾਰ ਵੀ ਪੜ੍ਹਦੇ ਹਨ। ਸਰਬਜੀਤ ਨੇ ਦੱਸਿਆ ਕਿ ਕੱਲ੍ਹ ਪ੍ਰਿੰਸੀਪਲ ਸਰਵਣ ਸਿੰਘ ਦੀ ਨਵੀਂ ਕਿਤਾਬ ਪੜ੍ਹਨ ਨੂੰ ਦਿੱਤੀ ਤਾਂ ਕਹਿਣ ਲੱਗੇ, ਕਿਤਾਬ ਦੇਣ ਸਰਵਣ ਸਿੰਘ ਆਪ ਆਇਆ ਸੀ? ਕਿ ਡਾਕ ਰਾਹੀਂ ਭੇਜੀ ਆ। ਮੈਨੂੰ ਆਪਣੇ ਬਾਪੂ ਜੀ ਦੀ ਪਛਾਣ ਅੱਖ ਯਾਦ ਆਈ।
ਚੰਗਾ ਲੱਗਿਆ ਇਹ ਬੋਲ ਸੁਣ ਕੇ ਕਿ ਉਹ ਸੰਪੂਰਨ ਰੂਪ ਵਿੱਚ ਸੁਚੇਤ ਹਨ। ਬਾਈ ਕੰਵਲ ਜੀ ਉਸ ਦਿਨ ਸਾਨੂੰ ਕਾਰ ਤੀਕ ਤੋਰਨ ਆਏ। ਯਾਦ ਸਲਾਮਤ ਹੈ।
ਬਾਪੂ ਕੰਵਲ ਜ਼ਿੰਦਾਬਾਦ।
ਗੁਰਭਜਨ ਗਿੱਲ