www.sursaanjh.com > News > ਰੈੱਡ ਕਰਾਸ ਦਾ ਬਾਨੀ : ਜਾਨ ਹੈਨਰੀ ਦੂਨਾਂ/ ਰਾਬਿੰਦਰ ਸਿੰਘ ਰੱਬੀ

ਰੈੱਡ ਕਰਾਸ ਦਾ ਬਾਨੀ : ਜਾਨ ਹੈਨਰੀ ਦੂਨਾਂ/ ਰਾਬਿੰਦਰ ਸਿੰਘ ਰੱਬੀ

(ਵਿਸ਼ਵ ਰੈੱਡ ਕਰਾਸ ਦਿਵਸ ਉੱਤੇ)
ਰੈੱਡ ਕਰਾਸ ਦਾ ਬਾਨੀ : ਜਾਨ ਹੈਨਰੀ ਦੂਨਾਂ/ ਰਾਬਿੰਦਰ ਸਿੰਘ ਰੱਬੀ
ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 16 ਮਈ:
 
ਸਵਿਟਜ਼ਰਲੈਂਡ ਦੇ ਖ਼ੂਬਸੂਰਤ ਸ਼ਹਿਰ ਜਨੇਵਾ ਵਿੱਚ 1828 ਈਸਵੀ ਨੂੰ ਜਾਨ ਹੈਨਰੀ ਦੂਨਾਂ ਦਾ ਜਨਮ ਹੋਇਆ। ਉਸਦੀ ਮਾਂ ਅਕਸਰ ਅਨਾਥ ਆਸ਼ਰਮ ਦੇ ਬੱਚਿਆਂ ਲਈ ਖਾਣਾ ਅਤੇ ਕੱਪੜੇ ਵਗੈਰਾ ਲੈ ਕੇ ਜਾਂਦੀ ਸੀ। ਹੈਨਰੀ ਦੇ ਪਿਤਾ ਦੀ ਜ਼ਿੰਮੇਵਾਰੀ ਕੈਦੀਆਂ ਦੀ ਦੇਖ-ਭਾਲ਼ ਸੀ। ਹੈਨਰੀ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਸਨੇ ਫਲਾਰੇਂਸ ਨਾਈਟਿੰਗੇਲ ਦੇ ਬਾਰੇ ਪੜ੍ਹਿਆ, ਜਿਸਨੇ ਕ੍ਰੀਮੀਆ ਦੀ ਲੜਾਈ ’ਚ ਬ੍ਰਿਟਿਸ਼ ਸੈਨਿਕਾਂ ਦੀਆਂ ਨਰਸਿੰਗ ਸੁਵਿਧਾਵਾਂ ਲਈ ਬਹੁਤ ਕੰਮ ਕੀਤਾ। ਐਲਜ਼ਾਬੈਥ ਫਰਾਈ ਦੇ ਬਾਰੇ ਪੜ੍ਹਿਆ, ਜਿਸ ਨੇ ਯੂਰਪ ਦੇ ਕੈਦੀਆਂ ਦੀ ਦਸ਼ਾ ਸੁਧਾਰਨ ਲਈ ਕਾਰਜ ਕੀਤਾ। ਅਮਰੀਕੀ ਲੇਖਕਾ ‘ਹੇਰੀਅਟ ਬੀਚਰ ਸਟੇ’ ਦਾ ਲਿਖਿਆ ਨਾਵਲ ‘ਅੰਕਲ ਟਾਮਜ਼ ਕੇਬਨ’ ਪੜ੍ਹਿਆ, ਜਿਸਨੇ ਅਮਰੀਕਾ ਦੀ ਗੁਲਾਮੀ ਨੂੰ ਦੂਰ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਇਨ੍ਹਾਂ ਤਿੰਨਾਂ ਔਰਤਾਂ ਨੇ ਹੀ ਹੈਨਰੀ ਦੇ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਹੈਨਰੀ ਸਮਾਜ ਸੇਵੀ ਕੰਮ ਕਰਦਾ ਰਹਿੰਦਾ ਸੀ। ਉਹ ‘ਲੀਗ ਆਵ ਆਮਜ਼’ ਸੰਸਥਾ ਦਾ ਮੈਂਬਰ ਸੀ, ਜੋ ਗਰੀਬਾਂ ਅਤੇ ਰੋਗੀਆਂ ਦੀ ਸਹਾਇਤਾ ਕਰਦੀ ਸੀ। ਹੈਨਰੀ ਉਸ ਸੰਸਥਾ ਨੂੰ ਵੀ ਸਮਾਂ ਦਿੰਦਾ ਸੀ ਅਤੇ ਉਹ ਆਪਣਾ ਵਪਾਰ ਵੀ ਕਰਦਾ ਸੀ। 1849 ’ਚ ਉਹ ਬੈਂਕਿੰਗ ਦਾ ਕੰਮ ਸਿੱਖਣ ਲਈ ਜਨੇਵਾ ਦੇ ਬੈਂਕ ’ਚ ਲੱਗ ਗਿਆ।ਉਸਦੀ ਚੰਗੀ ਕਾਰਜ ਕੁਸ਼ਲਤਾ ਕਾਰਨ ਹੀ ਉਸਨੂੰ ਚਾਰ ਸਾਲ ਵਿੱਚ ਹੀ ਅਲਜੀਰੀਆ ਦੇ ਬੈਂਕ ਦੀ ਸ਼ਾਖਾ ਦਾ ਜਨਰਲ ਮੈਨੇਜਰ ਬਣਾ ਦਿੱਤਾ ਗਿਆ ਪਰ ਉਸਨੇ ਕੁੱਝ ਸਮੇਂ ਬਾਅਦ ਬੈਂਕ ਦੀ ਨੌਕਰੀ ਛੱਡ ਦਿੱਤੀ ਅਤੇ ਵਪਾਰ ਕਰਨ ਲੱਗਾ। ਉਸਦੇ ਪਿਤਾ ਦੇ ਦੋਸਤਾਂ ਨੂੰ ਉਸਦੀ ਕਾਰਜ ਕੁਸ਼ਲਤਾ ’ਤੇ ਪੂਰਾ ਭਰੋਸਾ ਸੀ। ਸਾਰਿਆਂ ਨੇ ਉਸਦੇ ਵਪਾਰ ’ਚ ਪੈਸਾ ਲਾਇਆ।
ਕੰਮ ਦੇ ਸਿਲਸਿਲੇ ’ਚ ਹੈਨਰੀ ਦੂਰ-ਦੂਰ ਜਾਂਦਾ ਸੀ। 1859 ਈਸਵੀ ਨੂੰ ਵਪਾਰ ਦੇ ਸਿਲਸਿਲੇ ’ਚ ਉਹ ਇਟਲੀ ਦੇ ਲੋਬਾਂਰਡੀ ’ਚ ਗਿਆ, ਜਿੱਥੇ ਉਸਨੇ ਫਰਾਂਸ ਦੇ ਬਾਦਸ਼ਾਹ ਨਿਪੋਲੀਅਨ ਤੀਜੇ ਨਾਲ਼ ਆਪਣੇ ਵਪਾਰ ਸੰਬੰਧੀ ਕੋਈ ਗੱਲਬਾਤ ਕਰਨੀ ਸੀ ਪਰ ਉਸ ਸਮੇਂ ਬਾਦਸ਼ਾਹ ਨਿਪੋਲੀਅਨ ਤੀਜੇ ਨੇ ਸਾਰਡੀਨੀਆ ਦੇ ਰਾਜੇ ਦੀ ਮੱਦਦ ਨਾਲ ਆਸਟਰੀਆ ’ਚ ਜੁੱਧ ਛੇੜਿਆ ਹੋਇਆ ਸੀ। ਦੂਨਾਂ ਨੇ ਨਿਪੋਲੀਅਨ ਨੂੰ ਮਿਲਣ ਦਾ ਉਸ ਵੇਲ਼ੇ ਵਿਚਾਰ ਤਿਆਗ ਦਿੱਤਾ ਕਿਉਂਕਿ ਨਿਪੋਲੀਅਨ ਤੀਜਾ ਜੁੱਧ ਕਾਰਨ ਹੋਰ ਕੰਮਾਂ ਵੱਲ ਧਿਆਨ ਨਹੀਂ ਸੀ ਦੇ ਰਿਹਾ।
ਸੋਲਫਰੀਨੋ ਦਾ ਜੁੱਧ : ਰਾਤ ਨੂੰ ਇਟਲੀ ਦੇ ਨਗਰ ਕਾਸਿਟਲਿਓਨੇ ਦਾ ਲਾ ਪਿਏਵਾ ਦੀ ਇੱਕ ਸਰਾਂ ਵਿੱਚ ਦੂਨਾਂ ਸੌਂ ਰਿਹਾ ਸੀ। ਅਚਾਨਕ ਦੋ ਵਜੇ ਰਾਤ ਨੂੰ ਉਸਨੂੰ ਇੱਕ ਬਹੁਤ ਧਮਾਕੇ ਦੀ ਅਵਾਜ਼ ਸੁਣਾਈ ਦਿੱਤੀ। ਅਵਾਜ਼ ਨੇੜੇ ਦੇ ਇੱਕ ਛੋਟੇ ਜਿਹੇ ਪਿੰਡ ਸੋਲਫਰੀਨੋ ਤੋਂ ਆ ਰਹੀ ਸੀ। ਇਸ ਕਸਬੇ ਦੀ ਅਬਾਦੀ ਇੱਕ ਹਜ਼ਾਰ ਤੋਂ ਵੀ ਘੱਟ ਸੀ। ਦੂਨਾਂ ਨੇ ਜਲਦੀ ਜਲਦੀ ਕੱਪੜੇ ਪਾਏ ਅਤੇ ਇੱਕ ਖਾਸ ਪਹਾੜੀ ’ਤੇ ਚੜ੍ਹਕੇ ਜੰਗ ਦੇਖਣ ਲੱਗਾ। ਹੇਠਾਂ ਦਸ ਮੀਲ ਲੰਬੇ ਖੇਤਰ ਵਿੱਚ 3,00,000 ਆਦਮੀ  ਆਹਮੋ ਸਾਹਮਣੇ ਖੜ੍ਹੇ ਸਨ। ਇੱਕ ਪਾਸੇ ਰੰਗੀਨ ਵਰਦੀਆਂ ’ਚ ਫਰਾਂਸੀਸੀ ਅਤੇ ਸਕੈਂਡਿਨੇਵਿਆ ਦੀਆਂ ਸੈਨਾਵਾਂ ਸਨ ਅਤੇ ਦੂਜੇ ਪਾਸੇ ਆਸਟਰੀਆ ਦੀ। ਸਵੇਰੇ ਹੁੰਦੇ ਸਾਰ ਹੀ ਬੰਦੂਕਾਂ ਗਰਜੀਆਂ ਅਤੇ ਨਗਾਰੇ ਵੱਜੇ। ਭਿਅੰਕਰ ਜੰਗ ਸ਼ੁਰੂ ਹੋ ਗਈ। ਲੋਥਾਂ ਦੇ ਢੇਰ ਲੱਗ ਰਹੇ ਸਨ। ਸਿਰਫ ਇੱਕ ਆਦਮੀ ਸੀ, ਜੋ ਬਿਲਕੁੱਲ ਨਿਡਰ ਘੁੰਮ ਰਿਹਾ ਸੀ ਅਤੇ ਜ਼ਖ਼ਮੀਆਂ ਦਾ ਹੌਸਲਾ ਵਧਾ ਰਿਹਾ ਸੀ। ਉਸ ਦਾ ਨਾਂ ਏਬੇ ਲੇਨ ਸੀ, ਨਿਪੋਲੀਅਨ ਤੀਜੇ ਦਾ ਪਾਦਰੀ। ਕੁੱਝ ਔਰਤਾਂ ਵੀ ਸੀ, ਜੋ ਤੜਪਦੇ ਸੈਨਿਕਾਂ ਨੂੰ ਪਾਣੀ ਪਿਲਾ ਰਹੀਆਂ ਸਨ। ਕੁੱਝ ਦੂਰੀ ’ਤੇ ਕਾਲ਼ੇ ਝੰਡੇ ਲੱਗੇ ਹੋੲੈ ਸਨ, ਉੱਥੇ ਜ਼ਖ਼ਮੀ ਸੈਨਿਕਾਂ ਦਾ ਇਲਾਜ ਹੁੰਦਾ ਸੀ। ਇਹ ਕਿਹਾ ਹੁੰਦਾ ਸੀ ਕਿ ਹਸਪਤਾਲ਼ਾਂ ’ਤੇ ਬੰਬ ਨਹੀਂ ਸੁੱਟੇ ਜਾਣਗੇ ਪਰ ਅਜਿਹਾ ਹੁੰਦਾ ਨਹੀਂ ਸੀ। ਬੰਬ ਸੁੱਟੇ ਜਾਂਦੇ ਸਨ। ਪੰਦਰਾਂ ਘੰਟੇ ਤੱਕ ਜੰਗ ਹੋਈ। ਆਸਟਰੀਆ ਦੀ ਸੈਨਾ ਪਿੱਛੇ ਹੱਟ ਗਈ। ਸੋਲਫਰੀਨੋ ਦੀ ਜੰਗ ਖ਼ਤਮ ਹੋ ਗਈ।
ਹਨ੍ਹੇਰਾ ਹੋਣ ’ਤੇ ਅਫਸਰ ਅਤੇ ਸੈਨਿਕ ਮਸ਼ਾਲਾਂ ਲੈ ਕੇ ਜ਼ਖ਼ਮੀਆਂ ਨੂੰ ਲੱਭਣ ਲੱਗੇ। ਅਗਲੇ ਦਿਨ ਦ੍ਰਿਸ਼ ਬਹੁਤ ਹੀ ਭਿਅੰਕਰ ਸੀ। ਖੇਤ ਤਹਿਸ-ਨਹਿਸ ਹੋ ਗਏ ਸਨ। ਪੰਦਰਾਂ ਘੰਟੇ ਦੀ ਲੜਾਈ ’ਚ 50,000 ਸਿਪਾਹੀ ਮਾਰੇ ਗਏ ਸਨ। ਹਜ਼ਾਰਾਂ ਜ਼ਖ਼ਮੀ ਹੋ ਗਏ  ਸਨ। ਸਾਰੀਆਂ ਸੰਸਥਾਵਾਂ ਨੂੰ ਆਰਜ਼ੀ ਹਸਪਤਾਲ਼ ’ਚ ਬਦਲ ਦਿੱਤਾ ਗਿਆ ਸੀ। ਸਮਾਨ ਕਾਫ਼ੀ ਸੀ ਪਰ ਫਿਰ ਵੀ ਜ਼ਖ਼ਮੀਆਂ ਨੂੰ ਭੋਜਨ, ਪੱਟੀਆਂ ਆਦਿ ਦੇਣ ਲਈ ਮਨੁੱਖੀ ਸ਼ਕਤੀ ਦੀ ਘਾਟ ਸੀ। ਲੋਕ ਤੜਪ ਰਹੇ ਸਨ। ਦੂਨਾਂ ਨੇ ਸੋਚਿਆ ਕਿ ਜ਼ਖ਼ਮੀਆਂ ਲਈ ਕੁੱਝ ਨਾ ਕੁੱਝ ਤਾਂ ਕਰਨਾ ਹੀ ਹੋਵੇਗਾ। ਉਸਨੇ ਜਿੰਨੇ ਵੀ ਗ਼ੈਰ ਫ਼ੌਜੀ ਡਾਕਟਰ ਅਤੇ ਸਹਾਇਕ ਮਿਲੇ, ਉਨ੍ਹਾਂ ਨੁੰ ਇਕੱਠਾ ਕਰਕੇ ਕਾਸਿਟਲਿਓਨੇ ਦੇ ਗਿਰਜਾਘਰ ਵਿੱਚ ਲੈ ਗਿਆ। ਫੁਹਾਰੋਂ ਅਤੇ ਫਾਰਮਾਂ ’ਚੋਂ ਪਾਣੀ ਲਿਆਂਦਾ ਗਿਆ। ਫਰਸ਼ ਨੂੰ ਝਾੜੂ ਲਾ ਕੇ ਧੋਤਾ ਗਿਆ। ਨਿੱਕੇ-ਨਿੱਕੇ ਬੱਚੇ ਘਰ-ਘਰ ਜਾ ਕੇ ਸ਼ੋਰਬਾ ਮੰਗ ਕੇ ਲੈ ਕੇ ਆਏ। ਔਰਤਾਂ ਸਾਬਣ, ਤੌਲੀਏ, ਚਾਦਰਾਂ ਅਤੇ ਸਪੰਜ ਆਦਿ ਲੈ ਕੇ ਆਈਆਂ। ਦੂਨਾਂ ਨੇ ਆਪਣੇ ਕੋਚਵਾਨ ਨੂੰ ਭੇਜਕਰ ਤੰਬਾਕੂ, ਨਿੰਬੂ ਅਤੇ ਨਰੰਗੀਆਂ ਮੰਗਵਾਈ। ਸਾਰੇ ਮਰੀਜ਼ਾਂ ਦੇ ਜ਼ਖ਼ਮ ਸਾਫ਼ ਕਰਕੇ ਕਤਾਰਾਂ ਵਿੱਚ ਲਿਟਾਇਆ ਗਿਆ। ਘੰਟਿਆਂ ਤੱਕ ਦੂਨਾਂ ਉਨ੍ਹਾਂ ਦੀ ਮੱਦਦ ਕਰਦਾ ਰਿਹਾ। ਪੱਟੀਆਂ ਬੰਨ੍ਹਦਾ ਰਿਹਾ। ਪਾਣੀ ਪਿਆਉਂਦਾ ਰਿਹਾ। ਸਿਪਾਹੀਆਂ ਨੇ ਉਸਦਾ ਨਾਂ ਰੱਖ ਦਿੱਤਾ ‘ਚਿੱਟੇ ਕੱਪੜਿਆਂ ਵਾਲ਼ੇ ਸੱਜਣ’। ਫਿਰ ਹੋਰ ਵੀ ਕਾਫ਼ੀ ਲੋਕ ਉਸਦੀ ਮੱਦਦ ਲਈ ਆ ਗਏ। ਜਦੋਂ ਦੂਨਾਂ ਇੱਕ ਆਸਟਰੀਆਈ ਸੈਨਿਕ ਨੂੰ ਹੌਸਲਾ ਦੇਣ ਲਈ ਝੁਕਿਆ, ਤਾਂ ਇੱਕ ਕਿਸਾਨ ਔਰਤ ਚੀਕੀ ਕਿ ਇਹ ਤਾਂ ਦੁਸ਼ਮਣ ਹੈ। ਦੂਨਾਂ ਨੇ ਉਸਦੇ ਮੋਢੇ ’ਤੇ ਹੱਥ ਰੱਖਿਆ ਅਤੇ ਕਿਹਾ, “ਦੁਸ਼ਮਣ ਵੀ ਮਨੁੱਖ ਹੈ।” ਫਿਰ ਸਭ ਦੀ ਦੇਖਭਾਲ਼ ਕੀਤੀ ਗਈ।
ਕੁੱਝ ਦਿਨ ਬਾਅਦ ਲੋਕਾਂ ਦਾ ਉਤਸ਼ਾਹ ਮੱਠਾ ਪੈਣ ਲੱਗਾ ਅਤੇ ਉਹ ਵਾਪਸ ਘਰ ਨੂੰ ਜਾਣ ਲੱਗੇ। ਕਾਫ਼ੀ ਸੈਨਿਕ ਮਰ ਗਏ। ਦੂਨਾਂ ਨੇ ਅਪੀਲ ਕੀਤੀ ਕਿ ਦੁਸ਼ਮਣ ਸੈਨਿਕਾਂ ਦੇ ਬੰਦੀ ਡਾਕਟਰਾਂ ਨੂੰ ਛੱਡਿਆ ਜਾਵੇ। ਨਿਪੋਲੀਅਨ ਇਸ ਗੱਲ ਲਈ ਰਾਜ਼ੀ ਹੋ ਗਿਆ।ਹੌਲ਼ੀ-ਹੌਲ਼ੀ ਸਥਿਤੀ ਸੁਲਝਣ ਲੱਗੀ ਅਤੇ ਦੂਨਾਂ ਜਨੇਵਾ ਆ ਗਿਆ। ਇਟਲੀ ਤੋਂ ਆ ਕੇ ਦੂਨਾਂ ਸਦਾ ਜ਼ਖ਼ਮੀਆਂ ਬਾਰੇ ਹੀ ਸੋਚਦਾ ਰਹਿੰਦਾ ਅਤੇ ਵਪਾਰ ਵੱਲ ਵੀ ਧਿਆਨ ਨਾ ਦੇ ਸਕਿਆ। ਉਹ ਸੋਚਦਾ ਕਿ ਜੇਕਰ ਮੇਰੇ ਕੋਲ਼ ਸਿੱਖਿਅਤ ਲੋਕ ਹੁੰਦੇ, ਤਾਂ ਸਥਿਤੀ ਇੰਨੀ ਭਿਆਨਕ ਨਾ ਹੁੰਦੀ। ਉਹ ਦਿਨ ਰਾਤ ਇਸ ਬਾਰੇ ਹੀ ਸੋਚਦਾ ਰਹਿੰਦਾ।ਫਿਰ ਉਸਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਫਰਾਂਸੀਸੀ ਭਾਸ਼ਾ ਵਿੱਚ ਬਾਰਾਂ ਮਹੀਨੇ ਲਾ ਕੇ (1862 ਈਸਵੀ ) ਇੱਕ ਕਿਤਾਬ ਲਿਖੀ, ‘ਸੁਵੀਨਾਰ ਆਫ ਸੋਲਫਰੀਨੋ’। ਇਸ ਵਿੱਚ ਜੁੱਧ ਦਾ ਕਸ਼ਟ ਸੀ।
ਦੁਖਦਾਇਕ ਸਥਿਤੀਆਂ ਸਨ। ਦੂਨਾਂ ਦਾ ਸੁਝਾਓ ਸੀ ਕਿ ਇੱਛਕ ਸਹਾਇਤਾ ਸੰਮਤੀਆਂ ਹਰੇਕ ਮੁਲਕ ’ਚ ਬਣਨ। ਇਹ ਸੰਮਤੀਆਂ ਜਾਤ, ਰੰਗ, ਵਰਗ ਜਾਂ ਧਰਮ ਦਾ ਕੋਈ ਵੀ ਭੇਦ-ਭਾਵ ਨਾ ਕਰਨ। ਉਸਨੇ ਕਿਹਾ ਕਿ ਜ਼ਖ਼ਮੀਆਂ ਦੀ ਸਹਾਇਤਾ ਲਈ ‘ਅੰਤਰਰਾਸ਼ਟਰੀ ਸਮਝੌਤਾ’ ਕੀਤਾ ਜਾਵੇ। ਬਿਨ ਖਰਚਾ ਦੇਖੇ ਉਸਦੀ ਕਿੰਨੀਆਂ ਹੀ ਕਾਪੀਆਂ ਉਸਨੇ ਯੂਰਪ ਵਿੱਚ ਵੰਡੀਆਂ। ਵਪਾਰ ਨੂੰ ਉਹ ਭੁੱਲ ਹੀ ਚੁੱਕਾ ਸੀ। ਉਸਦੇ ਵਿਚਾਰਾਂ ਦਾ ਪ੍ਰਭਾਵ ਪੈਣ ਲੱਗਾ। ਉਸਦੇ ਵਿਚਾਰ ਪ੍ਰਸਿੱਧ ਵਕੀਲ ‘ਗੁਸਤਾਵ ਮੋਇਨਿਅਰ’ਨੂੰ ਬੜੇ ਭਾਏ। ਉਹ ‘ਜਨੇਵਾ ਰਿਪਬਲਿਕ ਵੈਲਫੇਅਰ ਸੋਸਾਇਟੀ’ ਦਾ ਪ੍ਰਧਾਨ ਸੀ।ਇਸ ਤਰ੍ਹਾਂ ਇੱਕ ਸੰਮਤੀ ਗਠਿਤ ਕੀਤੀ ਗਈ, ਜਿਸਦੇ ਪ੍ਰਧਾਨ ਸਨ ਕਮਾਂਡਰ ਜਨਰਲ ਖਿਲੋਮੇ ਦੁਫੋਰ।ਦੋ ਮੈਂਬਰ ਡਾਕਟਰ ਸਨ ਲੂਈ ਆਪਿਆ ਅਤੇ ਥਿਓਡੋਰ ਮੋਨਾਇਰ । ਚੌਥਾ ਮੈਂਬਰ ਮੋਇਨਿਅਰ ਅਤੇ ਪੰਜਵਾਂ ਮੈਂਬਰ ਹੈਨਰੀ ਲਿਆ ਗਿਆ। ਕਮੇਟੀ ਨੈ ਯੂਰਪੀ ਦੇਸ਼ਾਂ ਨੂੰ ਆਪਣਾ ਪ੍ਰਤੀਨਿਧ ਭੇਜਣ ਦਾ ਸੱਦਾ ਦਿੱਤਾ। 26  ਅਕਤੂਬਰ 1863 ਨੂੰ ਹੋਈ ਇਸ ਮੀਟਿੰਗ ਵਿੱਚ 14 ਦੇਸਾਂ ਦੇ 36 ਪ੍ਰਤੀਨਿਧ ਹਾਜ਼ਰ ਹੋਏ। ਦੂਜੀ ਸਭਾ 8 ਅਗਸਤ 1864 ਈਸਵੀ ਨੂੰ ਹੋਈ, ਜਿਸ ਵਿੱਚ 15 ਦੇਸਾਂ ਨੇ ਆਪਣੇ ਪ੍ਰਤੀਨਿਧ ਭੇਜੇ ਅਤੇ ਇੱਕ ਖਰੜਾ ਤਿਆਰ ਕੀਤਾ ਗਿਆ। ਇਸ ਵਿੱਚ 10 ਗੱਲਾਂ ਮੁੱਖ ਸਨ:
ਜਿਨ੍ਹਾਂ ਦੇਸਾਂ ਨੇ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ, ਉਹ ਜੁੱਧ ਸਮੇਂ ਜ਼ਖ਼ਮੀਆਂ ਅਤੇ ਬਿਮਾਰਾਂ ਦੀ ਦੇਖਭਾਲ਼ ਕਰਨ ਦੇ ਜ਼ਿੰਮੇਵਾਰ ਹੋਣਗੇ। ਜ਼ਖ਼ਮੀਆਂ ਦੀ ਮੱਦਦ ਕਰਨ ਵਾਲ਼ਿਆਂ ਦੀ ਸੁਰੱਖਿਆ ਕੀਤੀ ਜਾਵੇਗੀ। ਹਸਪਤਾਲ਼ਾਂ ਅਤੇ ਜ਼ਖ਼ਮੀਆਂ ਦੀਆਂ ਗੱਡੀਆਂ ’ਤੇ ਹਮਲਾ ਨਹੀਂ ਕੀਤਾ ਜਾਵੇਗਾ। ਕੈਦੀਆਂ ਦੀ ਅਦਲਾ-ਬਦਲੀ ਕੀਤੀ ਜਾਵੇਗੀ। ਸਫ਼ੈਦ ਜ਼ਮੀਨ ’ਤੇ ਲਾਲ ਰੰਗ ਦਾ ਕਰਾਸ ਦਾ ਸਨਮਾਨ ਹੋਵੇਗਾ। ਲਾਲ ਕਰਾਸ ਨੂੰ ਸਭ ਤੋਂ ਪਹਿਲਾਂ ਲੂਈ ਆਪਿਆ ਨੇ ਪਾਇਆ। 22 ਅਗਸਤ 1864 ਨੂੰ 15 ਦੇਸਾਂ ਦੇ ਪ੍ਰਤੀਨਿਧੀਆਂ ਨੇ ਇਸ ਸਮਝੌਤੇ ’ਤੇ ਦਸਤਖ਼ਤ ਕੀਤੇ। ਇਸ ਸਮਝੌਤੇ ਤੋਂ ਬਾਅਦ ਕਈ ਦੇਸਾਂ ਨੇ ‘ਰੈਡ ਕਰਾਸ ਸੋਸਾਇਟੀ’ ਸਥਾਪਤ ਕੀਤੀ।ਰੈੱਡ ਕਰਾਸ ਦਾ ਪਹਿਲਾ ਬੜਾ ਯੋਗਦਾਨ ਸੀ 1870-71 ਦੀ ਫਰਾਂਸ ਅਤੇ ਪ੍ਰਸ਼ੀਆ ਦੀ ਲੜਾਈ। ਇਸ ਵੇਲ਼ੇ 50,00,000 ਬਿਮਾਰਾਂ ਅਤੇ ਜ਼ਖ਼ਮੀਆਂ ਦਾ ਇਲਾਜ ਕੀਤਾ ਗਿਆ। ਹਵਾ ’ਚ ਲਹਿਰਾਉਂਦਾ ਲਾਲ ਕ੍ਰਾਸ ਨਾਲ਼ ਸਫ਼ੈਦ ਝੰਡਾ ਰੱਖਿਆ ਕਰਨ ਵਾਲ਼ੀ ਸ਼ਕਤੀ ਬਣ ਗਿਆ। ਪਹਿਲਾਂ ਸੋਸਾਇਟੀ ਦਾ ਨਾਂ ‘ਜ਼ਖ਼ਮੀ ਸੈਨਿਕਾਂ ਦੀ ਸਹਾਇਤਾ ਸੰਮਤੀ’ ਸੀ। 1867 ਈਸਵੀ ’ਚ ਨੀਦਰਲੈਂਡ ਨੇ ਜਦੋਂ ਇਹ ਨਾਂ ਰੱਖਿਆ, ਤਾਂ ਫਿਰ ਸਭ ਦਾ ਇਹ ਹੀ ਨਾਂ ਚਰਚਿਤ ਹੋ ਗਿਆ।
ਸੋਸਾਇਟੀ ਤੋਂ ਪਹਿਲਾਂ ਕੈਦੀਆਂ ਨੂੰ ਬਹੁਤ ਸਤਾਇਆ ਜਾਂਦਾ ਸੀ। ਮਾਰ ਵੀ ਦਿੱਤਾ ਜਾਂਦਾ ਸੀ। ਗੁੰਮ ਕੈਦੀ ਦਾ ਕੋਈ ਵੀ ਪਤਾ ਨਹੀਂ ਲੱਗਦਾ ਸੀ ਪਰ ਸੋਸਾਇਟੀ ਨੇ ਸਭ ਦਾ ਰਿਕਾਰਡ ਰੱਖਣਾ ਸ਼ੁਰੂ ਕੀਤਾ। ਘਰਦਿਆਂ ਨੂੰ ਖ਼ਤ ਲਿਖੇ ਜਾਂਦੇ। ਪ੍ਰਸਿੱਧ ਫਰਾਂਸੀਸੀ ਲੇਖਕ ਰੋਮਾ ਰੋਲਾਂ ਨੇ ਵੀ ਇਹ ਸੇਵਾ ਕੀਤੀ। ਪਹਿਲਾ ਮਹਾਂਜੁੱਧ ਬਹੁਤ ਭਿਅੰਕਰ ਸੀ। ਉਸ ਸਮੇਂ ਰੈੱਡ ਕਰਾਸ ਸੋਸਾਇਟੀ  ਦੇ ਲੱਖਾਂ ਸੇਵਕਾਂ ਨੇ ਬਹੁਤ ਕੰਮ ਕੀਤਾ, ਜਿਸ ਕਾਰਨ 1917 ਈਸਵੀ ਨੂੰ ਉਸ ਨੂੰ ‘ਨੋਬਲ ਸ਼ਾਂਤੀ ਪੁਰਸਕਾਰ’ ਦਿੱਤਾ ਗਿਆ। ਅਲਫਰੇਡ ਨੋਬਲ ਡਾਇਨਾਮਾਇਟ ਕਿੰਗ ਵਜੋਂ ਜਾਣਿਆ ਜਾਂਦਾ ਸੀ, ਉਸਨੇ ਹਥਿਆਰ ਵੇਚ ਕੇ ਬਹੁਤ ਧੰਨ ਕਮਾਇਆ ਪਰ ਫਿਰ ਉਸਨੂੰ ਅਫਸੋਸ ਹੋਇਆ ਅਤੇ ਉਸਨੇ ਆਪਣਾ ਧੰਨ ਦਾਨ ਦੇ ਦਿੱਤਾ ਅਤੇ ਇਸ ਪੁਰਸਕਾਰ ਦੀ ਸਥਾਪਨਾ ਕੀਤੀ। ਦੂਜੇ ਮਹਾਂ ਜੁੱਧ ਵਿੱਚ ਵੀ ਰੈੱਡ ਕਰਾਸ ਸੋਸਾਇਟੀ ਨੇ 4,50,000 ਟਨ ਸਮਾਨ ਜੁਧ ਪੀੜਤਾਂ ਲਈ ਇਕੱਠਾ ਕੀਤਾ ਅਤੇ ਕੇਵਲ ਬੰਦੀਆਂ ਦੀ ਸੂਚਨਾ ਲਈ ਹੀ 10,40,00,000 ਰੁਪਏ ਖਰਚ ਕੀਤੇ।
ਇਸੇ ਤਰ੍ਹਾਂ ਕਲਾਰਾ ਬਾਰਟਨ ਨੇ ਵੀ ਅਮਰੀਕਾ ਵਿੱਚ ਰੈਡ  ਕਰਾਸ ਲਈ ਬਹੁਤ ਜ਼ਿਆਦਾ ਕੰਮ ਕੀਤਾ ਅਤੇ ਸੋਸਾਇਟੀ ਦੀ ਸਥਾਪਨਾ ਕੀਤੀ। ਉਹ ਇੰਗਲੈਂਡ ਵਿੱਚ ਸਕੁੂਲ ਅਧਿਆਪਕਾ ਸੀ। ਲੋਕ ਉਸ ਨੂੰ ‘ਦਇਆ ਦੀ ਦੇਵੀ’ ਕਹਿੰਦੇ ਸਨ। ਉਸ ਦੀ ਘਾਲਣਾ ਬੇਅੰਤ ਹੈ। ਹੈਨਰੀ ਦੂਨਾਂ ਕਹਿੰਦਾ ਸੀ ਕਿ ਮੈਂ ਇੱਕ ਅਜਿਹਾ ਸੰਗਠਨ ਚਾਹੁੰਦਾ ਹਾਂ, ਜੋ ਕਿਸੇ ਇੱਕ ਦੇਸ ਤੱਕ ਸੀਮਤ ਨਾ ਰਹੇ, ਬਲਕਿ ਪੂਰੀ ਦੁਨੀਆਂ ਲਈ ਕੰਮ ਕਰੇ। ਉਸਦੀ ਇਹ ਇੱਛਾ ਪੁਰੀ ਹੋ ਗਈ। ਭਾਰਤੀ ਰੈੱਡ ਕਰਾਸ ਦੀ ਭਾਵਨਾ ਆਦਿ ਕਾਲ ਤੋਂ ਹੀ ਸੀ। ਗੌਤਮ ਬੁੱਧ ਅਤੇ ਕਈ ਸੰਤਾਂ ਨੇ ਦਿਆ ਦਾ ਉਪਦੇਸ਼ ਦਿੱਤਾ ਪਰ ਗੁਰੂ ਗੋਬਿੰਦ ਸਿੰਘ ਦੇ ਸੇਵਕ ਭਾਈ ਕਨੱਈਆ ਪ੍ਰਮੁੱਖ ਰੂਪ ’ਚ ਸਾਹਮਣੇ ਆਏ, ਜੋ ਜ਼ਖ਼ਮੀਆਂ ਨੂੰ ਮਸ਼ਕ ਨਾਲ਼ ਪਾਣੀ ਪਿਆਉਂਦੇ ਸਨ। ਸ਼ਿਕਾਇਤ ਪੁੱਜੀ ਕਿ ਇਹ ਵੈਰੀਆਂ ਨੂੰ ਵੀ ਪਾਣੀ ਪਿਆਉਂਦੇ ਹਨ। ਜਵਾਬ ਮਿਲਿਆ ਕਿ ਸਾਰੇ ਹੀ ਇਨਸਾਨ ਹਨ। ਮੈਨੂੰ ਤਾਂ ਕੋਈ ਬੇਗਾਨਾ ਦਿਖਦਾ ਹੀ ਨਹੀਂ। ਗੁਰੂ ਜੀ ਨੇ ਕਿਹਾ ਕਿ ਭਾਈ ਕਨੱਈਆਂ ਫਿਰ ਲੈ। ਇਹ ਮੱਲ੍ਹਮ ਪੱਟੀ ਵੀ ਕਰਿਆ ਕਰ। ਇਹ ਸਤਾਰਵੀਂ ਸ਼ਤਾਬਦੀ ਦੀ ਗੱਲ ਹੈ ਅਤੇ ਉਹ ਪਰੰਪਰਾ ਬਿਨਾਂ ਕਿਸੇ ਭੇਦ-ਭਾਵ ਦੇ ਹੁਣ ਤੱਕ ਚੱਲਦੀ ਆ ਰਹੀ ਹੈ। 1972 ਵਿੱਚ ਜਦੋਂ ਪੰਜਾਬ ’ਚ ਹੜ੍ਹ ਆਏ, ਤਾਂ ਰੈੱਡ ਕਰਾਸ ਨੇ ਪੀੜਤ ਲੋਕਾਂ ਨੂੰ ਰੁਪਏ ਭੇਜੇ। ਹੁਣ ਇਸਦਾ ਮੁੱਖ ਦਫ਼ਤਰ ਰੈੱਡ ਕਰਾਸ ਰੋਡ ਨਵੀਂ ਦਿੱਲੀ ’ਤੇ ਹੈ। ਹਰੇਕ ਰਾਜਧਾਨੀ ਵਿੱਚ ਇਸਦੀ ਸ਼ਾਖਾ ਹੈ। ਬੱਸ ਕੰਡਕਟਰਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਨਕਲੀ ਅੰਗ ਦਿੱਤੇ ਜਾਂਦੇ ਹਨ। ਕੱਪੜੇ ਅਤੇ ਵਿਟਾਮਿਨ ਦੀਆਂ ਗੋਲ਼ੀਆਂ ਵੀ ਮਿਲਦੀਆਂ ਹਨ। ਖ਼ੂਨਦਾਨ ਕੀਤਾ ਜਾਂਦਾ ਹੈ। ਮਰੀਜ਼ਾਂ ਨੂੰ ਹਸਪਤਾਲ਼ਾਂ ਵਿੱਚ ਪਹੁੰਚਾਇਆ ਜਾਂਦਾ ਹੈ।
ਮਾਰਚ 1884 ’ਚ ਵਾਟਰਫੋਰਡ ਪੇਨਿਸਿਲਵੇਨਿਆ ’ਚ ਹੜ੍ਹ ਆਏ, ਤਾਂ 6 ਮੁੰਡੇ ਅਤੇ ਕੁੜੀਆਂ ਨੇ ਉਨ੍ਹਾਂ ਦੀ ਸਹਾਇਤਾ ਲਈ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤਾ ਅਤੇ ਇਕੱਠੇ ਕੀਤੇ ਪੈਸੇ ਕਲਾਰਾ ਬਾਰਟਨ ਨੂੰ ਭੇਜੇ ਕਿ ਇਸਦੀ ਯੋਗ ਵਰਤੋਂ ਕਰ ਲਓ। ਪੱਤਰ ’ਚ  ਹੇਠ ਦਸਤਖ਼ਤ ਸਨ : ਦਾ ਲਿਟਲ ਸਿਕਸ (ਛੇ ਛੋਟੇ) ਜੋ ਫਰਾਰ (12 ਸਾਲ), ਫਲੋਰੇਂਸ ਹੋ (11), ਮੇਰੀ ਬਾਰਟਨ (11),ਰੀਡ ਵਾਹਈਟ (11), ਬਰਟੀ ੲੈਂਸਵਰਥ (10),ਲਾਇਡ ਬਾਰਟਨ (7)। ਕਲਾਰਾ ਭਾਵਕ ਹੋ ਗਈ ਅਤੇ ਸੋਚਣ ਲੱਗੀ ਕਿ ਇਸਦਾ ਪ੍ਰਯੋਗ ਕਿੱਥੇ ਹੋਵੇ ? ਸ਼੍ਰੀਮਤੀ ਪਲੂ ਦਾ ਪਤੀ ਹੜ੍ਹ ’ਚ ਮਾਰਿਆ ਗਿਆ ਸੀ ਤੇ 6 ਬੱਚੇ ਪਿੱਛੇ ਛੱਡ ਗਿਆ ਸੀ। ਮਕਾਨ ਢਹਿ ਗਿਆ ਸੀ।ਕਲਾਰਾ ਨੇ ਕਿਹਾ ਕਿ ਉਹ ਭੇੇਜੇ 51 ਡਾਲਰਾਂ ਵਿੱਚ ਬਾਕੀ ਮਿਲਾ ਕੇ 100 ਡਾਲਰ ਕਰ ਦੇਵੇਗੀ।ਇਸ ਪੈਸੇ ਨਾਲ਼ ਨਵਾਂ ਘਰ ਬਣਾਇਆ ਗਿਆ ਅਤੇ ਉੱਤੇ ਤਖ਼ਤੀ ਲਗਾ ਦਿੱਤੀ ਗਈ, ‘ਦਾ ਲਿਟਲ ਸਿਕਸ l ਰੈਡ ਕਰਾਸ ਲੈਂਡਿੰਗ (ਤੱਟ)’। ਇਸੇ ਤਰ੍ਹਾਂ ‘ਜੂਨੀਅਰ ਰੈਡ ਕਰਾਸ’ ਦੀ ਸਥਾਪਨਾ 1922 ਵਿੱਚ ਹੋਈ। ਹੁਣ ਇਹ ਸੰਸਥਾ ਵੀ ਵਧੀਆ ਕੰਮ ਕਰ ਰਹੀ ਹੈ।
ਇੱਕ ਵਾਰ ਸਵਿਟਜ਼ਰਲੈਂਡ ਦੇ ਪਿੰਡ ਹੀਡੇਨ ’ਚ ਨੌਜਵਾਨ ਪੱਤਰਕਾਰ ਛੁੱਟੀਆਂ ਮਨਾ ਰਿਹਾ ਸੀ। ਉਸਨੇ ਇੱਕ ਸਫ਼ੈਦ ਵਾਲ਼ਾਂ ਵਾਲ਼ੇ ਬਜ਼ੁਰਗ ਨੂੰ ਦੇਖ ਕੇ ਉਸ ਬਾਰੇ ਪਤਾ ਕਰਨ ਲੱਗਾ, ਤਾਂ ਪਤਾ ਲੱਗਾ ਕਿ ਇਹ ਤਾਂ ਰੈਡ ਕਰਾਸ ਸੋਸਾਇਟੀ ਦਾ ਸੰਸਥਾਪਕ ‘ਜਾਨ ਹੈਨਰੀ ਦੂਨਾਂ’ ਹੈ। ਪੱਤਰਕਾਰ ਨੇ ਖ਼ਬਰ ਲਾਈ, ਤਾਂ ਲੋਕਾਂ ਨੂੰ ਪਤਾ ਲੱਗਾ ਕਿ ਜਿਸਨੂੰ ਅਸੀਂ ਕਈ ਸਾਲਾਂ ਤੋਂ ਮ੍ਰਿਤਕ ਸਮਝ ਰਹੇ ਸੀ, ਉਹ ਤਾਂ ਬੜਾ ਗ਼ਰੀਬੀ ਦਾ ਜੀਵਨ ਜੀ ਰਿਹਾ ਹੈ। ਤੀਹ ਸਾਲਾਂ ਤੱਕ ਦੂਨਾਂ ਅਗਿਆਤਵਾਸ ’ਚ ਰਿਹਾ। ਰੈਡ ਕਰਾਸ ਵੱਲ ਜ਼ਿਆਦਾ ਧਿਆਨ ਦੇਣ ਕਾਰਨ ਉਸਦਾ ਵਪਾਰ ਠੱਪ ਹੋ ਗਿਆ ਅਤੇ 1867 ਈਸਵੀ ਤੱਕ ਉਹ ਦੀਵਾਲੀਆ ਹੋ ਗਿਆ ਸੀ। ਉਸਨੇ ਸੋਸਾਇਟੀ ਤੋਂ ਤਿਆਗ ਪੱਤਰ ਦੇ ਦਿੱਤਾ। ਕੰਮ ਚੱਲਦਾ ਰਿਹਾ ਅਤੇ ਦੁਨੀਆਂ ਦੂਨਾਂ ਨੂੰ ਭੁੱਲ ਗਈ। ਖ਼ਬਰ ਤੋਂ ਬਾਅਦ ਉਸਦੇ ਸਾਹਮਣੇ ਪੈਸਿਆਂ ਦੇ ਢੇਰ ਲੱਗ ਗਏ ਪਰ ਉਸਨੇ ਕੁੱਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਸਾਦੇ ਜੀਵਨ ਦਾ ਆਦੀ ਹੋ ਚੁੱਕਿਆ ਸੀ ਪਰ ਉਹ ਸ਼ੋਹਰਤ ਤੋਂ ਨਾ ਬਚ ਸਕਿਆ। 1901 ਵਿੱਚ ਉਸਨੂੰ ਅਤੇ ਫਰਾਂਸੀਸੀ ਸੰਗਠਨ ਦੇ ਜਨਮ ਦਾਤਾ ਫ੍ਰੈਡ੍ਰਿਕ ਪਾਸੀ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ।ਦੂਨਾਂ ਨੇ ਸਨਮਾਨ ਦੀ ਰਕਮ ਦਾਨ ਕਰ ਦਿੱਤੀ ਅਤੇ ਅੰਤ ਤੱਕ ਹੀਡੇਨ ਪਿੰਡ ਵਿੱਚ ਹੀ ਸ਼ਾਂਤੀਪੂਰਨ ਰਹਿੰਦਾ ਰਿਹਾ। ਦੂਨਾਂ ਦੀ ਮ੍ਰਿਤੂ 1910 ਈ ਵਿੱਚ ਹੋਈ। ਹਰ ਸਾਲ 8 ਮਈ ਨੂੰ ਦੁਨੀਆਂ ਦੂਨਾਂ ਨੂੰ ਯਾਦ ਕਰਦੀ ਹੈ। ਉਸਦੇ ਜਨਮ ਦਿਵਸ ਮੌਕੇ ‘ਵਿਸ਼ਵ ਰੈਡ ਕਰਾਸ ਦਿਵਸ’ ਮਨਾਇਆ ਜਾਂਦਾ ਹੈ। ਰੈਡ ਕਰਾਸ ਦਾ ਝੰਡਾ ਹਵਾ ’ਚ ਝੂਲਦਾ ਕਹਿੰਦਾ ਹੈ : ਸਾਰੇ ਮਨੁੱਖ ਭਾਈ ਭਾਈ ਹਨ। 
 ਰਾਬਿੰਦਰ ਸਿੰਘ ਰੱਬੀ 
 20, ਮਾਤਾ ਗੁਜਰੀ ਇਨਕਲੇਵ ਮੋਰਿੰਡਾ – 8968946129

Leave a Reply

Your email address will not be published. Required fields are marked *